
ਪਤਨ ਵਲ ਵੱਧ ਰਹੇ ਸ਼੍ਰੋਮਣੀ ਅਕਾਲੀ ਦਲ ਤੋਂ ਖਫ਼ਾ ਹੋਏ ਅਤੇ ਪਾਸਾ ਵੱਟੀ ਚੁੱਪ ਬੈਠੇ ਸੀਨੀਅਰ ਅਕਾਲੀ ਲੀਡਰ ਵੀ ਬਗਾਵਤ ਵਲ ਵਧਣੇ ਸ਼ੁਰੂ ਹੋ ਗਏ ਹਨ।
ਸ੍ਰੀ ਮੁਕਤਸਰ ਸਾਹਿਬ (ਗੁਰਦੇਵ ਸਿੰਘ, ਰਣਜੀਤ ਸਿੰਘ) : ਸ਼੍ਰੋਮਣੀ ਕਮੇਟੀ ਵਲੋਂ ਅਕਾਲੀ ਦਲ ਰਾਹੀਂ ਲਏ ਆਤਮਘਾਤੀ ਫ਼ੈਸਲਿਆਂ ਨੇ ਅਕਾਲ ਤਖ਼ਤ ਦੀ ਮਰਿਯਾਦ, ਸ਼੍ਰੋਮਣੀ ਕਮੇਟੀ ਹੋਂਦ ਅਤੇ ਅਕਾਲੀ ਦਲ ਦੇ ਸ਼ਾਨਾ ਮੱਤੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ। ਅਕਾਲੀ ਦਲ ਵਲੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਖ਼ੁਦ ਨੂੰ ਠੀਕ ਬੈਠਦੇ (ਸੇਵਾ ਵਾਲੇ) ਹੁਕਮਾਂ ਤੋਂ ਬਿਨਾਂ ਬਾਕੀ ਹੁਕਮਾਂ ਨੂੰ ਆਨੇ ਬਹਾਨੇ (ਸਿਆਸੀ ਮਾਨਤਾ) ਦੀ ਗੱਲ ਕਰਦੇ ਟਲਦੇ ਹੀ ਨਜ਼ਰ ਆਏ ਪਰ ਦੂਜੇ ਪਾਸੇ ਸੁਧਾਰ ਵਾਦੀਆਂ ਵਲੋਂ ਅਪਣਾ ਚੁੱਲ੍ਹਾ ਸਮੇਟਣ ਤੋਂ ਭਰਤੀ ਵਾਲੀ ਕਮੇਟੀ ਨੂੰ, ਜਥੇਦਾਰ ਵਲੋਂ ਪੂਰੀ ਮਾਨਤਾ ਮਿਲਣ ਤਕ ਸਮਰਪਤ ਭਾਵਨਾ ਨਾਲ ਸਿੰਘ ਸਾਹਿਬਾਨਾਂ ਦੇ ਅਗਲੇ ਆਦੇਸ਼ਾਂ ਨੂੰ ਉਡੀਕਦੇ, ਸ਼੍ਰੋਮਣੀ ਕਮੇਟੀ ਅਗਜ਼ੈਕਟਿਵ ਵਲੋਂ ਅਖੀਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਕੇ ਅਹੁਦਾ ਮੁਕਤ ਕਰਨ ਨੂੰ ਨਾ ਕਬੂਲਦੇ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਬਡੂਗਰ ਦੇ ਅਸਤੀਫ਼ੇ ਹੋਣ ਉਪਰੰਤ ਬਾਕੀ ਬਚੀ ਪੰਜ ਮੈਂਬਰੀ ਕਮੇਟੀ ਵਲੋਂ 1920 ਵਾਲੇ ਅਕਾਲੀ ਦਲ ਦੀ ਭਰਤੀ ਦੀ ਤਰੀਕ ਅਤੇ ਮੈਂਬਰਸ਼ਿਪ ਕਾਪੀਆਂ ਛਾਪਣ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸਬਰ ਦੀ ਬਜਾਏ (ਕਿਉਕਿ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਆਦਾ ਸੀ) ਬੁਖਲਾਟ ਵਿਚ ਲਏ ਜਥੇਦਾਰਾਂ ਗਿਆਨੀ ਰਘਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਸੇਵਮੁਕਤ ਕਰਨ ਦੇ ਫ਼ੈਸਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਲੰਕਿਤ ਕਰਨ ਦਾ ਕੰਮ ਕੀਤਾ ਹੈ।
ਜਿਸ ਕਰ ਕੇ ਪਹਿਲਾਂ ਤੋਂ ਪਤਨ ਵਲ ਵੱਧ ਰਹੇ ਸ਼੍ਰੋਮਣੀ ਅਕਾਲੀ ਦਲ ਤੋਂ ਖਫ਼ਾ ਹੋਏ ਅਤੇ ਪਾਸਾ ਵੱਟੀ ਚੁੱਪ ਬੈਠੇ ਸੀਨੀਅਰ ਅਕਾਲੀ ਲੀਡਰ ਵੀ ਬਗਾਵਤ ਵਲ ਵਧਣੇ ਸ਼ੁਰੂ ਹੋ ਗਏ ਹਨ। ਜਦੋਕਿ 1996 ਤੋਂ ਪੰਥਕ ਸਿਧਾਂਤਾਂ ਨੂੰ ਵਿਸਾਰਦਿਆਂ ਅਤੇ ਦੋ ਬੇੜੀਆਂ ’ਤੇ ਸਵਾਰ ਅਕਾਲੀ ਲੀਡਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵੀ ਬਣਾਉਣਾ, ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਪੰਥਕ ਹੋਣ ਦਾ ਮਖੌਟਾ ਪਹਿਨਣਾ ਤੇ ਸੱਤਾ ਦੇ ਹੁੰਦਿਆਂ ਸਿੱਖਾਂ ਦੇ ਕਾਤਲ ਅਫ਼ਸਰਾਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਤਰੱਕੀਆਂ ਦੇਣਾ, ਸੌਦਾ ਸਾਧ ਦੇ ਸਵਾਂਗ ਰਚਨ ਵਿਚ ਮਦਦਗਾਰ ਹੋਣਾ, ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੇ ਚੁੱਪ ਬੈਠਣਾ ਆਦਿ ਬਾਰੇ ਸਥਿਤੀ ਸਪਸ਼ਟ ਹੋਣ ਵਿਚ ਭਾਵੇਂ ਸਿੱਖ ਪੰਥ ਨੂੰ ਸਮਾਂ ਲਗਿਆ ਪਰ ਸਿੱਖ ਪੰਥ ਦੁਸ਼ਮਣ ਨੂੰ ਸਬਕ ਸਿਖਾ ਕੇ ਦਮ ਲੈਂਦਾ ਹੈ ਤੇ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ 35-40% ਵੋਟ ਤੋਂ 10-15% ਵੋਟ ਅਤੇ ਵਿਧਾਨ ਸਭਾ ਵਿਚ ਤਿੰਨ ਅਤੇ ਲੋਕ ਸਭਾ ਵਿਚ ਇਕ ਸੀਟ ’ਤੇ ਪਹੁੰਚਾ ਦਿਤਾ। ਇਹ ਅਕਾਲੀ ਦਲ ਲਈ ਹੀ ਨਹੀਂ ਸਮੁਚੇ ਪੰਜਾਬ ਅਤੇ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ।