
S.Joginder Singh: ‘ਉੱਚਾ ਦਰ ਬਾਬੇ ਨਾਨਕ ਦਾ’ ਉਸ ਰੰਗਲੇ ਸੱਜਣ ਦਾ ਇਕ ਅਜਿਹਾ ਸ਼ਲਾਘਾਯੋਗ ਉਪਰਾਲਾ ਹੈ
Joginder Singh Panthak news: ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਪ੍ਰਸਿੱਧ ਪੰਥਕ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਮੁਤਾਬਕ 4 ਅਗੱਸਤ 2024 ਸਵੇਰ ਨੂੰ ਜਦੋਂ ਮੈਂ ਘਰੋਂ ਬਾਹਰ ਡੰਗੋਰੀ ਦੇ ਸਹਾਰੇ ਸਹਿਜੇ-ਸਹਿਜੇ ਸੈਰ ਕਰ ਰਿਹਾ ਸਾਂ ਤਾਂ ਅਮਰੀਕਨ ਲੋਕ ਅਪਣੇ ਸੁਭਾਅ ਮੁਤਾਬਕ ‘ਗੁੱਡ ਮੌਰਨਿੰਗ’ ਕਹਿ ਕੇ ਮੁਸਕਰਾਉਂਦੇ ਹੋਏ ਗੁਜ਼ਰ ਰਹੇ ਸਨ। ਅਚਾਨਕ ਫ਼ੋਨ ਦੀ ਘੰਟੀ ਖੜਕੀ, ਵੇਖਿਆ ਤਾਂ ਵਟਸਐਪ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਮੰਚ ਨੋਇਡਾ (ਯੂ.ਪੀ.) ਦੇ ਮੁਖੀ ਭਾਈ ਦਲਜੀਤ ਸਿੰਘ ਨੋਇਡਾ ਦਾ ਸ਼ੋਕ ਸੰਦੇਸ਼ ਸੀ “ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਦਾ ਇਕ ਥੰਮ੍ਹ ਢਹਿ ਗਿਆ’’।
ਗਿਆਨੀ ਜਾਚਕ ਮੁਤਾਬਕ ਜਦੋਂ ਵਟਸਐਪ ਖੋਲ੍ਹੀ ਤਾਂ ਇਉਂ ਜਾਪਿਆ, ਜਿਵੇਂ ਮੇਰੀ ਜਾਨ ਨਿਕਲ ਗਈ ਹੋਵੇ ਕਿਉਂਕਿ ਉਹ ਇਕ ਅਜਿਹਾ ਚਿੱਤਰ ਸੀ ਜਿਸ ’ਤੇ ਲਿਖਿਆ ਸੀ ‘ਸਾਡੇ ਵਿਚ ਨਹੀਂ ਰਹੇ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸ. ਜੋਗਿੰਦਰ ਸਿੰਘ ਜੀ’। ਮੈਂ ਉਦਾਸੀ ਭਰੇ ਮਨ ਨਾਲ ਉਥੇ ਹੀ ਬੈਠ ਗਿਆ। ‘ਗੁੱਡ ਮੌਰਨਿੰਗ’ ਕਹਿਣ ਵਾਲੇ ਹਮਦਰਦੀ ਨਾਲ ਪੁਛਣ ਲੱਗੇ ‘ਵਟਸ ਹੈਪਨ! ਮਿਸਟਰ ਸਿੰਘ! ਯੂ.ਆਰ. ਓ.ਕੇ. ਮੈਂ ਹੱਥ ਹਿਲਾ ਕੇ ਧਨਵਾਦ ਕਰਦਾ ਰਿਹਾ, ਪਰ ਬੋਲ ਨਹੀਂ ਸਕਿਆ ਕਿਉਂਕਿ ਉਹ ਚਿੱਤਰ ਇਕ ਐਸੇ ਫ਼ੱਕਰ ਤੇ ਮਰਦ ਸੱਜਣ ਦਾ ਸੀ, ਜਿਹੜਾ ਅਪਣੀ ਸੁਪਤਨੀ ਬੀਬੀ ਜਗਜੀਤ ਕੌਰ ਸਮੇਤ ਸਦਾ ਹੱਸ ਕੇ ਮਿਲਦਾ ਤੇ ਆਦਰ ਮਾਣ ਦਿੰਦਾ ਰਿਹਾ ਜਿਸ ਦੀ ਪਾਰਖੂ ਨਜ਼ਰ ਨੇ ਸਾਹਿਤਕ ਦਿ੍ਰਸ਼ਟੀ ਤੋਂ ਠੀਕਰੇ ਵੇਖੇ ਜਾਂਦੇ ਲੋਕਾਂ ਨੂੰ ‘ਰੋਜ਼ਾਨਾ ਸਪੋਕਸਮੈਨ’ ਦੀਆਂ ਕ੍ਰਾਂਤੀਕਾਰੀ ਲਿਖਤਾਂ ਵਿਚ ਥਾਂ ਦੇ ਕੇ ‘ਨਗੀਨੇ’ ਬਣਾ ਦਿਤਾ ਜਿਸ ਨੇ ਜ਼ਮਾਨੇ ਨਾਲ ਬਦਲਣ ਦੀ ਥਾਂ ਜ਼ਮਾਨੇ ਨੂੰ ਬਦਲਣ ਦਾ ਤਨੋਂ, ਮਨੋਂ ਤੇ ਧਨੋਂ ਯਤਨ ਕੀਤਾ। ‘ਉੱਚਾ ਦਰ ਬਾਬੇ ਨਾਨਕ ਦਾ’ ਉਸ ਰੰਗਲੇ ਸੱਜਣ ਦਾ ਇਕ ਅਜਿਹਾ ਸ਼ਲਾਘਾਯੋਗ ਉਪਰਾਲਾ ਹੈ, ਜਿਹੜਾ ਸੰਸਾਰ ਦੇ ਧਾਰਮਕ ਇਤਿਹਾਸ ’ਚ ਗੁਰੂ ਨਾਨਕ ਸਾਹਿਬ ਦੀ ਸਿਧਾਂਤਕ ਸਰਬੋਤਮਤਾ, ਬਿਪਰਵਾਦ ਦੀ ਖ਼ਿਲਾਫ਼ਤ ਅਤੇ ਉਨ੍ਹਾਂ ਦੇ ਸਮਾਜ ਸੁਧਾਰਕ ਸੰਘਰਸ਼ ਦਾ ਸਦਾ ਹੀ ਹੋਕਾ ਦਿੰਦਾ ਰਹੇਗਾ।
ਗਿਆਨੀ ਜਾਚਕ ਨੇ ਦਾਅਵਾ ਕੀਤਾ ਕਿ ਸ. ਜੋਗਿੰਦਰ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਕਰਾਉਣ ਵਾਲੇ ਪਿ੍ਰੰਸੀਪਲ ਹਰਿਭਜਨ ਸਿੰਘ ਚੰਡੀਗੜ੍ਹ ਜੇ ਅੱਜ ਸਰੀਰਕ ਪੱਖੋਂ ਜੀਉਂਦੇ ਹੁੰਦੇ ਤਾਂ ਸੱਚ ਜਾਣਿਉ! ਉਹ ਅਪਣੇ ਸ਼ਾਇਰਾਨਾ ਅੰਦਾਜ਼ ਵਿਚ ਜ਼ਰੂਰ ਕਹਿੰਦੇ “ਹੋਤਾ ਹੈ ਕੋਹੋਦਸ਼ਤ ਮੇਂ ਪੈਦਾ ਕਭੀ ਕਭੀ, ਵੋਹ ਮਰਦ ਜਿਸ ਕਾ ਫ਼ਕਰ ਕਰੇ ਖਜ਼ਫ਼ ਕੋ ਨਗੀਂ।’’ ਲੁਧਿਆਣੇ ਅਤੇ ਰੋਪੜ ਦੇ ਪ੍ਰਸਿੱਧ ਮਿਸ਼ਨਰੀ ਕਾਲਜਾਂ ਨੇ ਅਪਣੇ ਸਾਂਝੇ ਸ਼ੋਕ ਸੰਦੇਸ਼ ’ਚ ਬਿਲਕੁਲ ਠੀਕ ਲਿਖਿਆ ਹੈ ਕਿ ਸਿੰਘ ਸਭਾ ਲਹਿਰ ਦੇ ਬਾਨੀ ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿੱਤ ਸਿੰਘ ਜੀ ਤੋਂ ਪਿੱਛੋਂ, ਜੇ ਕਿਸੇ ਨੇ ਬਿਪਰਵਾਦੀ ਪੁਜਾਰੀਪੁਣੇ ਵਿਰੁਧ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਤਾਂ ਉਹ ਸੀ ਸ੍ਰ. ਜੋਗਿੰਦਰ ਸਿੰਘ ਜਿਸ ਨੇ ਹਰ ਉਸ ਕ੍ਰਾਂਤੀਕਾਰੀ ਲਿਖਤ ਨੂੰ ਥਾਂ ਦਿਤੀ, ਜਿਹੜੀ ਗੁਰੂ ਨਾਨਕ ਸਾਹਿਬ ਦੀ ਨਿਰਮਲ, ਨਿਰਭਉ ਤੇ ਨਿਰਵੈਰ ਸੋਚ ਨੂੰ ਉਜਾਗਰ ਕਰਦੀ ਸੀ।
ਇਸੇ ਲਈ ਤਾਂ ਦਾਸ ਉਸ ਮਰਦ ਸੱਜਣ ਨੂੰ ‘ਗੁਰਸਿੱਖਾਂ ਦਾ ਮਾਰਟਿਨ ਲੂਥਰ’ ਆਖਦਾ ਹੈ, ਜਿਹੜਾ ਜਰਮਨ ਦਾ ਇਕ ਅਜਿਹਾ ਕ੍ਰਾਂਤੀਕਾਰੀ ਈਸਾਈ ਪ੍ਰਚਾਰਕ ਸੀ ਜਿਸ ਨੇ ਸਾਰੀ ਉਮਰ ਜਾਨ ’ਤੇ ਖੇਲ ਕੇ ਇਸਾਈ ਪੋਪ ਦੀਆਂ ਸੁਆਰਥੀ ਕਾਰਵਾਈਆਂ ਤੇ ਸਮਾਜ ਛੇਕੂ ਅਧਿਕਾਰਾਂ ਦੀ ਵਿਰੋਧਤਾ ਕੀਤੀ। ਉਹ ਨਿਰੰਤਰ ਕਹਿੰਦਾ ਰਿਹਾ ਕਿ ਜੇ ਇਸਾਈ ਲੋਕਾਂ ਨੇ ਪੋਪ ਦੀ ਅਧਿਕਾਰਤ ਪਦਵੀ ਨੂੰ ਕਾਇਮ ਰਖਿਆ ਤਾਂ ਉਹ ਇਕ ਦਿਨ ਈਸਾਈਅਤ ਨੂੰ ਖ਼ਤਮ ਕਰ ਦੇਵੇਗਾ। ਸ. ਜੋਗਿੰਦਰ ਸਿੰਘ ਜੀ ਨੇ ਵੀ ਦਿ੍ਰੜਤਾ ਸਹਿਤ ਇਹੀ ਬਿਖੜਾ ਰਾਹ ਅਪਣਾਇਆ।
ਉਸ ਪੰਥਦਰਦੀ ਨੇ 28 ਜੁਲਾਈ 2024 ਦੇ ‘ਰੋਜ਼ਾਨਾ ਸਪੋਕਸਮੈਨ’ ਚੰਡੀਗੜ੍ਹ ਵਿਖੇ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਕਾਲਮ ਹੇਠ ਅਪਣੇ ਆਖ਼ਰੀ ਸੰਦੇਸ਼ ਵਿਚ ਲਿਖਿਆ “ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਸਿਆਸੀ ਲੋਕਾਂ ਤੋਂ ਆਜ਼ਾਦ ਕਰ ਕੇ ਅਕਾਲ ਤਖ਼ਤ ਨੂੰ ਛੇਕੂ ਤੇ ਸਜ਼ਾ ਦੇਣ ਵਾਲੀ ਸੰਸਥਾ ਬਣਾਉਣ ਦੀ ਬਜਾਏ ਕੇਵਲ ਨਿਰਪੱਖ ਸਲਾਹ ਦੇਣ ਵਾਲੀ ਤੇ ਕਿ੍ਰਪਾਲੂ ਸੰਸਥਾ ਬਣਾ ਕੇ ਹੀ ਬਚਾਇਆ ਜਾ ਸਕਦੈ’’। ਸਪਸ਼ਟ ਹੈ ਕਿ ਉਹ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੇ ਸਿਰਮੌਰ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸੁਧਾਰਕ ਸੋਚ ਰਖਦਾ ਸੀ, ਵਿਰੋਧਾਤਮਕ ਨਹੀਂ ਪਰ ਅਜਿਹਾ ਤਦੋਂ ਹੀ ਸੰਭਵ ਹੋ ਸਕਦਾ ਹੈ ਜੇ ਸੰਪਰਦਾਇਕ ਤੇ ਵਿਅਕਤੀਵਾਦੀ ਧੜੇਬੰਦਕ ਸੋਚ ਨੂੰ ਦਿਲੋਂ ਤਿਆਗ ਕੇ ਅਠਾਰਵੀਂ ਸਦੀ ਵਾਲੀ ਪੰਚ ਪ੍ਰਧਾਨੀ ਸਰਬੱਤ ਖ਼ਾਲਸਾ ਪ੍ਰਣਾਲੀ ਨੂੰ ਮੁੜ ਸੁਰਜੀਤ ਕੀਤਾ ਜਾਵੇ।
ਅੰਤ ਵਿਚ ਦਾਸ, ਸਰਦਾਰ ਜੀ ਦੇ ਸਰਬੱਤ ਪ੍ਰਵਾਰ, ਸਨੇਹੀਆਂ ਨਾਲ ਹਮਦਰਦੀ ਪ੍ਰਗਟਾਉਂਦਾ ਹੋਇਆ, ਇਹੀ ਅਰਦਾਸ ਕਰਦਾ ਹੈ ਕਿ ਅਕਾਲ ਪੁਰਖ ਸ੍ਰ. ਜੋਗਿੰਦਰ ਸਿੰਘ ਜੀ ਵਰਗੀਆਂ ਸੰਘਰਸ਼ੀ ਤੇ ਸੁਧਾਰਕ ਸੋਚ ਰੱਖਣ ਵਾਲੀਆਂ ਕਲਮਾਂ ਨੂੰ ਵਾਰ-ਵਾਰ ਜਨਮ ਦਿੰਦਾ ਰਹੇ ਤਾਂ ਜੋ ਉਨ੍ਹਾਂ ਰਾਹੀਂ ਜਗਤ-ਗੁਰ-ਬਾਬੇ ਨਾਨਕ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਸੰਦੇਸ਼ ਨਿਰੰਤਰ ਮਿਲਦਾ ਰਹੇ। ਇਸ ਲਈ ਮੇਰੀ ਤੁੱਛ ਬੁੱਧੀ ਮੁਤਾਬਕ ‘ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ’ ਨੂੰ ਹਰ ਪੱਖੋਂ ਸਹਿਯੋਗ ਦਿੰਦਿਆਂ ਦੇਸ਼ ਵਿਦੇਸ਼ ’ਚ ਹੋਰ ਚਮਕਾਉਣਾ ਹੀ ਬਾਨੀ ਸੰਪਾਦਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।