
ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਤੇ ਸੰਗਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ
ਸ੍ਰੀ ਫ਼ਤਿਹਗੜ੍ਹ ਸਾਹਿਬ/ਐਸ.ਏ.ਐਸ. ਨਗਰ : ਸਰਹਿੰਦ ਫ਼ਤਿਹ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਿਹੰਗ ਸਿੰਘ ਦਲਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਫ਼ਤਿਹ-ਏ-ਜੰਗ ਸਾਹਿਬ ਚੱਪੜਚਿੜੀ ਤੋਂ ਸਜਾਇਆ ਗਿਆ ਫ਼ਤਿਹ ਮਾਰਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਖ਼ਾਲਸਈ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਅਰੰਭਤਾ ਅਰਦਾਸ ਉਪਰੰਤ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤਾ।
Pic-2
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜ਼ਾਲਮ ਮੁਗ਼ਲ ਹਕੂਮਤ ਨੂੰ ਤਬਾਹ ਕਰ ਕੇ ਖ਼ਾਲਸਾ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫ਼ਤਿਹ ਦਾ ਇਤਿਹਾਸ ਸਿੱਖ ਕੌਮ ਲਈ ਅਹਿਮ ਹੈ ਅਤੇ ਇਸ ਇਤਿਹਾਸ ਨੂੰ ਦੁਨੀਆ ਸਾਹਮਣੇ ਰੂਪਮਾਨ ਕਰਨ ਲਈ ਹਰ ਸਾਲ ਚੱਪੜਚਿੜੀ ਦੇ ਅਸਥਾਨ ਤੋਂ ਮਹਾਨ ਫ਼ਤਿਹ ਮਾਰਚ ਸਜਾਇਆ ਜਾਂਦਾ ਹੈ। ਫ਼ਤਿਹ ਮਾਰਚ ਵਿਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਬੈਂਡ ਤੇ ਗਤਕਾ ਪਾਰਟੀਆਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ।
Pic-3
ਫ਼ਤਿਹਗੜ੍ਹ ਸਾਹਿਬ ਪਹੁੰਚ ਕੇ ਇਤਿਹਾਸਕ ਥੇਹ ਵਿਖੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘ ਦਲਾਂ ਵਲੋਂ ਅਰਦਾਸ ਕੀਤੀ ਅਤੇ ਖ਼ਾਲਸਈ ਜੈਕਾਰੇ ਗਜਾ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਜਲੌ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਫ਼ਤਿਹ ਮਾਰਚ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਗਟਾਅ ਦਾ ਪ੍ਰਤੀਕ ਹੈ ਜਿਸ ਵਿਚ ਸਮੂਹ ਸੰਗਤਾਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਫ਼ਤਿਹ ਮਾਰਚ ਵਿਚ ਸ਼ਾਮਲ ਹੋਈਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਧਾਰਮਕ ਸਭਾ ਸੁਸਾਇਟੀਆਂ, ਰਾਜਸੀ, ਸਮਾਜਕ ਆਗੂਆਂ ਅਤੇ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਧੰਨਵਾਦ ਕੀਤਾ।
Pic-4
ਇਸੇ ਦੌਰਾਨ ਚੱਪੜਚਿੜੀ ਤੋਂ ਲੈ ਕੇ ਸ੍ਰੀ ਫ਼ਤਿਹਗੜ੍ਹ ਸਾਹਿਬ ਤਕ ਸਾਰੇ ਰਸਤੇ ਵਿਚ ਸੰਗਤ ਵਲੋਂ ਵੱਖ-ਵੱਖ ਥਾਈਂ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਖ਼ਾਲਸਾਈ ਫ਼ਤਿਹ ਮਾਰਚ ਦੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪੁੱਜਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਨੁਮਾਇੰਦਿਆਂ, ਧਾਰਮਕ, ਸਮਾਜਕ ਤੇ ਰਾਜਨੀਤਕ ਆਗੂਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
Pic-5
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ, ਜ਼ਿਲਾ ਪ੍ਰਧਾਨ ਜਥੇਦਾਰ ਸਵਰਨ ਸਿੰਘ ਚਨਾਰਥਲ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਸ਼੍ਰੋਮਣੀ ਕਮੇਟੀ ਮੈਂਬਰ ,ਅਵਤਾਰ ਸਿੰਘ ਰਿਆ, ਬੀਬੀ ਪਰਮਜੀਤ ਕੌਰ ਲਾਂਡਰਾ, ਨਿਰਮੈਲ ਸਿੰਘ ਜੌਲਾਂ, ਚਰਨਜੀਤ ਸਿੰਘ ਕਾਲੇਵਾਲ, ਰਵਿੰਦਰ ਸਿੰਘ ਖ਼ਾਲਸਾ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਗੱਜਣ ਸਿੰਘ ਬਾਬਾ ਬਕਾਲਾ, ਬਾਬਾ ਨਾਗਰ ਸਿੰਘ, ਬਾਬਾ ਜੱਸਾ ਸਿੰਘ ਆਦਿ ਹਾਜ਼ਰ ਸਨ।