
ਐਸਆਈਟੀ ਵਲੋਂ ਅਦਾਲਤ ’ਚ ਪੇਸ਼ ਕੀਤੀਆਂ ਚਲਾਨ ਰੀਪੋਰਟਾਂ ਨਾਲ ਹੋਏ ਅਹਿਮ ਪ੍ਰਗਟਾਵੇ
ਕੋਟਕਪੂਰਾ (ਗੁਰਿੰਦਰ ਸਿੰਘ) : ਪੁਰਾਣੀ ਐਸਆਈਟੀ ਰੱਦ ਕਰ ਕੇ ਨਵੀਂ ਦੇ ਗਠਨ ਸਬੰਧੀ ਹਾਈਕੋਰਟ ਵਲੋਂ ਆਏ ਫ਼ੈਸਲੇ ਤੋਂ ਪਹਿਲਾਂ 15 ਮਾਰਚ ਸੋਮਵਾਰ ਨੂੰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਫ਼ਰੀਦਕੋਟ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਵਲੋਂ ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ ਚਲਾਨ ਰਿਪੋਰਟਾਂ ਵਿਚੋਂ ਜੇਕਰ 41 ਨੰਬਰ ਪੇਜ ਤੋਂ 48 ਨੰਬਰ ਤਕ ਦੀ ਸ਼ਬਦਾਵਲੀ ਪੜ੍ਹ ਲਈ ਜਾਵੇ ਤਾਂ ਸੱਭ ਕੁੱਝ ਸਮਝ ਆ ਸਕਦਾ ਹੈ।
Behbal Kalan kand
ਭਾਵੇਂ ਪਿਛਲੇ ਤਿੰਨ ਦਿਨਾਂ ਤੋਂ ਇਸ ਸਬੰਧੀ ਇਲੈਕਟ੍ਰਾਨਿਕ, ਪ੍ਰਿੰਟ ਅਤੇ ਸ਼ੋਸ਼ਲ ਮੀਡੀਆ ’ਤੇ ਵੀ ਉਕਤ 8 ਪੰਨਿਆਂ ਦੀ ਚਰਚਾ ਜ਼ੋਰਾਂ ’ਤੇ ਹੈ ਪਰ ਉਕਤ ਪੰਨਿਆਂ ਨੂੰ ਵਾਚਣ ’ਤੇ ਵਾਕਈ ਹੈਰਾਨੀਜਨਕ ਤੱਥ ਸਾਹਮਣੇ ਆਏ, ਜੋ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ, ਪੀੜਤ ਪ੍ਰਵਾਰਾਂ, ਪੰਥਦਰਦੀਆਂ, ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨਾਲ ਸਾਂਝੇ ਕਰਨੇ ਜ਼ਰੂਰੀ ਜਾਪੇ।
Kunwar Vijay Pratap
ਚਲਾਨ ਰਿਪੋਰਟ ਦੇ ਪੰਨਾ ਨੰਬਰ 41 ’ਤੇ ਲਿਖਿਆ ਹੈ ਕਿ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾਉਣ ਅਤੇ ਪਵਿੱਤਰ ਅੰਮ੍ਰਿਤ ਸੰਚਾਰ ਦੀ ਨਕਲ ਕਰਨ ਸਬੰਧੀ 20/05/2007 ਨੂੰ ਪੁਲਿਸ ਸਟੇਸ਼ਨ ਬਠਿੰਡਾ ਵਿਖੇ ਆਈਪੀਸੀ ਦੀ ਧਾਰਾ 295ਏ/298/153-ਏ ਤਹਿਤ ਸੌਦਾ ਸਾਧ ਵਿਰੁਧ ਦਰਜ ਐਫ਼ਆਈਆਰ ਨੰਬਰ 262/2007 ਪੰਜਾਬ ਵਿਧਾਨ ਸਭਾ ਚੋਣਾਂ ਦੇ ਦਿਨ 30/01/2012 ਤੋਂ ਸਿਰਫ ਪੰਜ ਦਿਨ ਪਹਿਲਾਂ ਭਾਵ 25/01/2012 ਨੂੰ ਰੱਦ ਹੋਣ ਦੀ ਘਟਨਾ ਦੀ ਐਸਆਈਟੀ ਵਲੋਂ ਕੀਤੀ ਪੜਤਾਲ ਵਿਚ ਸਾਹਮਣੇ ਆਇਆ ਕਿ ਉਕਤ ਕੰਮ ਉਸ ਸਮੇਂ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਪੰਜਾਬ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਕੀਤਾ ਗਿਆ, ਜਿਸ ਦਾ ਮਕਸਦ ਸਿਰਫ ਡੇਰਾ ਪੇ੍ਰਮੀਆਂ ਦੇ ਵੋਟ ਬੈਂਕ ਦੀ ਹਮਾਇਤ ਹਾਸਲ ਕਰਨਾ ਸੀ।
SIT
ਪੰਨ੍ਹਾ ਨੰਬਰ 42 ਮੁਤਾਬਕ ਪੰਜਾਬ ਪੁਲਿਸ ਵਿਚ ਏਡੀਜੀਪੀ ਇੰਟੈਲੀਜੈਂਸ, 1985 ਬੈਚ ਦੇ ਆਈਪੀਐਸ ਅਧਿਕਾਰੀ ਐਸਐਸ ਢਿੱਲੋਂ ਨੂੰ ਬਦਲ ਕੇ ਹੋਰ ਯੋਗ ਸੀਨੀਅਰ ਅਧਿਕਾਰੀ ਹੋਣ ਦੇ ਬਾਵਜੂਦ ਉਸ ਦੀ ਥਾਂ ਜੂਨੀਅਰ ਅਧਿਕਾਰੀ ਡੀਆਈਜੀ ਆਰ.ਕੇ. ਜੈਸਵਾਲ ਨੂੰ ਨਿਯੁਕਤ ਕਰਨ ਬਾਰੇ ਐਸਆਈਟੀ ਵਲੋਂ ਪੁੱਛਗਿੱਛ ਦੌਰਾਨ ਗ੍ਰਹਿ ਵਿਭਾਗ ਦੇ ਇੰਚਾਰਜ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ 19/11/2018 ਨੂੰ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਈ ਸੰਤੋਖਜਨਕ ਜਵਾਬ ਦੇਣ ਦੀ ਥਾਂ ਡੀਜੀਪੀ ਤੋਂ ਪੁੱਛਣ ਲਈ ਆਖਿਆ।
Sukhbir Singh Badal
ਜਦੋਂ ਐਸਆਈਟੀ ਨੇ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਸਹੀ ਜਵਾਬ ਗ੍ਰਹਿ ਮੰਤਰੀ ਹੀ ਦੇ ਸਕਦੇ ਹਨ। ਰਿਕਾਰਡ ਮੁਤਾਬਕ 10 ਅਕਤੂਬਰ 2015 ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਇਕ ਲੜੀ ਵਿਚ ਵਾਪਰੀਆਂ, ਜਿਸ ਵਿਚ ਬਰਗਾੜੀ ਦੀ 12 ਅਕਤੂਬਰ 2015 ਨੂੰ ਵਾਪਰੀ ਘਟਨਾ ਵੀ ਸ਼ਾਮਲ ਹੈ। ਇਹ ਗੱਲ ਇੰਟੈਲੀਜੈਂਸ ਚੀਫ਼ ਨੂੰ ਬਾਹਰ ਕਰਨ ਅਤੇ ਬੇਅਦਬੀ ਦੀਆਂ ਘਟਨਾਵਾਂ ਵਿਚਕਾਰ ਸਾਜ਼ਸ਼ ਬਾਰੇ ਦਰਸਾਉਂਦੀ ਹੈ। ਕਿਉਂਕਿ 10 ਅਕਤੂਬਰ 2015 ਤੋਂ 31 ਅਕਤੂਬਰ ਵਿਚਕਾਰ ਬੇਅਦਬੀ ਦੇ 15 ਕੇਸ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਦਰਜ ਹੋਏ।
Sumedh Saini
ਜਿਨ੍ਹਾ ਵਿਚ 12 ਅਕਤੂਬਰ 2015 ਬਰਗਾੜੀ (ਫ਼ਰੀਦਕੋਟ), 14 ਅਕਤੂਬਰ ਪਿੰਡ ਕੋਹਰੀਆਂ, ਦਿੜਬਾ (ਸੰਗਰੂਰ), 16 ਅਕਤੂਬਰ ਨੂੰ ਪਿੰਡ ਜਨੇਤਪੁਰ, ਡੇਰਾਬੱਸੀ (ਮੋਹਾਲੀ), ਪਿੰਡ ਬਾਠ (ਤਰਨਤਾਰਨ), ਪਿੰਡ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਅਤੇ ਪਿੰਡ ਨਾਜੂਸ਼ਾਹ ਮਿਸ਼ਰੀਵਾਲਾ, ਕੁਲਗੜੀ (ਫ਼ਿਰੋਜ਼ਪੁਰ), ਇਸੇ ਤਰ੍ਹਾਂ 17 ਅਕਤੂਬਰ ਨੂੰ ਕੋਹਰੇਵਾਲਾ, ਜੋਗਾ (ਮਾਨਸਾ), 18 ਅਕਤੂਬਰ ਘਵੱਦੀ, ਡੇਹਲੋਂ (ਲੁਧਿਆਣਾ), 19 ਅਕਤੂਬਰ ਨਿੱਜਰਪੁਰਾ, ਜੰਡਿਆਲਾਗੁਰੂ (ਅੰਮ੍ਰਿਤਸਰ), 20 ਅਕਤੂਬਰ ਗੁਰੂਸਰ ਦਿਆਲਪੁਰਾ (ਬਠਿੰਡਾ), 23 ਅਕਤੂਬਰ ਪਿੰਡ ਛੱਜਲਵੱਢੀ, ਜੰਡਿਆਲਾਗੁਰੂ (ਅੰਮ੍ਰਿਤਸਰ), 24 ਅਕਤੂਬਰ ਸੰਗਤਪੁਰਾ (ਬਠਿੰਡਾ), 25 ਅਕਤੂਬਰ ਪਿੰਡ ਨੀਲੋਕਲਾਂ, ਡੇਹਲੋਂ (ਲੁਧਿਆਣਾ) ਅਤੇ ਪਿੰਡ ਗੁੱਡੀਆਲ, ਆਦਮਪੁਰ (ਜਲੰਧਰ), 26 ਅਕਤੂਬਰ ਨੂੰ ਢਾਣੀ ਲਟਕਣ, ਅਬੋਹਰ (ਫ਼ਾਜ਼ਿਲਕਾ) ਵਿਖੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ।