
ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰੀ ਬੈਠਕ ਗੁਰਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਂਵੀ ਚੀਕਾ ਵਿਖੇ ਹੋਈ........
ਗੁਹਲਾ ਚੀਕਾ, ਚੰਡੀਗੜ੍ਹ : ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰੀ ਬੈਠਕ ਗੁਰਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਂਵੀ ਚੀਕਾ ਵਿਖੇ ਹੋਈ ਜਿਸ ਵਿਚ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਜੋ ਕਾਫ਼ੀ ਲੰਮੇ ਸਮੇਂ ਤੋਂ ਬੀਮਾਰ ਚਲ ਰਹੇ ਹਨ, ਨੇ ਅਪਣਾ ਅਸਤੀਫ਼ਾ ਭੇਜਿਆ ਜਿਸ ਨੂੰ ਮਨਜ਼ੂਰ ਕਰ ਕੇ ਪੁਸ਼ਟੀ ਲਈ 30 ਜਨਵਰੀ ਨੂੰ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ। ਕਾਰਜਕਾਰੀ ਪ੍ਰਧਾਨ ਬਣੇ ਸਰਦਾਰ ਦੀਦਾਰ ਸਿੰਘ ਨਲਵੀ ਨੇ ਇਹ ਸ਼ਬਦ ਕਹੇ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ 11 ਵਿਚੋਂ 9 ਮੈਂਬਰਾਂ ਨੇ ਭਾਗ ਲਿਆ। ਜਿਨ੍ਹਾਂ ਵਿਚ ਜਥੇਦਾਰ ਬਲਜੀਤ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ ਬੱਲੀ, ਮੋਹਨਜੀਤ ਸਿੰਘ, ਜੋਗਾ ਸਿੰਘ ਜਰਨਲ ਸਕੱਤਰ, ਅਵਤਾਰ ਸਿੰਘ ਚੱਕੂ, ਜਸਵੀਰ ਸਿੰਘ ਭੱਟੀ ਅਤੇ ਜਗਦੇਵ ਸਿੰਘ ਹਾਜ਼ਰ ਸਨ ਜਿਸ ਵਿਚ ਕਈ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚੋਂ ਮੇਨ ਗੁਰਦਵਾਰਾ ਸਾਹਿਬ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਦੀ ਕਾਰ ਸੇਵਾ ਬਾਬਾ ਅਮਰੀਕ ਸਿੰਘ ਪਟਿਆਲੇ ਵਾਲਿਆਂ ਨੂੰ ਅਤੇ ਗੁਰਦਵਾਰਾ ਸਾਹਿਬ ਕੁਰੂਕਸ਼ੇਤਰ ਦੀ ਕਾਰ ਸੇਵਾ ਮਹੰਤ ਬਲਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਹੋਰਾਂ ਨੂੰ ਦਿਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਾਰੇ ਕੰਮਾਂ ਲਈ ਨਕਸ਼ੇ ਅਤੇ ਤਕਨੀਕੀ ਪੱਖੋਂ ਯੋਜਨਾ ਬਣਾ ਕੇ ਅਗਲੀ ਕਾਰਜਕਾਰੀ ਦੀ ਮਾਸਿਕ ਬੈਠਕ ਵਿਚ ਮੰਜ਼ੂਰ ਕਰਵਾ ਕੇ ਪੂਰਾ ਕੀਤਾ ਜਾਵੇਗਾ। ਗੁਰਦਵਾਰਾ ਸਾਹਿਬ ਨੌਵੀਂ ਤੇ ਛੇਵੀਂ ਪਾਤਸ਼ਾਹੀ ਚੀਕਾ ਦੀ ਜ਼ਮੀਨ ਅਤੇ ਮਕਾਨਾਂ 'ਤੇ ਨਾਜਾਇਜ਼ ਕਬਜ਼ੇ ਬਾਰੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਆਗਿਆ ਦਿਤੀ ਗਈ ਹੈ। ਮੀਟਿੰਗ ਦੀ ਕਾਰਵਾਈ ਚੰਗੇ ਮਾਹੌਲ ਵਿਚ ਹੋਈ।