
ਚੋਰੀਸ਼ੁਦਾ ਪਾਵਨ ਸਰੂਪ ਦੀ ਬਰਾਮਦਗੀ ਤੋਂ ਬਾਅਦ ਹੋਏ ਹੋਰ ਅਹਿਮ ਪ੍ਰਗਟਾਵੇ
ਕੋਟਕਪੂਰਾ, : ਡੀਜੀਪੀ ਸੁਰੇਸ਼ ਅਰੋੜਾ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਬਰਗਾੜੀ ਕਾਂਡ ਨੂੰ ਅੰਜਾਮ ਦੇਣ ਲਈ ਸੌਦਾ ਸਾਧ ਦੇ ਪ੍ਰੇਮੀਆਂ ਦੀ ਵਿਉਂਤਬੰਦੀ ਸੀ, ਡੇਰਾ ਪ੍ਰੇਮੀਆਂ ਨੂੰ ਕਿਸ ਸਿਆਸਤਦਾਨ ਜਾਂ ਅਫ਼ਸਰ ਦਾ ਥਾਪੜਾ ਸੀ, ਇਸ ਬਾਰੇ ਅਜੇ ਪੁਲਿਸ ਵਲੋਂ ਨਾਲ ਜਾਂਚ ਕੀਤੀ ਜਾ ਰਹੀ ਹੈ।
ਪਿਛਲੇ ਸਾਲ 25 ਅਗੱਸਤ ਨੂੰ ਜਦ ਸੌਦਾ ਸਾਧ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਬਲਾਤਕਾਰ ਦਾ ਦੋਸ਼ੀ ਐਲਾਨਿਆ ਸੀ ਤਾਂ ਯੋਜਨਾਬੰਦੀ ਢੰਗ ਨਾਲ ਕੀਤੀ ਗਈ ਹਿੰਸਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਬਾਰੇ ਕੀਤੀ ਵਿਉਂਤਬੰਦੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਕਿਸ ਤਰਾਂ ਸੌਦਾ ਸਾਧ ਦੀ ਕੋਰ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਘਟਾਉਣ ਦੀ ਘਿਨਾਉਣੀ ਸੋਚ ਅਨੁਸਾਰ ਬਕਾਇਦਾ ਰਣਨੀਤੀ ਘੜ ਕੇ ਤੇ ਉਕਤ ਕੰਮ ਨੂੰ ਨੇਪਰੇ ਚਾੜ੍ਹਿਆ।
ਇਸ ਸਬੰਧੀ ਕੋਈ ਵੀ ਵੱਡਾ ਜਾਂ ਛੋਟਾ ਪੁਲਿਸ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਪਰ ਸੂਤਰਾਂ ਰਾਹੀਂ ਪਤਾ ਲੱਗਾ ਹੈ ਕਿ ਪੁਲਿਸ ਨੇ ਚੋਰੀਸ਼ੁਦਾ ਪਾਵਨ ਸਰੂਪ ਬਰਾਮਦ ਕਰ ਲਿਆ ਹੈ। ਸਾਲ 2015 ਦੀ 1 ਜੂਨ ਨੂੰ ਪਾਵਨ ਸਰੂਪ ਚੋਰੀ ਕਰਨ, 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਭੜਕਾਊ ਪੋਸਟਰ ਲਾਉਣ ਅਤੇ 12 ਅਕਤੂਬਰ 2015 ਨੂੰ ਪਾਵਨ ਸਰੂਪ ਦੀ ਬੇਅਦਬੀ ਕਰਨ ਨਾਲ ਸਬੰਧਤ ਸਾਰੇ ਡੇਰਾ ਪ੍ਰੇਮੀਆਂ ਹੀ ਹਨ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਤੇ ਉਨ੍ਹਾਂ ਅਪਣਾ ਗੁਨਾਹ ਵੀ ਕਬੂਲ ਲਿਆ ਹੈ। ਜ਼ਿਆਦਾਤਰ ਦੋਸ਼ੀਆਂ ਦਾ ਸਬੰਧ ਕੋਟਕਪੂਰਾ ਸ਼ਹਿਰ ਅਤੇ ਨੇੜਲੇ ਪਿੰਡਾਂ ਨਾਲ ਹੈ।
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਭਾਵੇਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚੋਂ ਦੋ ਦਰਜਨ ਤੋਂ ਵੀ ਜ਼ਿਆਦਾ ਡੇਰਾ ਪ੍ਰੇਮੀਆਂ ਨੂੰ ਹਿਰਾਸਤ 'ਚ ਲਿਆ ਪਰ ਸਿਰਫ਼ 8 ਪ੍ਰੇਮੀਆਂ ਦੇ ਬੇਅਦਬੀ ਕਾਂਡ 'ਚ ਪੂਰੀ ਤਰਾਂ ਸ਼ਾਮਲ ਹੋਣ ਦੀ ਖ਼ਬਰ ਹੈ। ਉਕਤ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਬੇਅਦਬੀ ਕਾਂਡ 'ਚ ਉਹ ਪ੍ਰੇਮੀ ਵੀ ਸ਼ਾਮਲ ਹਨ ਜਿਨ੍ਹਾਂ ਵਿਰੁਧ 25 ਅਗੱਸਤ ਨੂੰ ਸੌਦਾ ਸਾਧ ਵਿਰੁਧ ਅਦਾਲਤੀ ਫ਼ੈਸਲੇ ਤੋਂ ਬਾਅਦ ਅਰਾਜਕਤਾ ਫੈਲਾਉਣ ਦੇ ਦੋਸ਼ 'ਚ ਮਾਮਲੇ ਦਰਜ ਕੀਤੇ ਗਏ ਸਨ।
ਪਤਾ ਲੱਗਾ ਹੈ ਕਿ ਪਾਵਨ ਸਰੂਪ ਦੀ ਬਰਾਮਦਗੀ ਤੋਂ ਬਾਅਦ ਡੇਰਾ ਪ੍ਰੇਮੀਆਂ ਰਾਹੀਂ ਵਿਸ਼ੇਸ਼ ਜਾਂਚ ਟੀਮ ਸਾਹਮਣੇ ਇਕ ਨਵਾਂ ਪ੍ਰਗਟਾਵਾ ਹੋਇਆ ਕਿ ਨੇੜਲੇ ਪਿੰਡ ਮੱਲ ਕੇ ਅਤੇ ਭਗਤਾ ਭਾਈਕਾ ਵਿਖੇ ਵੀ ਇਸ ਪਾਵਨ ਸਰੂਪ ਦੇ ਪੰਨੇ ਸੁੱਟ ਕੇ ਸਿੱਖਾਂ ਦੇ ਹਿਰਦੇ ਵਲੂੰਧਰਣ ਦੀ ਸ਼ਰਮਨਾਕ ਕਰਤੂਤ ਕੀਤੀ ਗਈ ਸੀ। ਅੱਜ ਤੋਂ ਕਰੀਬ ਤਿੰਨ ਸਾਲ ਪਹਿਲਾਂ ਚੋਰੀ ਹੋਏ ਪਾਵਨ ਸਰੂਪ,
ਧਮਕੀ ਵਾਲੇ ਪੋਸਟਰ ਅਤੇ ਕਰੀਬ ਪੌਣੇ ਤਿੰਨ ਸਾਲ ਪਹਿਲਾਂ ਵਾਪਰੇ ਬੇਅਦਬੀ ਕਾਂਡ ਨਾਲ ਸਬੰਧਤ ਥਾਣਾ ਬਾਜਾਖਾਨਾ ਵਿਖੇ ਦਰਜ ਹੋਏ ਤਿੰਨ ਵੱਖ-ਵੱਖ ਮਾਮਲੇ ਸੁਲਝਾਉਣ 'ਚ ਪੁਲਿਸ ਨੇ ਸਫ਼ਲਤਾ ਹਾਸਲ ਕਰ ਲਈ ਹੈ। ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਦੇ ਵੱਡੇ-ਵੱਡੇ ਅਧਿਕਾਰੀ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਮੌਜੂਦ ਰਹੇ ਅਤੇ ਉਨ੍ਹਾਂ ਦਾ ਕੇਂਦਰ ਵੀ ਕੋਟਕਪੂਰਾ ਹੀ ਬਣਿਆ ਰਿਹਾ ਪਰ ਹਰ ਅਧਿਕਾਰੀ ਨੇ ਕੋਈ ਟਿਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ।