
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦ ਕੀਤੀ ਜਾਵੇਗੀ ਮੁਲਾਕਾਤ : ਐਡਵੋਕੇਟ ਧਾਮੀ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪਹਿਲਾਂ ਕਾਰਜ ਸਾਧਕ ਕਮੇਟੀ ਉਪਰੰਤ ਜਨਰਲ ਕਮੇਟੀ ਦੀ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਅਰਦਾਸ ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨੇ ਸਮੂਹ ਮੈਂਬਰ ਸਾਹਿਬਾਨ ਦਾ ਧਨਵਾਦ ਕੀਤਾ।
ਆਨਰੇਰੀ ਸਕੱਤਰ ਸ.ਸਵਿੰਦਰ ਸਿੰਘ ਕੱਥੂਨੰਗਲ ਵਲੋਂ ਪੜ੍ਹੇ ਗਏ ਏਜੰਡਿਆਂ ਤਹਿਤ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਸ੍ਰ.ਭੂਪਿੰਦਰ ਸਿੰਘ ਮਿਨਹਾਸ, ਲੰਬੇ ਸਮੇਂ ਤੋਂ ਦੀਵਾਨ ਨਾਲ ਜੁੜੇ ਦੀਵਾਨ ਦੇ ਐਡੀ.ਸਕੱਤਰ ਸ੍ਰ.ਚਰਨਜੀਤ ਸਿੰਘ ਤਰਨਤਾਰਨ ਅਤੇ ਮੈਂਬਰ ਸ.ਅਤਰ ਸਿੰਘ ਚਾਵਲਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤੇ ਪੜ੍ਹੇ ਗਏ।
ਉਪੰਰਤ ਮੀਟਿੰਗ ਦੌਰਾਨ ਦੀਵਾਨ ਅਧੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫ਼ਰੈਂਡਜ਼ ਐਵੀਨਿਊ, ਅੰਮ੍ਰਿਤਸਰ ਲਈ ਸਕੂਲ ਦੇ ਨਾਲ ਲਗਦੀ 376 ਵਰਗ ਗਜ ਜ਼ਮੀਨ ਖ਼ਰੀਦਣ ਸਬੰਧੀ ਅਤੇ ਹੁਸ਼ਿਆਰਪੁਰ ਵਿਖੇ ਦੀਵਾਨ ਸਕੂਲ ਲਈ ਖ਼ਰੀਦੀ ਗਈ ਜ਼ਮੀਨ ਤੇ ਬਿਲਡਿੰਗ ਉਸਾਰੀ ਸ਼ੁਰੂ ਕਰਨ ਦੀ ਪ੍ਰਵਾਨਗੀ ਲਈ ਗਈ। ਮੀਟਿੰਗ ਦੌਰਾਨ ਦੀਵਾਨ ਦੇ ਮੈਂਬਰ ਸ.ਭਗਵੰਤਪਾਲ ਸਿੰਘ ਸੱਚਰ ਵਲੋਂ ਮਤਾ ਲਿਆਂਦਾ ਗਿਆ ਕਿ ਚੀਫ਼ ਖ਼ਾਲਸਾ ਦੀਵਾਨ ਦੀ ਇਹ ਮੀਟਿੰਗ ਕੇਂਦਰ ਸਰਕਾਰ ਤੋਂ ਸਰਬ—ਸੰਮਤੀ ਨਾਲ ਮੰਗ ਕਰਦੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਅਪਣੇ ਫ਼ੈਸਲੇ ਉਪਰ ਤੁਰਤ ਅਮਲ ਕਰਦਿਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰਤ ਰਿਹਾਅ ਕਰੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰੇ। ਇਸ ਮਤੇ ਦੀ ਸਮੂਹ ਹਾਊਸ ਵਲੋਂਪ੍ਰੋੜਤਾ ਕਰਦਿਆਂ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਐਜੂਕੇਸ਼ਨਲ ਕਮੇਟੀ ਵਲੋਂ ਦਸੰਬਰ 2022 ਨੂੰ ਆਯੋਜਤ 67ਵੀਂ ਸਿੱਖ ਵਿਦਿਅਕ ਕਾਨਫ਼ਰੰਸ ਦੇ ਵੇਰਵੇ ਦੀ ਕਾਰਵਾਈ ਤੇ ਚਾਨਣਾ ਪਾਇਆ ਗਿਆ। ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਜੁਆਇੰਟ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਨੇ ਕਾਨਫ਼ਰੰਸ ਦੀ ਸਫ਼ਲਤਾ ਲਈ ਸਥਾਨਕ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ ਅਤੇ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ.ਸਰਬਜੀਤ ਸਿੰਘ ਛੀਨਾ ਦੀ ਦਿਨ ਰਾਤ ਦੀ ਮਿਹਨਤ ਅਤੇ ਯੋਗ ਅਗਵਾਈ ਅਤੇ ਕਾਨਫ਼ਰੰਸ ਦੌਰਾਨ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਕੀਤੀ ਗਈ ਅਤੁੱਟ ਲੰਗਰ ਦੀ ਸੇਵਾ ਲਈ ਭਰੂਪਰ ਸ਼ਲਾਘਾ ਕੀਤੀ।