
ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜਸਟਿਸ ਜ਼ੋਰਾ ਸਿੰਘ ਦੀ ਪਲੇਠੀ ਕਾਨਫ਼ਰੰਸ ਨੇ ਪਿਛਲੇ ਅਰਸੇ 'ਚ ਪੁਲਿਸ ਦੇ ਤਸ਼ੱਦਦ ਦਾ ਸੰਤਾਪ ਹੰਢਾ ਰਹੇ.........
ਕੋਟਕਪੂਰਾ : ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜਸਟਿਸ ਜ਼ੋਰਾ ਸਿੰਘ ਦੀ ਪਲੇਠੀ ਕਾਨਫ਼ਰੰਸ ਨੇ ਪਿਛਲੇ ਅਰਸੇ 'ਚ ਪੁਲਿਸ ਦੇ ਤਸ਼ੱਦਦ ਦਾ ਸੰਤਾਪ ਹੰਢਾ ਰਹੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਸਨੀਕਾਂ ਨੂੰ ਦੁਖੀ ਤੇ ਪ੍ਰੇਸ਼ਾਨ ਹੀ ਨਹੀਂ ਕੀਤਾ ਬਲਕਿ ਗੁੱਸੇ ਅਤੇ ਰੋਹ ਨਾਲ ਭੜਕੇ ਪਿੰਡ ਵਾਸੀਆਂ ਨੇ ਇਥੋਂ ਤੱਕ ਆਖ ਦਿਤਾ ਹੈ ਕਿ ਜੇਕਰ 48 ਘੰਟਿਆਂ ਦੇ ਅੰਦਰ-ਅੰਦਰ ਜਸਟਿਸ ਜ਼ੋਰਾ ਸਿੰਘ ਨੇ ਬੇਅਦਬੀ ਕਾਂਡ ਦੀ ਅਸਲ ਸੱਚਾਈ ਬਿਆਨ ਨਾ ਕੀਤੀ ਅਤੇ ਪ੍ਰੈਸ ਕਾਨਫ਼ਰੰਸ ਦੌਰਾਨ ਬੋਲੇ ਝੂਠ ਲਈ ਮਾਫ਼ੀ ਨਾ ਮੰਗੀ ਤਾਂ ਉਹ ਉਨ੍ਹਾਂ ਦੇ ਪੁਤਲੇ ਫੂਕਣ ਲਈ ਮਜਬੂਰ ਹੋਣਗੇ।
ਜਸਟਿਸ ਜ਼ੋਰਾ ਸਿੰਘ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮੰਨਿਆ ਹੈ ਕਿ ਉਹ ਅਗਲੀ ਪ੍ਰੈਸ ਕਾਨਫ਼ਰੰਸ 'ਚ ਸੱਭ ਕੁੱਝ ਸਪੱਸ਼ਟ ਕਰ ਦੇਣਗੇ। ਪਰ ਪਿੰਡ ਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਕਰੀਬ ਸਾਢੇ ਤਿੰਨ ਸਾਲ ਪਹਿਲਾਂ ਅਰਥਾਤ 1 ਜੂਨ 2015 ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਜਾਣ ਦੀ ਘਟਨਾ ਵੇਲੇ ਤੋਂ ਲੈ ਕੇ ਹੁਣ ਤਕ ਪੁਲਿਸ ਦੇ ਤਸੀਹਾ ਕੇਂਦਰਾਂ 'ਚ ਦੋ ਦਰਜਨ ਤੋਂ ਜ਼ਿਆਦਾ ਨਿਰਦੋਸ਼ ਸਿੱਖ ਨੌਜਵਾਨਾ 'ਤੇ ਥਰਡ ਡਿਗਰੀ ਅਤਿਆਚਾਰ ਢਾਹਿਆ ਗਿਆ, ਬੇਅਦਬੀ ਕਾਂਡ ਦਾ ਦੋਸ਼ ਅਪਣੇ ਸਿਰ ਲੈਣ ਲਈ ਮਜਬੂਰ ਕੀਤਾ ਗਿਆ,
ਡੇਰਾ ਪ੍ਰੇ੍ਰਮੀਆਂ ਦਾ ਨਾਮ ਲੈਣ ਵਾਲਿਆਂ ਨੂੰ ਹੋਰ ਜ਼ਿਆਦਾ ਕੁੱਟ ਪੈਂਦੀ ਪਰ ਜਸਟਿਸ ਜ਼ੋਰਾ ਸਿੰਘ ਅਤੇ ਹੋਰ 'ਆਪ' ਆਗੂਆਂ ਵਲੋਂ ਜਿਹੜੇ 6 ਨੌਜਵਾਨਾਂ ਦਾ ਨਾਮ ਲੈ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੂੰ ਪੁਲਿਸ ਨੇ ਪੁਛਗਿਛ ਲਈ ਬੁਲਾਇਆ ਤਕ ਨਹੀਂ, ਇਸ ਬਿਆਨ ਨੇ ਪੁਲਿਸੀਆ ਤਸ਼ੱਦਦ ਦਾ ਸ਼ਿਕਾਰ ਰਹੇ ਸਿੱਖ ਨੌਜਵਾਨਾਂ ਨੂੰ ਅਪਣੇ ਪਿੰਡੇ 'ਤੇ ਹੰਢਾਇਆ ਸੰਤਾਪ ਫਿਰ ਯਾਦ ਕਰਾ ਕੇ ਰੱਖ ਦਿਤਾ ਹੈ। 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਸਨੀਕਾਂ ਸੂਬੇਦਾਰ ਗੁਰਜੰਟ ਸਿੰਘ, ਰਣਜੀਤ ਸਿੰੰਘ, ਹਰਨਾਮ ਸਿੰਘ, ਇਕਬਾਲ ਸਿੰਘ, ਚਮਕੌਰ ਸਿੰਘ, ਪਰਮਜੀਤ ਸਿੰਘ,
ਸਰਬਜੀਤ ਸਿੰੰਘ, ਨਛੱਤਰ ਸਿੰਘ ਅਤੇ ਗੁਰਚਰਨ ਸਿੰਘ ਨੇ ਦਸਿਆ ਕਿ ਉਹ ਜਸਟਿਸ ਜ਼ੋਰਾ ਸਿੰਘ ਨਾਲ ਕਿਸੇ ਵੀ ਟੀਵੀ ਚੈਨਲ 'ਤੇ ਸਿੱਧੇ ਪ੍ਰਸਾਰਣ ਦੌਰਾਨ ਬਹਿਸ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਹੁਣ ਤਕ ਜਿੰਨਾ ਸੰਤਾਪ ਹੰਢਾਇਆ ਹੈ, ਇਸ ਤੋਂ ਬਾਅਦ ਉਹ ਅਜਿਹੀ ਜਿਆਦਤੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਉਨ੍ਹਾਂ ਦਸਿਆ ਕਿ ਐਸਆਈਟੀ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਪਿੰਡ 'ਚ ਲਿਆਂਦਾ, ਪਿੰਡ ਵਾਸੀਆਂ ਸਾਹਮਣੇ ਦੋਸ਼ੀਆਂ ਨੇ ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਦੀ ਗੱਲ ਪ੍ਰਵਾਨ ਕੀਤੀ
ਪਰ ਹੁਣ ਪਤਾ ਨਹੀਂ ਕਿਉਂ ਜਸਟਿਸ ਜ਼ੋਰਾ ਸਿੰਘ ਡੇਰਾ ਪ੍ਰੇਮੀਆਂ ਦਾ ਬਚਾਅ ਕਰ ਕੇ ਦੁਬਾਰਾ ਫਿਰ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਆਖਿਆ ਕਿ ਜੇਕਰ ਇਕੱਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਦੇ 15 ਤੋਂ 20 ਨਿਰਦੋਸ਼ ਸਿੱਖ ਨੋਜਵਾਨਾ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਪਰ ਕਿਸੇ ਵੀ ਡੇਰਾ ਪ੍ਰੇਮੀ ਨੂੰ ਪੁੱਛਗਿੱਛ ਲਈ ਥਾਣੇ ਤੱਕ ਸੱਦਣ ਦੀ ਜ਼ਰੂਰਤ ਵੀ ਨਾ ਸਮਝੀ ਗਈ।