
ਸਾਨੂੰ ਸਵੈ-ਪੜਚੋਲ ਕਰਨ ਦੀ ਲੋੜ ਹੈ ਕਿ ਅਸੀਂ ਕਲਗੀਧਰ ਪਿਤਾ ਜੀ ਦੀ ਗੋਦ ਛੱਡ ਕੇ ਦੰਭੀਆਂ-ਪਾਖੰਡੀਆਂ ਦੇ ਦਰਾਂ ’ਤੇ ਧੂੜ, ਧੁੱਪ, ਧੱਕੇ ਤਾਂ ਨਹੀਂ ਖਾ ਰਹੇ
ਕੋਟਕਪੂਰਾ : ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਨੇ ਅਪਣੇ ਚਾਰ ਪੁੱਤਰ ਵਾਰ ਕੇ ਸਾਨੂੰ ਅਪਣੀ ਗੋਦੀ ਵਿਚ ਬਿਠਾਇਆ ਹੈ ਪਰ ਸਾਨੂੰ ਸਵੈ-ਪੜਚੋਲ ਕਰਨ ਦੀ ਲੋੜ ਹੈ ਕਿ ਅਸੀਂ ਕਲਗੀਧਰ ਪਿਤਾ ਜੀ ਦੀ ਗੋਦ ਛੱਡ ਕੇ ਦੰਭੀਆਂ-ਪਾਖੰਡੀਆਂ ਦੇ ਦਰਾਂ ’ਤੇ ਧੂੜ, ਧੁੱਪ, ਧੱਕੇ ਤਾਂ ਨਹੀਂ ਖਾ ਰਹੇ।
ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ‘ਦਰਬਾਰ-ਏ-ਖ਼ਾਲਸਾ’ ਨੇ ਗੁ. ਸਾਹਿਬ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਏ ਗੁਰਮਤਿ ਸਮਾਗਮ ਦੌਰਾਨ ਵਿਲੱਖਣ ਸਿੱਖ ਇਤਿਹਾਸ ਦੀ ਸਾਂਝ ਪਾਉਂਦਿਆਂ ਦਸਿਆ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਨੇ 9 ਅਤੇ 7 ਸਾਲ ਦੀ ਉਮਰ ਵਿਚ ਸੂਬਾ ਸਰਹੰਦ ਵਲੋਂ ਦਿਤੇ ਵੱਡੇ-ਵੱਡੇ ਲਾਲਚਾਂ ਨੂੰ ਜੁੱਤੀ ਦੀ ਨੋਕ ਨਾਲ ਠੁਕਰਾਉਂਦਿਆਂ ਅਪਣੇ-ਆਪ ਨੂੰ ਨੀਹਾਂ ’ਚ ਚਿਣਵਾਉਂਦਿਆਂ ਹੱਸ-ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਜ਼ਾਲਮਾਂ ਨੇ 140 ਫੁੱਟ ਉਚੇ ਠੰਢੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿਤਾ।
ਉਨ੍ਹਾਂ ਦਸਿਆ ਕਿ ਠੰਢੇ ਬੁਰਜ ’ਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਲਾਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ 7 ਸਾਲ ਦੇ ਬੱਚੇ ਨਾਰਾਇਣ, 70 ਸਾਲਾ ਬਜ਼ੁਰਗ ਮਾਤਾ ਲੱਧੋ ਅਤੇ ਪਤਨੀ ਭੋਲੀ ਸਮੇਤ ਕੋਹਲੂ ’ਚ ਪੀੜ ਕੇ ਸ਼ਹੀਦ ਕਰ ਦਿਤਾ। ਭਾਈ ਮਾਝੀ ਵਲੋਂ ਹਕੀਮ ਮਿਰਜ਼ਾ ਅੱਲਾ ਯਾਰ ਖ਼ਾਂ ਯੋਗੀ ਦੀਆਂ ਲਿਖਤਾਂ ਗੰਜਿ-ਸ਼ਹੀਦਾਂ ਅਤੇ ਸ਼ਹੀਦਾਨ-ਵਫ਼ਾ ’ਚੋਂ ਸਾਂਝੇ ਕੀਤੇ ਬੋਲਾਂ ਨੂੰ ਸੁਣਦਿਆਂ ਹਾਜ਼ਰ ਸੰਗਤ ਦੀਆਂ ਅੱਖਾਂ ਵੈਰਾਗ ਦੇ ਅੱਥਰੂਆਂ ਨਾਲ ਭਰ ਗਈਆਂ। ਉਨ੍ਹਾਂ ਨਸ਼ਿਆਂ, ਕਰਮ ਕਾਂਡਾਂ, ਵਹਿਮਾਂ-ਭਰਮਾਂ ਅਤੇ ਦੰਭੀ-ਪਾਖੰਡੀਆਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਤੇ ਕਲਗੀਧਰ ਪਿਤਾ ਜੀ ਦੇ ਲਾਇਕ ਪੁੱਤਰ-ਧੀਆਂ ਬਣ ਕੇ ਅਪਣੇ ਜੀਵਨ ਨੂੰ ਸਫ਼ਲ ਬਣਾਉਣ ਲਈ ਪ੍ਰੇਰਿਤ ਕੀਤਾ।