
ਖ਼ਾਲਸਾ ਸਾਜਣਾ ਦਿਵਸ ਨੂੰ 'ਸਿੱਖ ਨੈਸ਼ਨਲ ਡੇਅ' ਵਜੋਂ ਸਥਾਪਤ ਕਰਨ ਲਈ ਇਕ ਹੋਰ ਮੀਲ ਪੱਥਰ
ਕੋਟਕਪੂਰਾ : ਅੱਜ ਤੋਂ ਚਾਰ ਸਾਲ ਪਹਿਲਾਂ ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਦੇ ਦਿਹਾੜੇ ਨੂੰ ਅਮਰੀਕਾ ਵਿਚ 'ਸਿੱਖ ਨੈਸ਼ਨਲ ਡੇਅ' ਵਜੋਂ ਸਥਾਪਤ ਕਰਨ ਅਤੇ ਕੌਮ ਵਿਚ ਪਨਪਦੀ ਅਜ਼ਾਦੀ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੇ ਮਕਸਦ ਨਾਲ 'ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ' ਵਲੋਂ ਅਮਰੀਕਾ ਦੀ ਰਾਜਧਾਨੀ ਵਿਖੇ ਸ਼ੁਰੂ ਕੀਤਾ ਗਿਆ 'ਸਿੱਖ ਫ਼ਰੀਡਮ ਮਾਰਚ' ਇਕ ਪ੍ਰਭਾਵਸ਼ਾਲੀ ਇਕੱਠ ਦਾ ਰੂਪ ਧਾਰਨ ਕਰ ਚੁਕਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੱਢੀ ਗਈ ਚੌਥੀ ਪਰੇਡ 'ਚ ਵਰਜ਼ੀਨੀਆ, ਮੈਰੀਲੈਂਡ, ਨਿਊਜਰਸੀ, ਫ਼ਿਲਾਡਲਫ਼ੀਆ, ਪੈਨਸਿਲਵੇਨੀਆ, ਨਿਊਯਾਰਕ, ਇੰਡੀਆਨਾ, ਮਿਸ਼ਿਗਨ ਸਮੇਤ ਹੋਰ ਕਈ ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
Sikh Freedom March held at US
ਲਿੰਕਨ ਮੈਮੋਰੀਅਲ ਤੋਂ ਫ਼ਰੀਡਮ ਮਾਰਚ ਦੀ ਸ਼ੁਰੂਆਤ ਹੋਈ ਅਤੇ ਵਾਈਟ ਹਾਉਸ ਦੇ ਮੂਹਰਿਉਂ ਹੁੰਦਾ ਹੋਇਆ ਮਾਰਚ ਕੈਪੀਟਲ ਹਿੱਲ ਦੇ ਸਾਹਮਣੇ ਜਾ ਕੇ ਸਮਾਪਤ ਹੋਇਆ, ਜਿਥੇ ਪ੍ਰਬੰਧਕਾਂ ਵਲੋਂ ਸਟੇਜ ਦਾ ਪ੍ਰਬੰਧ ਕੀਤਾ ਗਿਆ ਸੀ। ਮਾਰਚ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਮੰਚ ਤੋਂ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਅਮਰੀਕੀ ਸਿੱਖਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਪੰਜਾਬ ਵਿਚ ਹੋ ਰਹੇ ਸਿੱਖਾਂ ਦੇ ਘਾਣ ਨੂੰ ਰੋਕਣ ਲਈ ਇਥੋਂ ਦੀਆਂ ਸਰਕਾਰਾਂ ਨਾਲ ਲਾਮਬੰਦੀ ਕਰੀਏ ਅਤੇ ਭਾਰਤ ਦੀ ਸਰਕਾਰ 'ਤੇ ਦਬਾਅ ਪਾਈਏ, ਅਜਿਹਾ ਕਰਨ ਲਈ ਇਹ ਸਿੱਖ ਫ਼ਰੀਡਮ ਮਾਰਚ ਸਹਾਈ ਹੋਵੇਗਾ। ਸਟੇਜ ਦਾ ਸੰਚਾਲਨ ਈਸਟ ਕੋਸਟ ਕਮੇਟੀ ਦੇ ਆਗੂ ਹਿੰਮਤ ਸਿੰਘ ਅਤੇ ਪਵਨ ਸਿੰਘ ਵਲੋਂ ਕੀਤਾ ਗਿਆ।
Sikh Freedom March held at US
ਅਪਣੇ ਸੰਬੋਧਨ ਦੌਰਾਨ ਸਿੱਖਜ਼ ਫ਼ਾਰ ਜਸਟਿਸ ਦੇ ਜਗਦੀਪ ਸਿੰਘ ਨੇ ਕਿਹਾ ਕਿ ਸਾਨੂੰ ਸਾਡੇ ਅਜ਼ਾਦਾਨਾ ਰਾਜ ਵਲ ਪੇਸ਼ਕਦਮੀ ਕਰਨੀ ਚਾਹੀਦੀ ਹੈ, ਜਿਨ੍ਹਾਂ ਦਾ ਰਾਜ ਭਾਰਤ ਵਿਚ ਹੈ, ਉਨ੍ਹਾਂ ਦਾ ਗੋਹਾ ਅਤੇ ਮੂਤਰ ਵੀ ਬਾਹਰਲੇ ਮੁਲਕਾਂ ਵਿਚ ਲਿਆ ਕੇ ਵੇਚਿਆ ਜਾ ਰਿਹਾ ਹੈ ਅਤੇ ਉਸੇ ਧਰਤੀ 'ਤੇ ਸਾਡਾ ਬੇਸ਼-ਕੀਮਤੀ ਇਤਿਹਾਸ ਸੋਚੀ ਸਮਝੀ ਸਾਜ਼ਸ਼ ਤਹਿਤ ਤਬਾਹ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਅਜੋਕੇ ਕੌਮੀ ਸੰਘਰਸ਼ ਬਾਰੇ ਸੁਚੱਜੇ ਗੀਤ ਲਿਖਣ ਅਤੇ ਗਾਉਣ ਵਾਲੇ ਗਾਇਕ ਰਾਜ ਕਾਕੜਾ ਨੂੰ ਪ੍ਰਬੰਧਕਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਨਮਾਨਤ ਕੀਤਾ ਗਿਆ। ਢਾਡੀ ਜਥਾ ਮੋਹਨ ਸਿੰਘ ਬਡਾਣਾ ਅਤੇ ਪ੍ਰਿਤਪਾਲ ਸਿੰਘ ਬੈਂਸ ਵਲੋਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ।
ਅੰਤ 'ਚ ਹਰਜਿੰਦਰ ਸਿੰਘ ਪਾਈਨਹਿੱਲ ਵਲੋਂ ਪਿਛਲੇ ਸਮੇਂ ਵਿਚ ਈਸਟ ਕੋਸਟ ਕਮੇਟੀ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਸੰਗਤਾਂ ਸਾਹਮਣੇ ਰੱਖੀਆਂ ਗਈਆਂ। ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਉਪਰੋਕਤ ਤੋਂ ਇਲਾਵਾ ਸਿੱਖ ਕਲਚਰਲ ਸੁਸਾਇਟੀ ਤੋਂ ਕੁਲਦੀਪ ਸਿੰਘ ਢਿੱਲੋਂ (ਮੁੱਖ ਸੇਵਾਦਾਰ), ਗੁਰਦੇਵ ਸਿੰਘ ਕੰਗ, ਬਾਲਟੀਮੋਰ ਸਿੱਖ ਸੋਸਾਇਟੀ ਤੋਂ ਕੇਵਲ ਸਿੰਘ, ਇੰਡੀਆਨਾ ਤੋਂ ਸੰਤੋਖ ਸਿੰਘ, ਮੈਰੀਲੈਂਡ ਤੋਂ ਬਖਸੀਸ਼ ਸਿੰਘ, ਵਰਜ਼ੀਨੀਆ ਤੋਂ ਨੌਜਵਾਨ ਆਗੂ ਪਵਨ ਸਿੰਘ, ਪੈਨਸਿਲਵੇਨੀਆ ਤੋਂ ਹਰਚਰਨ ਸਿੰਘ, ਮਿਸ਼ੀਗਨ ਤੋਂ ਗੁਰਦੇਵ ਸਿੰਘ, ਸਿੱਖ ਯੂਥ ਆਫ਼ ਅਮਰੀਕਾ ਤੋਂ ਬਲਾਕਾ ਸਿੰਘ, ਦੋਆਬਾ ਸਿੱਖ ਐਸੋਸੀਏਸ਼ਨ (ਨਿਊਯਾਰਕ) ਤੋਂ ਬਲਜਿੰਦਰ ਸਿੰਘ, ਗੁਰੂ ਨਾਨਕ ਸਿੱਖ ਸੋਸਾਇਟੀ ਫ਼ਿਲਾਡਲਫ਼ੀਆ ਤੋਂ ਅਮਰਜੀਤ ਸਿੰਘ ਆਦਿ ਦੇ ਨਾਮ ਸ਼ਾਮਲ ਹਨ।