
ਪੀੜਤਾਂ ਨੂੰ ਇਨਸਾਫ਼ ਅਤੇ ਨਿਆਂ ਦਿਵਾਉਣ ਲਈ ਸੰਘਰਸ਼ ਜਾਰੀ ਰਖਾਂਗੇ : ਘੋਲੀਆ
ਕੋਟਕਪੂਰਾ : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਸਿੱਖ ਵਿਰੋਧੀ ਕਤਲੇਆਮ ਦੌਰਾਨ ਹਰਿਆਣਾ ਦੇ ਗੁੜਗਾਉਂ-ਪਟੌਦੀ ਵਿਚ 47 ਸਿੱਖਾਂ ਨੂੰ ਬੁਰੀ ਤਰ੍ਹਾਂ ਮੌਤ ਦੇ ਘਾਟ ਉਤਾਰਦਿਆਂ 297 ਘਰਾਂ ਨੂੰ ਸਾੜ ਕੇ ਸੁਆਹ ਕਰ ਦਿਤਾ ਸੀ ਤੇ ਪਟੌਦੀ ਸ਼ਹਿਰ 'ਚ ਸਿੱਖ ਸਰਦਾਰਾਂ ਦੀਆਂ ਫ਼ੈਕਟਰੀਆਂ ਨੂੰ ਭੀੜ ਨੇ ਲੁੱਟ ਲਿਆ ਸੀ। 'ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ' ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਮੁਦੱਈ ਸੰਤੋਖ ਸਿੰਘ ਸਾਹਨੀ ਗੁੜਗਾਉਂ ਤੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਗਗਨਪ੍ਰਦੀਪ ਸਿੰਘ ਬੱਲ ਰਾਹੀਂ 26-04-2019 ਨੂੰ ਰਿੱਟ ਨੰ: 10904 ਹਾਈ ਕੋਰਟ 'ਚ 133 ਪਟੀਸ਼ਨਾਂ ਦਾਇਰ ਕੀਤੀਆਂ। ਜਿਸ ਦੀ ਮਾਣਯੋਗ ਜੱਜ ਤੇਜਿੰਦਰ ਸਿੰਘ ਢੀਂਡਸਾ ਦੀ ਅਦਾਲਤ 'ਚ ਸੁਣਵਾਈ ਸੀ।
Punjab and Haryana high court
ਜੱਜ ਸਾਹਿਬ ਨੇ ਧਿਆਨਪੂਰਵਕ ਕੇਸ ਨੂੰ ਦੇਖਦਿਆਂ ਅਗਲੀ ਤਾਰੀਖ 11 ਸਤੰਬਰ 'ਤੇ ਪਾ ਦਿਤੀ। ਪਟੀਸ਼ਨਰ ਕਰਤਾ ਨੇ ਮੰਗ ਕੀਤੀ ਕਿ ਟੀ.ਪੀ. ਗਰਗ ਕਮਿਸ਼ਨ ਦੀ ਰਿਪੋਰਟ ਨੂੰ ਪਬਲਿਕ ਕੀਤਾ ਜਾਵੇ ਅਤੇ ਪੀੜਤਾਂ ਨੂੰ ਉਸ ਦੀ ਕਾਪੀ ਦਿਤੀ ਜਾਵੇ ਤੇ 34 ਸਾਲਾਂ ਦਾ ਮਿਸ਼ਰਤ ਵਿਆਜ 18% ਜੋੜਿਆ ਜਾਵੇ। ਮੁੜ ਸੁਣਵਾਈ ਕਰ ਕੇ ਪੁਰਾਣੇ ਤੇ ਨਵੇ ਕੇਸਾਂ ਨੂੰ ਇਨਸਾਫ਼ ਤੇ ਮੁਆਵਜ਼ਾ ਦਿਤਾ ਜਾਵੇ। 'ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ' ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦਸਿਆ ਕਿ ਟੀ.ਪੀ. ਗਰਗ ਕਮਿਸ਼ਨ ਦੀ ਰਿਪੋਰਟ 'ਤੇ ਹਰਿਆਣਾ ਸਰਕਾਰ ਨੇ ਪੀੜਤਾਂ ਨੂੰ ਪ੍ਰਤੀ ਮੌਤ ਕੇਸ 20 ਲੱਖ ਸਾਰੇ ਘਰਾਂ ਨੂੰ 5-5 ਲੱਖ ਅਤੇ 2 ਲੱਖ ਗੰਭੀਰ ਜ਼ਖ਼ਮੀਆਂ ਲਈ ਕੁੱਲ ਰਾਸ਼ੀ 10.5 ਕਰੋੜ ਵੰਡ ਦਿਤੇ ਹਨ।
Darshan Singh and others
ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਤੇ ਨਿਆਂ ਦਿਵਾਉਣ ਲਈ ਕਾਨੂੰਨੀ ਚਾਰਾਜੋਈ ਰਾਹੀਂ ਅਪਣਾ ਸੰਘਰਸ਼ ਉਦੋਂ ਤਕ ਜਾਰੀ ਰਖਣਗੇ ਜਦੋਂ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਤੇ ਪੀੜਤ ਸੰਤੋਖ ਸਿੰਘ ਸਾਹਨੀ, ਜਰਨਲ ਸਕੱਤਰ ਗੁਰਜੀਤ ਸਿੰਘ ਪਟੌਦੀ ਆਦਿ ਵੀ ਹਾਜ਼ਰ ਸਨ।