
ਯੂਨੀਵਰਸਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਵਲੋਂ ਪੰਜਾਬੀ ਭਾਸ਼ਾ ਅਤੇ ਧਰਮ ਨਾਲ ਸਬੰਧਤ ਕੁੱਝ ਰਸਾਲੇ ਰੱਦ ਕਰਨ ਕਾਰਨ ਸਿੱਖਾਂ ਵਿਚ ਰੋਸ ਫੈਲ ਗਿਆ ਹੈ...........
ਪਟਿਆਲਾ/ਬਲਬੇੜਾ : ਯੂਨੀਵਰਸਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਵਲੋਂ ਪੰਜਾਬੀ ਭਾਸ਼ਾ ਅਤੇ ਧਰਮ ਨਾਲ ਸਬੰਧਤ ਕੁੱਝ ਰਸਾਲੇ ਰੱਦ ਕਰਨ ਕਾਰਨ ਸਿੱਖਾਂ ਵਿਚ ਰੋਸ ਫੈਲ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਵਲੋਂ ਪੰਜਾਬੀ ਰਸਾਲਿਆਂ ਨੂੰ ਸਾਜ਼ਸ਼ ਅਧੀਨ ਰੱਦ ਕਰਨ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਯੂਜੀਸੀ ਵਲੋਂ ਲਿਆ ਗਿਆ ਇਹ ਫ਼ੈਸਲਾ ਬੇਲੋੜਾ ਅਤੇ ਗ਼ੈਰ ਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਪੰਜਾਬੀ ਭਾਸ਼ਾ ਨੂੰ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ
ਅਤੇ ਇਸ ਫ਼ੈਸਲੇ ਨਾਲ ਪੰਜਾਬੀ ਪ੍ਰਤੀ ਮੋਹ ਰੱਖਣ ਵਾਲਿਆਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇਸ਼ ਦੇ ਸੰਵਿਧਾਨ 'ਚ ਪ੍ਰਵਾਨਤ ਭਾਸ਼ਾਵਾਂ 'ਚੋਂ ਇਕ ਹੈ ਅਤੇ ਤਕਨੀਕੀ ਪੱਖ ਨੂੰ ਆਧਾਰ ਬਣਾ ਕੇ ਲਿਆ ਫ਼ੈਸਲਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ 14 ਕਰੋੜ ਲੋਕ ਪੰਜਾਬੀ ਬੋਲਦੇ ਹਨ ਅਤੇ ਖੇਤਰੀ ਭਾਸ਼ਾਵਾਂ 'ਤੇ ਅਜਿਹਾ ਹਮਲਾ ਲੋਕਾਂ ਨਾਲ ਧੱਕਾ ਹੈ ਜਿਸ ਪ੍ਰਤੀ ਯੂਜੀਸੀ ਨੂੰ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਰਸੇ ਤੇ ਸਭਿਆਚਾਰ ਨੂੰ ਚਿੱਤਰਣ ਲਈ ਪੰਜਾਬੀ ਭਾਸ਼ਾ ਅਹਿਮ ਹੈ ਜਿਸ 'ਤੇ ਕੀਤਾ ਗਿਆ ਹਮਲਾ ਨਾਸਹਿਣਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ 'ਚ ਕੁੱਝ ਅਜਿਹੀਆਂ ਸ਼ਕਤੀਆਂ ਵੀ ਹਨ ਜੋ ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ ਅਤੇ ਪੰਜਾਬ ਦੇ ਇਤਿਹਾਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਹਨ।