
ਕਿਹਾ, ਸ਼੍ਰੋਮਣੀ ਕਮੇਟੀ ਦਾ ਦੋਗਲਾ ਕਿਰਦਾਰ ਅਫ਼ਸੋਸਨਾਕ
ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਿੱਖ ਦਾ ਨਿਸ਼ਾਨਾ ਹੀ ਨੀਵੇਂ ਲਤਾੜੇ ਦੱਬੇ ਕੁਚਲੇ ਲੋਕਾਂ ਨੂੰ ਸਤਿਕਾਰ ਨਾਲ ਜੀਣ ਦੇ ਮੌਕੇ ਪੈਦਾ ਕਰਨਾ ਹੈ, ਅਜਿਹੇ ਨਿਸ਼ਾਨੇ ਲਈ ਸ਼੍ਰੋਮਣੀ ਕਮੇਟੀ ਨੂੰ ਬਣਾਇਆ ਸੀ ਪਰ 'ਇਕ ਪਿੰਡ ਇਕ ਗੁਰਦਵਾਰਾ' ਮੁਹਿੰਮ ਦਾ ਹੋਕਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਦਾ ਦੋਗਲਾ ਕਿਰਦਾਰ ਹੈਰਾਨ ਕਰ ਦੇਣ ਵਾਲਾ ਹੈ। ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਧਿਰ ਖ਼ੁਦ ਉੱਚੀ ਤੇ ਨੀਵੀਂ ਜਾਤੀਆਂ ਦਾ ਖ਼ਾਸ ਖਿਆਲ ਰੱਖ ਕੇ ਆਸਾਮੀਆਂ ਦੀ ਪੂਰਤੀ ਕਰਦੀ ਹੈ। ਇੰਜ. ਗਿਆਸਪੁਰਾ ਅਨੁਸਾਰ ਉਸ ਵਲੋਂ 1 ਮਾਰਚ 2018 ਤੋਂ 15 ਮਾਰਚ 2018 ਤਕ ਸ਼੍ਰੋਮਣੀ ਕਮੇਟੀ ਅਧੀਨ ਚਲਦੇ ਪੂਰੇ ਪੰਜਾਬ ਦੇ ਗੁਰੂ ਘਰਾਂ ਵਿਚ ਕੰਮ ਕਰਦੇ ਮੈਨੇਜਰਾਂ ਦੀ ਸੂਚੀ ਉਨ੍ਹਾਂ ਦੀ ਜਾਤ ਦੇ ਆਧਾਰ 'ਤੇ ਤਿਆਰ ਕੀਤੀ। ਬੇਸ਼ੱਕ ਜਾਤ ਪਾਤ ਦੀ ਗੁਰਮਤਿ ਵਿਚ ਮਨਾਹੀ ਹੈ ਪਰ ਜੇ ਧਿਆਨ ਨਾਲ ਇਕ ਉਚ ਜਾਤੀ ਦੇ ਬੰਦਿਆਂ ਨੂੰ ਹੀ ਉਚੇ ਅਹੁਦਿਆਂ 'ਤੇ ਬਿਠਾਇਆ ਹੋਵੇ ਅਤੇ ਨਾਲ ਹੀ ਕਹੀ ਜਾਣਾ ਕਿ ਅਸੀਂ ਤਾਂ ਜਾਤ ਨੂੰ ਮੰਨਦੇ ਹੀ ਨਹੀਂ, ਇਹ ਸਿਰੇ ਦੀ ਕਮੀਨਗੀ ਨਹੀਂ ਤਾਂ ਹੋਰ ਕੀ ਹੈ। ਇਸ ਛਾਣਬੀਣ ਦੌਰਾਨ ਸ਼੍ਰੋਮਣੀ ਕਮੇਟੀ ਅਧੀਨ ਚਲਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ 55 ਗੁਰੂ ਘਰਾਂ ਦੀ ਸੂਚੀ ਬਣਾਈ ਗਈ ਅਤੇ ਉਨ੍ਹਾਂ ਦੇ ਮੈਨੇਜਰਾਂ ਨੂੰ ਜਾਤੀ ਆਧਾਰ 'ਤੇ ਨੋਟ ਕੀਤਾ। ਅੰਕੜਿਆਂ ਅਨੁਸਾਰ 55 ਮੈਨੇਜਰਾਂ ਵਿਚੋਂ 53 ਮੈਨੇਜਰ ਜੱਟ ਜਾਂ ਹੋਰ ਉਚ ਜਾਤੀ ਦੇ ਹਨ ਜਿਨ੍ਹਾਂ ਦੀ ਰੇਸ਼ੋ 96.37% ਬਣਦੀ ਹੈ। 53 ਉਚ ਜਾਤੀ ਦੇ ਮੈਨੇਜਰਾਂ ਵਿਚੋਂ 47 ਸਿਰਫ਼ ਜੱਟ ਸਿੱਖ ਹਨ ਜੋ ਅਫ਼ਸੋਸਨਾਕ ਵਰਤਾਰਾ ਹੈ।
Giaspura
ਅਖੌਤੀ ਸ਼ੂਦਰ ਜਾਤ ਨਾਲ ਸਬੰਧਤ ਸਿਰਫ਼ 2 ਹੀ ਮਿਲੇ ਜੋ ਕੁਲ 3.63% ਹਨ। ਇਨ੍ਹਾਂ ਅੰਕੜਿਆਂ ਵਿਚ ਇਕ ਗੱਲ ਹੋਰ ਸਾਹਮਣੇ ਆਈ ਕਿ 15 ਦੇ ਕਰੀਬ ਮੈਨੇਜਰ ਅਪਣੀ ਉਚ ਜਾਤੀ ਦਾ ਰੋਅਬ ਪਾਉਣ ਲਈ ਅਪਣੇ ਜਾਤ-ਗੋਤ ਬੜੀ ਸ਼ਾਨੋ ਸ਼ੌਕਤ ਨਾਲ ਲਾਉਂਦੇ ਹਨ। ਜੇ ਇਹ ਰੇਸ਼ੋ ਪੂਰੀ ਸ਼੍ਰੋਮਣੀ ਕਮੇਟੀ ਦੇ ਸਟਾਫ਼ ਵਿਚ ਹੈ ਤਾਂ ਸਚੁਮੱਚ ਵਿਚ ਹੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਮੂਲ ਭਾਵਨਾ ਦਾ ਹੀ ਕਤਲ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਕ ਪਿੰਡ ਇਕ ਗੁਰਦੁਆਰਾ ਦੀ ਮੁਹਿੰਮ ਚਲਾ ਰਹੇ ਅਖੌਤੀ ਉਚ ਜਾਤੀ ਦੇ ਅਭਿਮਾਨੀ ਪ੍ਰਧਾਨਾਂ ਦੀ ਨੀਅਤ ਵਿਚ ਖੋਟ ਹੈ। ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਦਸਿਆ ਕਿ ਜੇ ਪਿਛੇ ਝਾਤ ਮਾਰੀਏ ਤਾਂ ਉਸ ਅਨੁਸਾਰ 10 ਤੋਂ 12 ਅਕਤੂਬਰ 1920 ਨੂੰ 'ਖ਼ਾਲਸਾ ਬਰਾਦਰੀ' ਜੋ ਅਖੌਤੀ ਪਛੜੀਆਂ ਸ਼੍ਰੇਣੀਆਂ ਦਾ ਇਕੱਠ ਸੀ, ਨੇ ਜਲਿਆਂਵਾਲਾ ਬਾਗ ਵਿਚ ਇਕ ਦੀਵਾਨ ਸਜਾਇਆ, ਇਨ੍ਹਾਂ ਨੂੰ ਲੰਗਰ ਵਾਸਤੇ ਭਾਂਡੇ ਵੀ ਨਾ ਮਿਲੇ। ਦੂਜੇ ਦਿਨ ਸੁੰਦਰ ਸਿੰਘ ਮਜੀਠਾ, ਜਥੇਦਾਰ ਕਰਤਾਰ ਸਿੰਘ ਝੱਬਰ, ਜਥੇਦਾਰ ਤੇਜਾ ਸਿੰਘ ਭੁੱਚਰ, ਮੰਗਲ ਸਿੰਘ ਮਾਨ, ਬਹਾਦਰ ਸਿੰਘ ਹਕੀਮ ਵਗੈਰਾ ਕਈ ਸਿੱਖ ਆਗੂ ਦੀਵਾਨ ਵਿਚ ਸ਼ਾਮਲ ਹੋਏ। ਉਨੀਂ ਦਿਨੀ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ ਪਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦਿ ਕਬੂਲ ਨਹੀਂ ਸੀ ਕਰਦੇ। 11 ਅਕਤੂਬਰ ਰਾਤ ਵੇਲੇ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਪਛੜੀਆਂ ਜਾਤਾਂ ਦੇ ਸਿੱਖ ਪ੍ਰਸ਼ਾਦਿ ਲੈ ਕੇ ਦਰਬਾਰ ਸਾਹਿਬ ਜਾਣਗੇ। ਉਨ੍ਹਾਂ ਨਾਲ ਜਾਣ ਲਈ ਕਈ ਸਿੱਖ ਆਗੂ ਵੀ ਤਿਆਰ ਹੋ ਗਏ। ਅਗਲੇ ਦਿਨ ਖ਼ਾਲਸਾ ਬਰਾਦਰੀ ਦੇ ਕਈ ਸਿੰਘਾਂ ਨੇ ਅੰਮ੍ਰਿਤ ਛਕਿਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੇ ਸਿੰਘ ਇਕੱਠੇ ਹੋ ਕੇ ਦਰਬਾਰ ਸਾਹਿਬ ਗਏ। ਜਿਹਾ ਕਿ ਉਮੀਦ ਸੀ ਪੁਜਾਰੀਆਂ ਨੇ ਪ੍ਰਸ਼ਾਦਿ ਕਬੂਲ ਨਾ ਕੀਤਾ। ਪ੍ਰੋ. ਹਰਕ੍ਰਿਸਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਤਿੰਨ ਵਾਰ ਪੁਜਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਪ੍ਰਸ਼ਾਦਿ ਕਬੂਲ ਕਰ ਲੈਣ। ਏਨੇ ਨੂੰ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਤੇਜਾ ਸਿੰਘ ਭੁੱਚਰ ਵੀ ਪੁੱਜ ਗਏ। ਸੰਗਤ ਦੇ ਰੋਹ ਤੋਂ ਬਾਅਦ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਅਤੇ ਪ੍ਰਸ਼ਾਦਿ ਵਰਤਾਇਆ ਗਿਆ। ਸੰਗਤ ਦੀ ਆਮਦ ਵੇਖ ਕੇ ਪੁਜਾਰੀ ਤਖ਼ਤ ਸਾਹਿਬ ਨੂੰ ਛੱਡ ਕੇ ਭੱਜ ਗਏ। ਉਨ੍ਹਾਂ ਦੇ ਜਾਣ ਮਗਰੋਂ ਸਿੰਘਾਂ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਅਤੇ 17 ਮੈਂਬਰੀ ਕਮੇਟੀ ਬਣੀ।