Panthak News: ਸਿੱਖ ਮਾਹਰਾਂ ਮੁਤਾਬਕ ਬਾਦਲ ਪ੍ਰਵਾਰ ਤੇ ਦੋਸ਼ ਸਿੱਖ ਰਹਿਤ ਮਰਿਆਦਾ ਅਨੁਸਾਰ ਬੜੇ ਸੰਗੀਨ ਹਨ
Panthak News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਅਤੀਤ ਤੋਂ ਕੋਈ ਸਬਕ ਨਹੀਂ ਸਿਖਿਆ। ਸ਼੍ਰੋਮਣੀ ਅਕਾਲੀ ਦਲ ਤੇ ਇਸ ਦੀ ਬਾਗ਼ੀ ਲੀਡਰਸ਼ਿਪ ਮੁੜ ਆਹਮੋ ਸਾਹਮਣੇ, ਫ਼ਤਿਹਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਹੋ ਗਏ ਹਨ ਜਿਥੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਰਮਿਆਨ ਬੜੀ ਅਹਿਮ ਬੈਠਕ ਕਰਵਾਈ ਹੈ ਜੋ ਸਮਝਿਆ ਜਾਂਦਾ ਹੈ ਕਿ ਤਨਖ਼ਾਹੀਆ ਕਰਾਰ ਦਿਤੇ ਸੁਖਬੀਰ ਸਿੰਘ ਬਾਦਲ ਨਾਲ ਸਬੰਧਤ ਹੈ। ਇਸ ਸਬੰਧੀ ਫ਼ੈਸਲਾ ਸਿੰਘ ਸਾਹਿਬਾਨ ਵਲੋਂ ਕੀਤਾ ਜਾਣਾ ਹੈ।
ਸਿੱਖ ਰਾਜਸੀ ਮਾਹਰਾਂ ਅਨੁਸਾਰ ਰੇੜਕਾ ਇਸ ਗਲ ’ਤੇ ਪਿਆ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ, ਨੂੰ ਸਜ਼ਾ ਧਾਰਮਕ ਜਾਂ ਰਾਜਨੀਤਕ ਲਾਈ ਜਾਵੇ।
ਅਕਾਲੀ ਦਲ ਧਾਰਮਕ ਸਜ਼ਾ ਲਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਦੂਸਰੇ ਪਾਸੇ ਬਾਗ਼ੀ ਲੀਡਰਸ਼ਿਪ ਅਤੇ ਸਿੱਖ ਸੰਗਤ, ਪੰਥਕ ਹਲਕੇ ਅਤੇ ਹੋਰ ਸੁਖਬੀਰ ਵਿਰੋਧੀ ਧਿਰਾਂ ਰਾਜਨੀਤਕ ਸਜ਼ਾ ਲਵਾਉਣ ਦੇ ਹੱਕ ਵਿਚ ਹਨ। ਅਤੀਤ ਦੇ ਹਵਾਲੇ ਨਾਲ ਜਗਮੀਤ ਸਿੰਘ ਬਰਾੜ ਨੇ ਕੋਰ ਕਮੇਟੀ ਦੀ ਮੀਟਿੰਗ ਵਿਚ ਸਵਰਗੀ ਵੱਡੇ ਬਾਦਲ ਸਾਹਿਬ ਨੇ ਕਿਹਾ ਸੀ ਕਿ ਜੇ ਉਨ੍ਹਾਂ ਪ੍ਰਧਾਨਗੀ ਛੱਡ ਦਿਤੀ ਤਾਂ ਫਿਰ ਕਿਸੇ ਵੀ ਸਾਨੂੰ ਮੁੜ ਲਾਗੇ ਲਗਣ ਨਹੀਂ ਦੇਣਾ ਜੋ ਘਾਗ ਸਿਆਸਤਦਾਨ ਦਾ ਨਿਚੋੜ ਸੀ। ਬਾਦਲ ਵਿਰੋਧੀ ਵੀ ਇਸ ਕਰ ਕੇ ਘਾਤ ਲਾਈ ਬੈਠੇ ਹਨ ਕਿ ਇਹ ਇਕ ਦਿਨ ਅਹੁਦਾ ਛੱਡਣ ਫਿਰ ਵੰਸ਼ਵਾਦ ਵਾਲੇ ਘਰ ਹੀ ਬੈਠਣਗੇ।
ਸਿੱਖ ਮਾਹਰਾਂ ਮੁਤਾਬਕ ਬਾਦਲ ਪ੍ਰਵਾਰ ਤੇ ਦੋਸ਼ ਸਿੱਖ ਰਹਿਤ ਮਰਿਆਦਾ ਅਨੁਸਾਰ ਬੜੇ ਸੰਗੀਨ ਹਨ। ਮਿਸਾਲ ਜਥੇਦਾਰਾਂ ਨੂੰ ਘਰ ਸੱਦਣਾ, ਦਸਮ ਪਿਤਾ ਦਾ ਸਵਾਂਗ, ਵੋਟਾਂ ਖ਼ਾਤਰ ਸਾਧ ਦਾ ਬਚਾਅ ਕਰਨਾ, ਬਰਗਾੜੀ ਕਾਂਡ, ਸ਼ਾਂਤਮਈ ਅੰਦੋਲਨ ਵਿਚ ਪੁਲਸ ਗੋਲੀ ਨਾਲ ਦੋ ਸਿੱਖ ਸ਼ਹੀਦ ਹੋਣੇ ਪਰ ਇਨਸਾਫ਼ ਨਾ ਦੇਣਾ,ਧਾਰਮਕ ਮਾਮਲਿਆਂ ਵਿਚ ਦਖ਼ਲ ਆਦਿ ਹਨ ਜੋ ਰਾਜਨੀਤੀ ਨਾਲ ਸਬੰਧਤ ਹਨ। ਹੁਣ ਧਾਮੀ ਸਾਹਿਬ ਦੀ ਵਿਚੋਲਗੀ ਦਾ ਝਗੜਾ ਪੈ ਗਿਆ ਹੈ।
ਭਾਵ ਇਸ ਨੂੰ ਜਥੇਦਾਰਾਂ ਦੇ ਅਧਿਕਾਰ ਖੇਤਰ ਵਿਚ ਦਖ਼ਲ ਤੇ ਦਬਾਅ ਕਰਾਰ ਦਿਤਾ ਜਾ ਰਿਹਾ ਹੈ ਜਿਸ ਤਰ੍ਹਾਂ ਛੋਟੇ ਵੱਡੇ ਬਾਦਲ ਨੇ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਤੇ ਗਿ. ਗੁਰਮੁਖ ਸਿੰਘ ਨੂੰ ਚੰਡੀਗੜ੍ਹ ਘਰ ਸੱਦ ਕੇ ਬਜਰ ਗ਼ਲਤੀ ਕੀਤੀ ਸੀ।