
ਧਰਮੀ ਫ਼ੌਜੀਆਂ ਨੂੰ ਜਲੀਲ ਤੇ ਦੁਸ਼ਮਣ ਫ਼ੌਜੀਆਂ ਦਾ ਹੋਇਆ ਸਨਮਾਨ : ਖ਼ਾਲਸਾ
ਕੋਟਕਪੂਰਾ : ਨੇੜਲੇ ਪਿੰਡ ਕੋਟਸੁਖੀਆ ਵਿਖੇ ਧਰਮੀ ਫ਼ੌਜੀ ਸ਼ਹੀਦ ਭਾਈ ਬੇਅੰਤ ਸਿੰਘ ਦੀ 35ਵੀਂ ਬਰਸੀ ਮੌਕੇ ਕਥਾ-ਵਿਚਾਰਾਂ ਦੀ ਸਾਂਝ ਪਾਉਂਦਿਆਂ ਉੱਘੇ ਸਿੱਖ ਚਿੰਤਕ ਭਾਈ ਅਵਤਾਰ ਸਿੰਘ ਸਾਧਾਂਵਾਲਾ ਨੇ ਦਾਅਵਾ ਕੀਤਾ ਕਿ ਫ਼ਖ਼ਰ-ਏ-ਕੌਮ ਦੇ ਖ਼ਿਤਾਬ ਦੇ ਹੱਕਦਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਧਰਮੀ ਫ਼ੌਜੀ ਸਨ, ਕਿਉਂਕਿ ਉਨ੍ਹਾਂ ਜਾਗਦੀ ਜ਼ਮੀਰ ਕਰ ਕੇ ਅਪਣੇ ਜਾਨਾਂ ਤੋਂ ਪਿਆਰੇ ਗੁਰਦਵਾਰਿਆਂ ਦੀ ਬੇਅਦਬੀ ਨਾ ਸਹਾਰਦਿਆਂ ਐਨੀ ਵੱਡੀ ਕੁਰਬਾਨੀ ਕੀਤੀ।
Beant Singh
ਗਿਆਨੀ ਬਲਦੇਵ ਸਿੰਘ ਗੁਰਦਾਸਪੁਰ, ਗੁਰਿੰਦਰ ਸਿੰਘ ਕੋਟਕਪੂਰਾ, ਬਲਵਿੰਦਰ ਸਿੰਘ ਰੋਡੇ, ਗੁਰਦੀਪ ਸਿੰਘ ਢੁੱਡੀ ਅਤੇ ਫ਼ੈਡਰੇਸ਼ਨ ਆਗੂ ਦਲੇਰ ਸਿੰਘ ਡੋਡ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਕਾਰਵਾਈ ਲਈ ਇੰਦਰਾ ਗਾਂਧੀ ਅਤੇ ਐਲ.ਕੇ. ਅਡਵਾਨੀ ਦੀ ਤਰ੍ਹਾਂ ਬਾਦਲ ਪਰਵਾਰ ਵੀ ਬਰਾਬਰ ਦਾ ਦੋਸ਼ੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਨ੍ਹਾਂ ਫ਼ੌਜੀ ਅਫ਼ਸਰਾਂ ਨੇ ਸਾਡੇ ਗੁਰਧਾਮਾਂ 'ਤੇ ਹਮਲਾ ਕਰ ਕੇ ਪਵਿੱਤਰ ਗੁਰਦਵਾਰੇ ਤਹਿਸ-ਨਹਿਸ ਕਰ ਦਿਤੇ, ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਪਰ ਧਰਮੀਆਂ ਫ਼ੌਜੀਆਂ ਦੀ ਹਕੂਮਤ ਨੇ ਤਾਂ ਕੀ ਸਾਰ ਲੈਣੀ ਸੀ, ਬਲਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਵੀ ਸਾਰ ਲੈਣ ਦੀ ਜ਼ਰੂਰਤ ਨਾ ਸਮਝੀ।
35th anniversary of Shaheed Bhai Beant Singh
ਉਨ੍ਹਾਂ ਦਾਅਵਾ ਕੀਤਾ ਕਿ ਧਰਮੀ ਫ਼ੌਜੀਆਂ ਨੇ ਅਪਣੀਆਂ ਨੌਕਰੀਆਂ ਅਤੇ ਸੁਖ-ਸਹੂਲਤਾਂ ਦੀ ਪ੍ਰਵਾਹ ਕੀਤੇ ਬਿਨਾਂ ਬੈਰਕਾਂ ਛੱਡੀਆਂ ਅਰਥਾਤ ਬਗ਼ਾਵਤ ਕਰ ਦਿਤੀ, ਨਹੀਂ ਤਾਂ ਉਹ ਧਰਮੀ ਫ਼ੌਜੀ ਅੱਜ ਨੂੰ ਉੱਚ ਅਹੁਦਿਆਂ ਤੋਂ ਸੇਵਾਮੁਕਤ ਹੁੰਦੇ, ਪੈਨਸ਼ਨਾਂ ਲੈਂਦੇ ਤੇ ਹਰ ਤਰ੍ਹਾਂ ਦੀ ਸੁੱਖ-ਸਹੂਲਤ ਦਾ ਆਨੰਦ ਮਾਣਦੇ ਪਰ ਉਨ੍ਹਾਂ ਦੀ ਕੁਰਬਾਨੀ ਨੂੰ ਨਜ਼ਰ-ਅੰਦਾਜ਼ ਕਰਨਾ ਸਾਡੀ ਬਦਕਿਸਮਤੀ ਹੀ ਨਹੀਂ, ਬਲਕਿ ਅਕ੍ਰਿਤਘਣਤਾ ਵੀ ਹੈ।
ਇਸ ਮੌਕੇ ਸ਼ਹੀਦ ਬੇਅੰਤ ਸਿੰਘ ਦੀ ਯਾਦ 'ਚ ਯਾਦਗਾਰੀ ਗੇਟ ਬਣਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਧਰਮੀ ਫ਼ੌਜੀਆਂ ਨੇ ਸ਼ਹੀਦ ਬੇਅੰਤ ਸਿੰਘ ਦੀ ਯਾਦਗਾਰ ਨੂੰ ਸਲਾਮੀ ਵੀ ਦਿਤੀ । ਅੰਤ 'ਚ ਉਪਰੋਕਤ ਬੁਲਾਰਿਆਂ ਸਮੇਤ ਸ਼ਹੀਦ ਦੀ ਮਾਤਾ ਜਸਮੇਲ ਕੌਰ, ਭਰਾਵਾਂ ਲਖਵੀਰ ਸਿੰਘ ਤੇ ਬਲਕਾਰ ਸਿੰਘ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।