
ਸ੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੇ ਮੈਂਬਰਾਂ ਦੀ ਮੀਟਿੰਗ ਹੋਈ
ਮਿਲਾਨ, 10 ਅਕਤੂਬਰ (ਦਲਜੀਤ ਮੱਕੜ) : ਬੀਤੇ ਦਿਨੀ ਇਟਲੀ ਦੇ ਵੇਰੋਨਾ ਜ਼ਿਲੇ ਵਿਚ ਪੈਂਦੇ ਗੁਰਦੁਆਰਾ ਸਾਹਿਬ ਸਿੱਖ ਸੰਗਤ ਦਰਬਾਰ ਬੋਨੋਫਰਾਰੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਤੋਂ ਪਹਿਲਾ ਟਰੱਸਟ ਦੇ ਮੈਂਬਰਾਂ ਦੁਆਰਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾਈ ਗਈ ਅਤੇ ਸੰਗਤਾਂ ਲਈ ਲੰਗਰ ਲਗਾਇਆ ਗਿਆ | ਟਰੱਸਟ ਦੇ ਵੱਖ ਵੱਖ ਮੈਂਬਰਾਂ ਦੁਆਰਾ ਇਸ ਮੀਟਿੰਗ ਵਿਚ ਆਪੋ ਅਪਣੀ ਰਾਇ ਰੱਖੀ ਗਈ | ਇਸ ਮੀਟਿੰਗ ਵਿਚ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਤੇ ਟਰੱਸਟ ਮੈਂਬਰਾਂ ਦੁਆਰਾ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਲੇਨੋ ਵਿਖੇ 3 ਦਸੰਬਰ ਨੂੰ ਆਖੰਡ ਪਾਠ ਸਾਹਿਬ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ |
ਇਸ ਮੀਟਿੰਗ ਵਿਚ ਟਰੱਸਟ ਨਾਲ ਜੁੜੇ ਨਵੇਂ ਮੈਂਬਰ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਤੇ ਦਸਿਆ ਕਿ ਇਹ ਟਰੱਸਟ ਮਨੁੱਖਤਾ ਦੀ ਸੇਵਾ ਲਈ ਹੈ ਜੋ ਵੀ ਮਾਇਆ ਟਰੱਸਟ ਨੂੰ ਆਉਂਦੀ ਹੈ ਉਹ ਸਿਰਫ ਲੋੜਵੰਦਾ ਅਤੇ ਮਨੁੱਖਤਾ ਦੀ ਸੇਵਾ ਲਈ ਹੀ ਖ਼ਰਚ ਕੀਤੀ ਜਾਦੀ ਹੈ ਅਤੇ ਇਸ ਟਰੱਸਟ ਦਾ ਮਕਸਦ ਹੈ ਸੱਭ ਵੀਰਾਂ ਨੂੰ ਇਕੱਠੇ ਕਰਨਾ, ਪਿਆਰ ਵੰਡਣਾ ਅਤੇ ਮਨੁੱਖਤਾ ਦੀ ਸੇਵਾ ਕਰਨਾ |
ਇਸ ਟਰੱਸਟ ਵਿਚ ਕੋਈ ਵੀ ਪ੍ਰਧਾਨ ਨਹੀਂ ਹੈ ਸਭ ਮੈਬਰ ਹਨ | ਟਰੱਸਟ ਦਾ ਮਕਸਦ ਲੋੜਵੰਕ ਪ੍ਰਵਾਰਾਂ ਦੀਆਂ ਬੱਚੀਆਂ ਦੇ ਵਿਆਹ, ਅਪਾਹਜ ਵਿਆਕਤੀਆਂ ਅਤੇ ਭਿਅੰਕਰ ਬਿਮਾਰੀ ਤੋਂ ਪੀੜਤ ਲੋੜਵੰਦਾਂ ਦੀ ਮਦਦ ਕਰਨੀ ਹੈ | ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਦਾਨੀ ਸੱਜਣਾਂ ਨੂੰ ਟਰੱਸਟ ਨਾਲ ਜੋੜਿਆਂ ਜਾਵੇ ਤਾਂ ਜੋ ਵੱਧ ਤੋਂ ਵੱਧ ਮਾਇਆ ਇਕੱਠੀ ਕਰ ਕੇ ਵੱਧ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ | ਉਨ੍ਹਾਂ ਇਹ ਵੀ ਦਸਿਆ ਕਿ ਪਿਛਲੇ ਸਮੇਂ ਪੰਜਾਬ ਵਿਚ ਆਏ ਹੜ੍ਹਾਂ ਲਈ ਟਰੱਸਟ ਦੁਆਰਾ ਰਾਸ਼ਨ ਅਤੇ ਪਸ਼ੂਆਂ ਦੇ ਹਰੇ ਚਾਰੇ ਦੀ ਸੇਵਾ ਭੇਜੀ ਗਈ | ਇਸ ਤੋਂ ਇਲਾਵਾ ਕਈ ਪ੍ਰਵਾਰਾਂ ਦੇ ਘਰਾਂ ਦੀ ਮੁਰੰਮਤ ਦੀ ਸੇਵਾ ਵੀ ਟਰੱਸਟ ਦੁਆਰਾ ਕੀਤੀ ਜਾ ਰਹੀ ਹੈ |