
ਪੁਛਿਆ, ਆਖ਼ਰ ਬੇਅਦਬੀ ਕਾਂਡ ਦੀ ਨਿਰਪੱਖ ਜਾਂਚ 'ਚ ਵਾਰ-ਵਾਰ ਅੜਿੱਕਾ ਕਿਉਂ?
ਕੋਟਕਪੂਰਾ : ਸਿੱਖ ਵੋਟਾਂ ਨੂੰ 'ਘੜੇ ਦੀ ਮੱਛੀ' ਜਾਣਦਿਆਂ ਹੋਰ ਵੋਟਾਂ ਦੇ ਲਾਲਚ 'ਚ ਸੌਦਾ ਸਾਧ ਵਿਰੁਧ ਚਲਦੇ ਕੇਸ ਵਾਪਸ ਲਏ, ਉਸ ਦੇ ਪੈਰੋਕਾਰਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ, ਬੇਅਦਬੀ ਵਿਰੁਧ ਰੋਸ ਪ੍ਰਗਟਾਉਂਦਿਆਂ ਸਿੱਖਾਂ 'ਤੇ ਗੋਲੀ ਚਲਵਾ ਕੇ 2 ਸਿੰਘ ਸ਼ਹੀਦ ਕਰਨੇ, ਸੌਦਾ ਸਾਧ ਨੂੰ ਮਾਫ਼ੀ ਦਿਵਾਉਣੀ, ਮਾਫ਼ੀ ਨੂੰ ਸਹੀ ਠਹਿਰਾਉਣ ਲਈ ਹੁਕਮਨਾਮੇ ਜਾਰੀ ਕਰਵਾਉਣੇ, ਬਾਦਲ ਦਲ ਦੇ ਪੈਰ, ਸਿੱਖ ਸਿਆਸਤ ਦੇ ਪਿੜ ਵਿਚੋਂ ਤਾਂ ਪਹਿਲਾਂ ਹੀ ਉੱਖੜ ਚੁਕੇ ਹਨ ਪਰ ਹੁਣ ਈਮਾਨਦਾਰ ਅਫ਼ਸਰ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅਹੁਦੇ ਤੋਂ ਲੁਹਾ ਕੇ ਬਾਦਲ ਦਲ ਨੇ ਅਪਣੇ ਉਖੜੇ ਪੈਰਾਂ 'ਤੇ ਇਕ ਹੋਰ ਕੁਹਾੜੀ ਮਾਰ ਲਈ ਹੈ।
Kunwar Vijay Pratap
'ਰੋਜ਼ਾਨਾ ਸਪੋਕਸਮੈਨ' ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਪ੍ਰਵਾਸੀ ਭਾਰਤੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਕਿਹਾ ਕਿ 'ਸਿੱਟ' ਦੀ ਟੀਮ ਵਲੋਂ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਉਪਰੰਤ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਨਿਰਣਾਇਕ ਸਟੇਜ 'ਤੇ ਪਹੁੰਚ ਚੁਕੀ ਸੀ ਜਿਸ ਨੂੰ ਸਾਰਾ ਸਿੱਖ ਜਗਤ ਵੱਡੀ ਤਸੱਲੀ ਨਾਲ ਦੇਖ ਰਿਹਾ ਸੀ ਪਰ 'ਚੋਰ ਦੀ ਦਾਹੜੀ 'ਚ ਤਿਣਕੇ' ਵਾਲੇ ਅਖਾਣ ਨੂੰ ਸੱਚ ਸਿੱਧ ਕਰਦਿਆਂ ਬਾਦਲ ਦਲ ਵਲੋਂ ਅਪਣੇ ਕੇਂਦਰੀ ਮਾਲਕਾਂ ਕੋਲੋਂ 'ਸਿੱਟ' ਦੀ ਜਾਂਚ ਠੱਪ ਕਰਵਾ ਦਿਤੀ ਗਈ ਹੈ।
Tarlochan Singh Dupalpur
ਕੁੰਵਰਵਿਜੈ ਪ੍ਰਤਾਪ ਸਿੰਘ ਵਾਲੇ ਮਾਮਲੇ ਨੇ ਲੋਕਾਂ ਦਾ ਰੋਹ ਹੋਰ ਵੀ ਪ੍ਰਚੰਡ ਕਰ ਦਿਤਾ ਹੈ। ਉਨ੍ਹਾਂ ਪੁਛਿਆ ਕਿ ਲੋਕ ਸਭਾ ਚੋਣਾਂ ਦੇ ਨਿਬੇੜੇ ਉਪਰੰਤ ਜੇ ਮਈ ਦੇ ਅੰਤ 'ਚ ਕੈਪਟਨ ਸਰਕਾਰ ਨੇ ਜੁਰਅੱਤ ਦਿਖਾਉਂਦਿਆਂ ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਮੁੜ 'ਸਿੱਟ' 'ਚ ਭੇਜ ਦਿਤਾ ਤਾਂ ਉਸ ਹਾਲਤ 'ਚ ਬਾਦਲਕੇ ਕਿਹਦੀ ਮਾਂ ਨੂੰ ਮਾਸੀ ਕਹਿਣਗੇ? ਭਾਈ ਦੁਪਾਲਪੁਰ ਨੇ ਦਾਅਵਾ ਕੀਤਾ ਕਿ ਸਿੱਖਾਂ ਦੇ ਨਾਲ-ਨਾਲ ਹੋਰ ਲੋਕ ਵੀ ਚੋਣ ਕਮਿਸ਼ਨ ਦੇ ਉਕਤ ਫ਼ੈਸਲੇ 'ਤੇ ਨਾਖ਼ੁਸ਼ ਹਨ ਅਤੇ ਉਹ ਬਾਦਲ ਦਲ ਦੇ ਆਗੂਆਂ ਤੋਂ ਪੁਛਦੇ ਹਨ ਕਿ ਉਹ ਬੇਅਦਬੀ ਕਾਂਡ ਤੋਂ ਏਨਾਂ ਤ੍ਰਹਿੰਦੇ ਕਿਉਂ ਹਨ? ਆਖ਼ਰ ਕਿਉਂ ਨਹੀਂ ਉਹ ਪੜਤਾਲ ਸਿਰੇ ਚਾੜਨ ਦੇ ਰਹੇ?