'ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਦੀ ਥਾਂ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਵਜੋਂ ਐਲਾਨੇ ਸਰਕਾਰ'
Published : Oct 11, 2022, 4:54 pm IST
Updated : Oct 11, 2022, 4:58 pm IST
SHARE ARTICLE
File Photo
File Photo

ਸ਼੍ਰੋਮਣੀ ਕਮੇਟੀ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਗਠਨ ਕਰੇਗੀ- ਐਡਵੋਕੇਟ ਧਾਮੀ

 

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸਿੱਖ ਮਸਲਿਆਂ ਸਬੰਧੀ ਲਏ ਗਏ ਅਹਿਮ ਫ਼ੈਸਲੇ
ਸ਼੍ਰੋਮਣੀ ਕਮੇਟੀ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਗਠਨ ਕਰੇਗੀ- ਐਡਵੋਕੇਟ ਧਾਮੀ
ਵੱਖ-ਵੱਖ ਦੇਸ਼ਾਂ ਤੇ ਦਿੱਲੀ ਵਿਚ ਖੋਲ੍ਹੇ ਜਾਣਗੇ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ’ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਬੋਰਡ ਵੱਖ-ਵੱਖ ਦੇਸ਼ਾਂ ਦੇ ਸਿੱਖ ਨੁਮਾਇੰਦਿਆਂ ’ਤੇ ਅਧਾਰਿਤ ਹੋਵੇਗਾ, ਜੋ ਵਿਦੇਸ਼ਾਂ ’ਚ ਵੱਸਦੇ ਸਿੱਖਾਂ ਦੇ ਮਸਲਿਆਂ ਅਤੇ ਮੁਸ਼ਕਲਾਂ ਦੇ ਹੱਲ ਲਈ ਯਤਨ ਕਰੇਗਾ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਦਾ ਧਰਮ ਪ੍ਰਚਾਰ ਲਈ ਵੀ ਸਹਿਯੋਗ ਕਰੇਗਾ। ਇਹ ਫ਼ੈਸਲਾ ਇਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ ਹੈ। ਇਸ ਇਕੱਤਰਤਾ ਦੌਰਾਨ ਵੱਖ-ਵੱਖ ਦੇਸ਼ਾਂ ਅੰਦਰ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ ਖੋਲ੍ਹਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕੱਤਰਤਾ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਪੂਰੀ ਦੁਨੀਆਂ ਵਿਚ ਵੱਸੇ ਹੋਏ ਹਨ ਅਤੇ ਇਹ ਰੁਝਾਨ ਹੋਰ ਤੇਜ਼ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵਿਸ਼ਵ ਵਿਆਪੀ ਸਿੱਖ ਮਸਲਿਆਂ ਦੀ ਬੇਹਤਰ ਪੈਰਵਾਈ ਲਈ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਸਥਾਪਤ ਕਰੇਗੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਅੰਦਰ ਸ਼੍ਰੋਮਣੀ ਕਮੇਟੀ ਆਪਣੇ ਦਫ਼ਤਰ ਵੀ ਬਣਾਏਗੀ, ਤਾਂ ਜੋ ਸਥਾਨਕ ਪੱਧਰ ’ਤੇ ਸਿੱਖ ਸੰਗਤਾਂ ਨਾਲ ਸਿੱਧੇ ਤੌਰ ’ਤੇ ਸੌਖਿਆਂ ਰਾਬਤਾ ਕਾਇਮ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਵੱਖ-ਵੱਖ ਦੇਸ਼ਾਂ ਅੰਦਰ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ ਸਥਾਪਤ ਕਰਕੇ ਉਨ੍ਹਾਂ ’ਚ ਉੱਪ ਦਫ਼ਤਰ ਬਣਾਏਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਸਮੇਂ ’ਚ ਯੂਬਾ ਸਿਟੀ ਅਮਰੀਕਾ ’ਚ ਪਹਿਲਾਂ ਹੀ ਕਾਰਵਾਈ ਆਰੰਭੀ ਹੋਈ ਹੈ, ਜਿਸ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਹੋਰਨਾਂ ਦੇਸ਼ਾਂ ’ਚ ਵੀ ਉੱਪ ਦਫ਼ਤਰ ਸਥਾਪਤ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਵੀ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ ਬਣਾ ਕੇ ਉਥੇ ਵੀ ਉੱਪ ਦਫ਼ਤਰ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਦਿੱਲੀ ਅੰਦਰ ਇਕ ਗੁਰਦੁਆਰਾ ਸਾਹਿਬ ਬਣਾਇਆ ਜਾਵੇਗਾ, ਜਿਸ ਵਿਚ ਸਰਾਂਵਾਂ ਦਾ ਵੀ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਸਿੱਖ ਮਸਲਿਆਂ ਨੂੰ ਕੇਂਦਰ ਸਰਕਾਰ ਤੱਕ ਪੁਖਤਗੀ ਨਾਲ ਪਹੁੰਚਾਉਣ ਲਈ ਸਥਾਨਕ ਪੱਧਰ ’ਤੇ ਬਣਾਇਆ ਜਾਣ ਵਾਲਾ ਦਫ਼ਤਰ ਸੇਵਾਵਾਂ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਵਿਖੇ ਸਿੱਖ ਮਿਸ਼ਨ ਕਾਰਜਸ਼ੀਲ ਹੈ, ਜੋ ਸਿੱਖੀ ਪ੍ਰਚਾਰ ਦੇ ਕਾਰਜ ਕਰ ਰਿਹਾ ਹੈ।

ਅੰਤ੍ਰਿੰਗ ਕਮੇਟੀ ਦੇ ਹੋਰ ਫੈਸਲਿਆਂ ਬਾਰੇ ਐਡਵੋਕੇਟ ਧਾਮੀ ਨੇ ਦੱਸਿਆ ਕਿ ਬੀਤੇ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦਸਵੇਂ ਪਾਤਸ਼ਾਹ ਜੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ, ਪਰੰਤੂ ਇਸ ’ਤੇ ਸ਼੍ਰੋਮਣੀ ਕਮੇਟੀ ਦੇ ਇਤਰਾਜ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਤ ਕੀਤੀ ਗਈ ਸਬ-ਕਮੇਟੀ ਨੇ ਇਸ ਦਾ ਨਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਸੁਝਾਇਆ ਹੈ। ਸ਼੍ਰੋਮਣੀ ਕਮੇਟੀ ਸਬ-ਕਮੇਟੀ ਦੇ ਸਝਾਅ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਭਾਰਤ ਸਰਕਾਰ ਨੂੰ ਪੱਤਰ ਭੇਜ ਕੇ ਨਾਂ ਬਦਲਣ ਲਈ ਆਖੇਗੀ।

ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜਿਥੇ ਗੁਰਦੁਆਰਾ ਸਾਹਿਬਾਨ ਅਤੇ ਵੱਖ-ਵੱਖ ਅਦਾਰਿਆਂ ਦੇ ਮਸਲਿਆਂ ਨੂੰ ਵਿਚਾਰਿਆ ਗਿਆ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ 4 ਫੀਸਦੀ ਮਹਿੰਗਾਈ ਭੱਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਮਾਹਿਲਪੁਰ, ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ  ਪਾਲ ਸਿੰਘ ਪੁਰੇਵਾਲ ਅਤੇ ਹਜ਼ੂਰੀ ਰਾਗੀ ਭਾਈ ਸੁਲੱਖਣ ਸਿੰਘ ਦੇ ਅਕਾਲ ਚਲਾਣੇ ’ਤੇ ਸ਼ੋਕ ਮਤੇ ਪੜ੍ਹ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਦੌਰਾਨ ਐਡਵੋਕੇਟ ਧਾਮੀ ਨੇ ਬੀਤੇ ਕੱਲ੍ਹ ਕੱਥੂਨੰਗਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਨੂੰ ਮੰਦਭਾਗਾ ਕਰਾਰ ਦਿੰਦਿਆਂ ਦੋਸ਼ੀਆਂ ਖਿਲਾਫ ਸਰਕਾਰ ਪਾਸੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਦੇ ਮੈਨੇਜਰ ਨੇ ਸਥਾਨਕ ਪੁਲਿਸ ਥਾਣੇ ਵਿਚ ਐਫਆਈਆਰ ਦਰਜ਼ ਕਰਵਾ ਦਿੱਤੀ ਹੈ, ਜਿਸ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਦਿਆਂ ਬੇਅਦਬੀ ਦੇ ਯਤਨ ਕਰਨ ਵਾਲੇ ਲੋਕਾਂ ਖਿਲਾਫ ਕਰੜੀ ਕਾਰਵਾਈ ਕਰਨ ਦੇ ਨਾਲ-ਨਾਲ ਘਟਨਾ ਪਿੱਛੇ ਕੰਮ ਕਰਦੇ ਅਸਲ ਦੋਸ਼ੀਆਂ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ।
ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਦੇ 27 ਨੂੰ ਅੰਮ੍ਰਿਤਸਰ ਅਤੇ 30 ਨੂੰ ਪਾਕਿਸਤਾਨ ’ਚ ਹੋਣਗੇ ਸਮਾਗਮ
 ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਵੱਖ-ਵੱਖ ਸਮਾਗਮਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼ਤਾਬਦੀ ਦਾ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ 30 ਅਕਤੂਬਰ ਨੂੰ ਕੀਤਾ ਜਾਵੇਗਾ, ਜਦਕਿ ਅੰਮ੍ਰਿਤਸਰ ਵਿਖੇ 26 ਤੇ 27 ਅਕਤੂਬਰ ਨੂੰ ਸਮਾਗਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿਖੇ ਜਾ ਕੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਅਤੇ ਔਕਾਫ ਬੋਰਡ ਨਾਲ ਸਲਾਹ ਮਸ਼ਵਰਾ ਕਰਕੇ ਸਮਾਗਮਾਂ ਦੀ ਰੂਪ ਰੇਖਾ ਤਹਿ ਕਰ ਲਈ ਹੈ, ਜਿਸ ਤਹਿਤ ਯਾਦਗਾਰੀ ਢੰਗ ਨਾਲ ਸ਼ਤਾਬਦੀ ਮਨਾਈ ਜਾਵੇਗੀ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ਦੌਰਾਨ ਪ੍ਰਸਿੱਧ ਢਾਡੀ ਰਾਗੀ ਜਥਿਆਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਵਿਸ਼ਾਲ ਅੰਮ੍ਰਿਤ ਸੰਚਾਰ ਵੀ ਹੋਵੇਗਾ। ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਦਾ ਕਰੀਬ 200 ਮੈਂਬਰੀ ਜਥਾ ਜਾਵੇਗਾ, ਜਿਸ ਲਈ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਨ ਅਬਦਾਲ ਦਾ ਰੇਵਲੇ ਸਟੇਸ਼ਨ ਜਿਥੇ ਸਾਕਾ ਵਾਪਰਿਆ ਸੀ, ਵਿਖੇ ਵੀ ਕੀਰਤਨ ਦਰਬਾਰ ਹੋਵੇਗਾ। 
 ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਕੀਤੇ ਜਾਣ ਵਾਲੇ ਸਮਾਗਮ ਕੁਝ ਦਿਨ ਪਹਿਲਾਂ ਮੁਕੰਮਲ ਕਰ ਲਏ ਜਾਣਗੇ। ਇਥੇ 26 ਅਤੇ 27 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋ ਦਿਨਾਂ ਸਮਾਗਮ ਕੀਤੇ ਜਾਣਗੇ, ਜਿਸ ਤਹਿਤ 26 ਅਕਤੂਬਰ ਨੂੰ ਸਿੱਖ ਮਿਸ਼ਨਰੀ ਕਾਲਜਾਂ ਦੇ 100 ਵਿਦਿਆਰਥੀ ਸਮੂਹਿਕ ਰੂਪ ਵਿਚ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਗੇ। 27 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਮੁੱਖ ਸਮਾਗਮ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਵੀ ਸ਼ਮੂਲੀਅਤ ਕਰਨਗੀਆਂ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement