ਪਬਲਿਸਿਟੀ ਵਿਭਾਗ ਨੇ ਅਖ਼ਬਾਰ ਦੀਆਂ ਕਲਿਪਿੰਗਜ਼ ਇਕੱਠੀਆਂ ਕਰਨੀਆਂ ਕੀਤੀਆਂ ਬੰਦ......
ਤਰਨਤਾਰਨ : ਪਟਿਆਲਾ ਰੈਲੀ ਵਿਚ ਪੰਥ ਦੀ ਆਵਾਜ਼ ਰੋਜ਼ਾਨਾ ਸਪੋਕਸਮੈਨ ਦੇ ਬਾਈਕਾਟ ਦੇ ਸੱਦੇ 'ਤੇ ਅਮਲ ਕਰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪਬਲੀਸਿਟੀ ਵਿਭਾਗ ਨੇ ਅਪਣੀਆਂ ਖ਼ਬਰਾਂ ਦੀਆਂ ਫ਼ਾਈਲਾਂ ਵਿਚੋਂ ਰੋਜ਼ਾਨਾ ਸਪੋਕਸਮੈਨ ਦੀਆਂ ਕਟਿੰਗਾਂ ਲਗਾਉਣੀਆਂ ਬੰਦ ਕਰ ਦਿਤੀਆਂ ਹਨ। ਪੰਥ ਦੀ ਆਵਾਜ਼ ਬੁਲੰਦ ਕਰਨ ਵਾਲੀ, ਸਿੱਖ ਹਿਤਾਂ ਦੀ ਪਹਿਰੇਦਾਰੀ ਕਰਦੀ ਸਿੱਖਾਂ ਦੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਨਾਲ ਕੀਤੇ ਜਾ ਰਹੇ ਇਸ ਵਿਤਕਰੇ ਬਾਰੇ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ।
ਬਸ ਸ਼ਾਇਦ ਗ਼ਲਤੀ ਨਾਲ ਅਖ਼ਬਾਰੀ ਕਟਿੰਗ ਰਹਿ ਗਈ ਹੋਵੇ ਕਹਿ ਕੇ ਚੁੱਪ ਧਾਰ ਰਹੇ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪਬਲੀਸਿਟੀ ਵਿਭਾਗ ਹਰ ਰੋਜ਼ ਵੱਖ-ਵੱਖ ਅਖ਼ਬਾਰਾਂ ਵਿਚ ਕਮੇਟੀ ਦੇ ਜਾਂ ਸਿੱਖ ਮਸਲਿਆਂ ਨੂੰ ਲੈ ਕੇ ਛਪਦੀਆਂ ਖ਼ਬਰਾਂ ਦੀ ਜਾਣਕਾਰੀ ਅਪਣੇ ਅਧਿਕਾਰੀਆਂ ਨੂੰ ਦੇਣ ਲਈ ਹਰ ਰੋਜ਼ ਇਕ ਫ਼ਾਈਲ ਤਿਆਰ ਕਰਦਾ ਹੈ ਜਿਸ ਵਿਚ ਪੰਜਾਬ ਦੀਆਂ ਸਾਰੀਆਂ ਅਖ਼ਬਾਰਾਂ ਦੀਆਂ ਕਟਿੰਗਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਤੋਂ ਲੈ ਕੇ ਬੀਤੇ ਕਲ ਤਕ ਇਨ੍ਹਾਂ ਕਟਿੰਗਾਂ ਵਿਚ ਰੋਜ਼ਾਨਾ ਸਪੋਕਸਮੈਨ ਦੀਆਂ ਕਟਿੰਗਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਰਿਹਾ ਪਰ ਅੱਜ ਅਚਾਨਕ ਕੁੱਝ ਚੁਨਿੰਦਾ ਅਖ਼ਬਾਰਾਂ ਦੀ ਕਟਿੰਗ ਫ਼ਾਈਲ ਹੀ ਤਿਆਰ ਕੀਤੀ ਗਈ। ਇਸ ਬਾਰੇ ਗ਼ਲਤੀ ਨਾਲ ਰਹਿ ਗਈ ਹੋਣੀ ਹੈ ਕਹਿ ਕੇ ਗੱਲ ਖ਼ਤਮ ਕੀਤੀ ਜਾ ਰਹੀ ਹੈ।