
ਖੰਡੇ ਬਾਟੇ ਦੀ ਪਾਹੁਲ ਛਕ ਕੇ, ਨਸ਼ਿਆਂ ਦਾ ਤਿਆਗ ਕਰ ਕੇ ਅਤੇ ਗੁਰਬਾਣੀ ਨਾਲ ਜੁੜ ਕੇ ਧਾਰਮਿਕ ਤੌਰ ’ਤੇ ਮਜਬੂਤ ਹੋਣ ਸਿੱਖ- ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਪਵਿਤਰ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿੱਥੇ ਵਿਸ਼ਵ ਭਰ ਵਿਚ ਵਸਦੇ ਖਾਲਸਾ ਪੰਥ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿਤੀ ਗਈ ਤਾਂ ਉੱਥੇ ਹੀ ਉਹਨਾਂ ਨੇ ਸਿੱਖ ਸੰਗਤਾਂ ਨੂੰ ਧਾਰਮਿਕ, ਆਰਥਿਕ ਅਤੇ ਸਮਾਜਿਕ ਪੱਖੋਂ ਹੋਰ ਮਜਬੂਤ ਹੋਣ ਦੀ ਅਪੀਲ ਕੀਤੀ।
Giani Harpreet Singh
ਉਹਨਾਂ ਕਿਹਾ ਕਿ ਖਾਲਸਾ ਸਾਜਨਾ ਦਿਵਸ ਖਾਲਸੇ ਦਾ ਮਾਣ ਮੱਤਾ ਤੇ ਸ਼ਾਨ ਮੱਤਾ ਦਿਹਾੜਾ ਹੈ, ਜਿਸ ਨੂੰ ਹਰ ਸਾਲ ਖਾਲਸਾ ਪੰਥ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਵਿਖੇ ਵੀ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ।
Darbar Sahib
1706 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ’ਤੇ ਇਸ ਪੁਰਬ ਨੂੰ ਮਨਾਇਆ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਉੱਥੇ ਹਾਜਰੀਆਂ ਭਰਨ ਪਹੁੰਚੀਆਂ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਗੁਰੂ ਸਾਹਿਬ ਨੇ ਇਸ ਮਾਲਵੇ ਦੀ ਧਰਤੀ ਨੂੰ ‘ਗੁਰੂ ਕਾ ਮਾਲਵਾ’ ਕਹਿ ਕੇ ਸੰਬੋਧਿਤ ਕੀਤਾ ਸੀ।
Takht Sri Damdama Sahib
ਉਹਨਾਂ ਦੱਸਿਆ ਕਿ ਅੱਜ ਵੀ ਵਿਸਾਖੀ ਮੌਕੇ ਸੰਗਤਾਂ ਭਾਰੀ ਗਿਣਤੀ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਭਾਈਚਾਰੇ ਨੂੰ ਇਕ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅਸੀਂ ਖੰਡੇ ਬਾਟੇ ਦੀ ਪਾਹੁਲ ਛਕ ਕੇ, ਨਸ਼ਿਆਂ ਦਾ ਤਿਆਗ ਕਰ ਕੇ ਅਤੇ ਗੁਰਬਾਣੀ ਨਾਲ ਜੁੜ ਕੇ ਹੀ ਧਾਰਮਿਕ ਤੌਰ ’ਤੇ ਮਜਬੂਤ ਹੋ ਸਕਦੇ ਹਾਂ।