
ਧਾਰਮਕ ਬਾਣੇ ਤੇ ਪੰਜ ਕਕਾਰਾਂ ਵਿਰੁਧ ਬੋਲਣ ਵਾਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ: ਮਨਾਵਾਂ
ਜੁਡੀਸ਼ਲ ਮਜਿਸਟਰੈਟ ਪੱਟੀ ਪਰਵਿੰਦਰ ਕੌਰ ਦੀ ਅਦਾਲਤ ਵਿਚ ਤਰੀਕ 'ਤੇ ਹਾਜ਼ਰ ਹੋਏ ਯੁਨਾਈਟਡ ਅਕਾਲੀ ਦਲ ਦੇ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾਂ ਦੇ ਧਾਰਮਕ ਬਾਣੇ ਤੇ ਧਾਰਮਕ ਚਿਨ੍ਹਾਂ ਪ੍ਰਤੀ ਗ਼ਲਤ ਸ਼ਬਦ ਬੋਲਣ ਵਾਲੇ ਨਾਇਬ ਕੋਰਟ ਰੇਸ਼ਮ ਸਿੰਘ ਤੇ ਲਖਵਿੰਦਰ ਸਿੰਘ ਨੂੰ ਐਸ.ਐਸ.ਪੀ ਨੇ ਜਥੇਦਾਰ ਵਲੋਂ ਕੀਤੀ ਸ਼ਿਕਾਇਤ 'ਤੇ ਮੁਅੱਤਲ ਕਰਦਿਆਂ ਕਾਨੂੰਨੀ ਕਾਰਵਈ ਸ਼ੁਰੂ ਕਰ ਦਿਤੀ ਹੈ। ਅਦਾਲਤ ਵਿਚ ਇਨ੍ਹਾਂ ਦੋਹਾਂ ਵਲੋਂ ਅਪਸ਼ਬਦ ਬੋਲਣ ਦੇ ਰੋਸ ਵਜੋਂ ਮਨਾਵਾਂ ਨੇ ਅਦਾਲਤ ਦੇ ਬਾਹਰ ਹੀ ਧਰਨਾ ਲਗਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿਤਾ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਨਾਇਬ ਕੋਰਟ ਰੇਸ਼ਮ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਸਾਥੀ ਸਤਨਾਮ ਸਿੰਘ ਦੀ ਗਵਾਹੀ ਕਰਾ ਲਵੇ ਪਰ ਨਾਇਬ ਕੋਰਟ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਮੋਬਾਈਲ 'ਤੇ ਲੱਗਾ ਰਿਹਾ ਤਾਂ ਉਨ੍ਹਾਂ ਨੇ ਨਾਇਬ ਕੋਰਟ ਦੀ ਬਾਂਹ ਫੜ ਕੇ ਗਵਾਹੀ ਕਰਾਉਣ ਦੀ ਅਪੀਲ ਕੀਤੀ ਤਾਂ ਰੇਸ਼ਮ ਸਿੰਘ ਨੇ ਅਦਾਲਤ ਦੇ ਅੰਦਰ ਜੱਜ ਦੇ ਸਹਾਮਣੇ ਜਾ ਕੇ ਸ਼ਿਕਾਇਤ ਕੀਤੀ
Satnam Singh
ਜਿਸ ਤੇ ਜੱਜ ਨੇ ਮਨਾਵਾਂ ਨੂੰ ਅਦਾਲਤ ਦੇ ਵਿਚ ਬੁਲਾਇਆ। ਮਨਾਵਾਂ ਨੇ ਕਿਹਾ ਕੇ ਜਦ ਉਹ ਅਦਾਲਤ ਅੰਦਰ ਪੁੱਜੇ ਤਾਂ ਉਕਤ ਪੁਲਿਸ ਮੁਲਾਜ਼ਮ ਰੇਸ਼ਮ ਸਿੰਘ ਤੇ ਲਖਵਿੰਦਰ ਸਿੰਘ ਨੇ ਜੱਜ ਸਹਾਮਣੇ ਹੀ ਉਨ੍ਹਾਂ ਵਲੋ ਪਾਏ ਧਾਰਮਕ ਬਾਣੇ ਤੋਂ ਇਲਾਵਾ ਧਾਰਮਕ ਚਿੰਨ੍ਹਾਂ ਪ੍ਰਤੀ ਮਾੜੇ ਸ਼ਬਦ ਬੋਲਣੇ ਸ਼ੁਰੂ ਕਰ ਦਿਤੇ ਜਿਸ ਕਾਰਨ ਮਨਾਵਾਂ ਨੇ ਜੱਜ ਨੂੰ ਉਕਤ ਦੋਹਾਂ ਮੁਲਾਜ਼ਮਾਂ ਵਿਰੁਧ ਕਾਰਵਾਈ ਕਰਨ ਲਈ ਸ਼ਿਕਾਇਤ ਦਿਤੀ। ਉਨ੍ਹਾਂ ਦਸਿਆ ਕਿ ਜਦ ਜੱਜ ਵਲੋਂ ਉਨ੍ਹਾਂ ਦੀ ਸ਼ਿਕਾਇਤ 'ਤੇ ਦੋਹਾਂ ਮੁਲਾਜ਼ਮਾਂ ਵਿਰੁਧ ਕੋਈ ਵੀ ਕਾਰਵਾਈ ਨਾ ਹੋਈ ਤਾਂ ਉਹ ਅਦਾਲਤ ਦੇ ਬਾਹਰ ਧਰਨੇ 'ਤੇ ਬੈਠ ਗਏ। ਉਨ੍ਹਾਂ ਕਿਹਾ ਕਿ ਜੇ ਅੱਜ ਇਨਸਾਫ਼ ਨਾ ਮਿਲਿਆ ਤਾਂ ਕਲ ਵੀਰਵਾਰ ਨੂੰ ਅਦਾਲਤ ਦੇ ਬਾਹਰ ਪੰਜ ਸਿੰਘ ਧਰਨੇ 'ਤੇ ਬੈਠਣਗੇ। ਜਾਣਕਾਰੀ ਅਨੁਸਾਰ ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਕੇ ਅਗਲੇਰੀ ਕਾਰਵਾਈ ਲਈ ਕਿਹਾ ਗਿਆ ਜਿਸ ਤੋਂ ਬਾਅਦ ਮਨਾਵਾਂ ਨੇ ਧਰਨਾ ਸਮਾਪਤ ਕੀਤਾ।