
ਮੰਡ ਸਮੇਤ ਸਾਰਿਆਂ ਨੇ ਪੰਥਵਿਰੋਧੀ ਤਾਕਤਾਂ ਦੇ ਨਾਲ-ਨਾਲ ਬਾਦਲਾਂ ਨੂੰ ਰਖਿਆ ਨਿਸ਼ਾਨੇ 'ਤੇ.....
ਕੋਟਕਪੂਰਾ : ਇਨਸਾਫ ਮੋਰਚੇ ਦੇ 160ਵੇਂ ਦਿਨ ਦੀਵਾਲੀ ਮੌਕੇ ਖਾਲਸਾ ਪੰਥ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਇਕ ਵਾਰ ਫਿਰ ਬਾਦਲਾਂ ਨੂੰ ਨਿਸ਼ਾਨੇ 'ਤੇ ਰੱਖਦਿਆਂ ਬਹਿਬਲ ਅਤੇ ਕੋਟਕਪੂਰਾ ਵਿਖੇ ਢਾਹੇ ਪੁਲਿਸੀਆ ਅਤਿਆਚਾਰ ਦੀ ਤੁਲਨਾ ਜਲਿਆਂਵਾਲੇ ਬਾਗ ਨਾਲ ਕੀਤੀ। ਭਾਈ ਮੰਡ ਨੇ ਆਖਿਆ ਕਿ ਭਾਵੇਂ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਲੋਕ ਪਟਾਕੇ ਆਤਿਸ਼ਬਾਜੀਆਂ ਚਲਾ ਕੇ ਤੇ ਖੁਸ਼ੀਆਂ ਦਾ ਇਜ਼ਹਾਰ ਕਰਕੇ ਮਨਾ ਰਹੇ ਹਨ ਪਰ ਮੇਰੀ ਬਰਗਾੜੀ 'ਚ ਬੈਠੇ ਦੀ ਰੂਹ ਕੁਰਲਾ ਰਹੀ ਹੈ।
ਕਿਉਂਕਿ ਪੰਥਦੋਖੀਆਂ ਨੇ ਪਾਵਨ ਸਰੂਪ ਦੇ ਅੰਗ ਲੀਰੋ ਲੀਰ ਕਰਕੇ ਗਲੀਆਂ 'ਚ ਖਿਲਾਰ ਦਿਤੇ ਤੇ ਇਨਸਾਫ ਮੰਗਣ ਵਾਲੀਆਂ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਬਹਿਬਲ ਕਲਾਂ ਅਤੇ ਕੋਟਕਪੂਰੇ ਵਿਖੇ ਪੁਲਿਸ ਨੇ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜ਼ਖਮੀ ਕਰ ਦਿਤਾ। ਭਾਈ ਮੰਡ ਨੇ ਹੈਰਾਨੀ ਪ੍ਰਗਟਾਈ ਕਿ ਪੰਥਦੋਖੀਆਂ ਨੇ ਪਹਿਲਾਂ ਪਾਵਨ ਸਰੂਪ ਚੋਰੀ ਕੀਤਾ ਅਤੇ ਫਿਰ ਆਪਣੇ ਕੋਲ ਪਾਵਨ ਸਰੂਪ ਹੋਣ ਦਾ ਦਾਅਵਾ ਕਰਦਿਆਂ ਸਿੱਖ ਕੌਮ ਦੀ ਅਣਖ 'ਤੇ ਗੈਰਤ ਨੂੰ ਲਲਕਾਰਿਆ,
ਇਸ ਸਾਰੇ ਵਰਤਾਰੇ ਦੇ ਦੋਸ਼ੀਆਂ ਦੇ ਸਾਹਮਣੇ ਆ ਜਾਣ ਦੇ ਬਾਵਜੂਦ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਉਨ੍ਹਾਂ ਨੂੰ ਸਜ਼ਾਵਾਂ ਦੇਣ ਦੀ ਬਜਾਇ ਬਚਾਉਣ 'ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਧੜੇਬੰਦੀ ਅਤੇ ਨਿੱਜ ਤੋਂ ਉਪਰ ਉਠ ਕੇ ਇਨਸਾਫ ਮੋਰਚੇ ਦੀ ਹਮਾਇਤ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਨਿੱਜੀ ਗਿਲੇ ਸ਼ਿਕਵੇ, ਵਖਰੇਵੇਂ ਛੱਡ ਕੇ ਪੰਥਕ ਏਕਤਾ ਦੇ ਰੂਪ 'ਚ ਗੁਰੂ ਅੱਗੇ ਅਰਦਾਸ ਕਰੀਏ ਕਿ ਸਿੱਖ ਕੌਮ ਵਲੋਂ ਗੁਰੂਆਸ਼ੇ ਅਨੁਸਾਰ ਲਾਏ ਗਏ ਬਰਗਾੜੀ ਇਨਸਾਫ ਮੋਰਚੇ ਨੂੰ ਫਤਿਹ ਨਸੀਬ ਹੋਵੇ, ਪੰਥਦੋਖੀਆਂ ਅਤੇ ਨਿਰਦੋਸ਼ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣ,
ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਕਰਵਾਇਆ ਜਾਵੇ। ਉਨ੍ਹਾਂ ਤੋਂ ਪਹਿਲਾਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਦੇ ਇਕ ਹਿੱਸੇ 'ਚ ਲੱਗੀ ਖਬਰ ਦਾ ਖੰਡਨ ਕਰਦਿਆਂ ਕਿਹਾ ਕਿ ਇਨਸਾਫ ਮੋਰਚੇ ਦੇ ਕਿਸੇ ਵੀ ਆਗੂ ਦੇ ਮਨਾਂ 'ਚ ਮਤਭੇਦ ਵਾਲੀ ਕੋਈ ਗੱਲ ਨਹੀਂ। ਉਨ੍ਹਾਂ ਬਾਦਲਾਂ ਤੋਂ ਅਕਾਲੀ ਦਲ, ਪੰਜੇ ਤਖਤ, ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਆਜ਼ਾਦ ਕਰਵਾਉਣ ਦਾ ਸੱਦਾ ਦਿਤਾ।