
ਕਿਹਾ, ਕੰਗਨਾ ਅਪਣੀ ਜ਼ੁਬਾਨ ਨੂੰ ਕਾਬੂ ’ਚ ਰੱਖੇ, ਗ਼ਲਤ ਬੋਲੇਗੀ ਤਾਂ ਗ਼ਲਤ ਹੋਵੇਗਾ, ਅੰਮ੍ਰਿਤਪਾਲ ਸਿੰਘ ਨੂੰ ਜਲਦੀ ਰਿਹਾਅ ਕੀਤਾ ਜਾਵੇ
Baljit Singh Daduwal: ਦੇਸ਼ ਭਰ ਵਿਚ ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਮੋਹ ਰਵਾਇਤੀ ਪਾਰਟੀਆਂ ਤੋਂ ਭੰਗ ਹੁੰਦਾ ਜਾ ਰਿਹਾ ਹੈ। ਇਸ ਦੀ ਇਕ ਮਿਸਾਲ ਪੰਜਾਬ ਲੋਕ ਸਭਾ ਚੋਣਾਂ ਵਿਚ ਪੰਥਕ ਉਮੀਦਵਾਰਾਂ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਦੀ ਰਿਕਾਰਡ ਵੋਟਾਂ ਨਾਲ ਹੋਈ ਜਿੱਤ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਜ਼ਿਮਨੀ ਚੋਣਾਂ ਅਤੇ ਆਉਣ ਵਾਲੀਆਂ ਚੋਣਾਂ ਵਿਚ ਪੰਥਕ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਪੰਥ ਦਾ ਵੱਡਾ ਇਕੱਠ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿਤਾ ਜਾਵੇਗਾ। ਇਸ ਵਿਚ ਸਿੱਖ ਪੰਥ ਦੀਆਂ ਅਪਣੀਆਂ ਮੰਗਾਂ ਸਬੰਧੀ ਇਕ ਚਾਰਟਰ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਰਿਹਾਅ ਕਰੇ ਹੁਣ ਉਹ ਲੋਕ ਸਭਾ ਦੇ ਮੈਂਬਰ ਹਨ। ਉਹ ਅੱਜ ਕਰਨਾਲ ਦੇ ਡੇਰਾ ਕਾਰਸੇਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਕਮੇਟੀ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ, ਬਾਬਾ ਸੁੱਖਾ ਸਿੰਘ ਕਾਰਸੇਵਾ ਵਾਲੇ, ਗੁਰਵਿੰਦਰ ਸਿੰਘ ਧਮੀਜਾ, ਤੇਜੇਂਦਰ ਸਿੰਘ ਮੱਕੜ, ਇੰਦਰਪਾਲ ਸਿੰਘ, ਕੁਲਦੀਪ ਸਿੰਘ,ਵਰਿੰਦਰ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਈਆਂ ਜਾਣ। ਇਸ ਲਈ ਵੋਟਰ ਸੂਚੀ ਵਿਚ ਸੁਧਾਰ ਕੀਤੇ ਜਾਣ ਅਤੇ ਹਰਿਆਣਾ ਦੇ ਜਿਨ੍ਹਾਂ ਸਿੱਖਾਂ ਦੀਆਂ ਵੋਟਾਂ ਬਣਨ ਤੋਂ ਰਹਿ ਗਈਆਂ ਹਨ ਉਨ੍ਹਾਂ ਦੀਆਂ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਹੁੱਡਾ ਵਲੋਂ ਬਣਾਈ ਗਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਠ ਸਾਲ ਤਕ ਚਲ ਸਕਦੀ ਹੈ। ਫਿਰ ਸਰਕਾਰ ਨੂੰ ਇਸ ਮੌਜੂਦਾ ਕਮੇਟੀ ਦਾ ਕਾਰਜਕਾਲ ਵਧਾਉਣ ਵਿਚ ਕੀ ਇਤਰਾਜ਼ ਹੈ?
ਕੰਗਨਾ ਰਣੌਤ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਕੰਗਨਾ ਨੂੰ ਅਪਣੀ ਜ਼ੁਬਾਨ ’ਤੇ ਕਾਬੂ ਰਖਣਾ ਚਾਹੀਦਾ ਹੈ। ਜੇ ਉਹ ਗ਼ਲਤ ਬੋਲਦੀ ਹੈ, ਤਾਂ ਯਕੀਨੀ ਤੌਰ ’ਤੇ ਪ੍ਰਤੀਕਿਰਿਆ ਹੋਵੇਗੀ। ਉਨ੍ਹਾਂ ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਵਲੋਂ ਸ਼ਰਧਾਲੂਆਂ ’ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਉਹ ਖ਼ੂਨ-ਖ਼ਰਾਬੇ ਵਿਰੁਧ ਹਨ। ਸਾਰੇ ਦੇਸ਼ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ ।