
ਆਓ ਵਿਸਾਖੀ ਦਿਵਸ ’ਤੇ ਮੁਬਾਰਕਬਾਦ ਦੇ ਪਾਤਰ ਬਣਨ ਲਈ ਗੁਰਮੁਖੀ ਸਿੱਖੀਏ ਤੇ ਸਿਖਾਈਏ
Ravinder Singh Alamgir: ਵੈਸਾਖ ਮਹੀਨੇ ਦੀ ਬਹੁਤ ਹੀ ਮਹੱਤਤਾ ਹੈ ਸਿੱਖ ਫ਼ਲਸਫ਼ੇ ਅੰਦਰ ਕਿਉਂਕਿ ਇੱਕ ਵੈਸਾਖ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਾਜਨਾ ਪੁਰਬ ਹੈ । ਇਸ ਲਈ ਇਕ ਵੈਸਾਖ " ਵੈਸਾਖੀ ਪੁਰਬ " ਹੈ ਪੰਜ ਵੈਸਾਖ ਨੂੰ ਦੂਜੇ ਪਾਤਸ਼ਾਹ ਅਤੇ ਨੌਂਵੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਮੂਲ 2003 ਅਨੁਸਾਰ ਸਦਾ ਲਈ ਨਿਯਤ ਹੈ।
ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਿੱਥੇ " ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੈ ਖਟੀਐ ॥ " ਅਨੁਸਾਰ ਗੁਰ-ਉਪਦੇਸ ਦਿੜ੍ਰ ਕਰਾਉਣ ਦੇ ਨਾਲ- ਨਾਲ ਗੁਰਮੁਖੀ ਲਿਪੀ ਦਾ ਪਹਿਲਾ ਪਾਠ ਬੋਧ ਤਿਆਰ ਕੀਤਾ ਹੈ। ਨੌਂਵੇ ਪਾਤਸ਼ਾਹ ਸਾਹਿਬ ਸ੍ਰੀ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਆਪਾ ਕੁਰਬਾਨ ਕਰਨ ਦੀ ਜੁਗਤ ਮਨੁੱਖਤਾ ਨੂੰ ਸਮਝਾਈ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਚਿੰਤਕ ਗਿਆਨੀ ਰਵਿੰਦਰ ਸਿੰਘ ਆਲਮਗੀਰ ਹੋਰਾਂ ਨੇ ਕੀਤਾ ਉਹਨਾਂ ਨੇ ਕਿਹਾ ਕਿ ਇਨ੍ਹਾਂ ਇਤਿਹਾਸਿਕ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਵੱਲੋਂ ਗੁਰਮੁਖੀ ਲਿਪੀ ਚੇਤਨਾ ਵਹੀਰ ਦੀ ਆਰੰਭਤਾ ਇਕ ਚੇਤ ਨਾਨਕਸ਼ਾਹੀ ਸੰਮਤ 557 (14 ਮਾਰਚ 2025) ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਕੀਤੀ ਗਈ ਹੈ।
ਜਿਸ ਦਾ ਮਕਸਦ ਹੈ ਗੁਰਮੁਖੀ ਲਿਪੀ ਦੇ ਬੋਧ ਨੂੰ ਘਰ-ਘਰ ਪਹੁੰਚਾਉਣਾ। ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੀ ਲਿਖਣ ਲਿਪੀ ਗੁਰਮੁਖੀ ਹੈ ਇਸ ਲਈ ਜੇ ਗੁਰ-ਉਪਦੇਸ ਅਨੁਸਾਰ ਜੀਵਨ ਜਿਊਣ ਦੀ ਜੁਗਤ ਨੂੰ ਅਪਣਾਉਣਾ ਹੈ ਤੇ ਗੁਰਮੁਖੀ ਲਿਪੀ ਦਾ ਬੋਧ ਅਤਿਅੰਤ ਜਰੂਰੀ ਹੈ । ਆਓ ਵਿਸਾਖੀ ਦਿਵਸ ’ਤੇ ਮੁਬਾਰਕਬਾਦ ਦੇ ਪਾਤਰ ਬਣਨ ਲਈ ਗੁਰਮੁਖੀ ਸਿੱਖੀਏ ਤੇ ਸਿਖਾਈਏ । ਇਸ ਭਾਵਨਾ ਅਨੁਸਾਰ ਸੰਸਥਾ ਵੱਲੋਂ ਇੰਟਰਨੈੱਟ ਗੁਰਮੁਖੀ ਲਿਪੀ ਬੋਧ ਸਕੂਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।
ਵਿਸ਼ੇਸ਼ ਤੌਰ ’ਤੇ ਮਨੁੱਖਤਾ ਦੀ ਚਾਦਰ ਸਾਹਿਬ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਦਿਵਸ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਹਿੱਤ ਸੰਸਥਾ ਦੇ ਸੰਸਥਾਪਕ ਭਾਈ ਰਵਿੰਦਰ ਸਿੰਘ ਆਲਮਗੀਰ ਜਰਮਨੀ , ਕਨਵੀਨਰ ਭਾਈ ਸਕੱਤਰ ਸਿੰਘ ਚੱਕ ਸ਼ਕੂਰ ਅਤੇ ਭਾਈ ਹਰਭਾਗ ਸਿੰਘ ਅਨੰਦਪੁਰ ਸਾਹਿਬ ਵਾਲੇ ਕਨਵੀਨਰ ਪ੍ਰਚਾਰ ਵਹੀਰ ਜਰਮਨੀ ਵੱਲੋਂ ਵਿਦੇਸ਼ ਵਿੱਚ ਪ੍ਰਚਾਰ ਪ੍ਰਸਾਰ ਪ੍ਰੋਗਰਾਮ ਉਲੀਕਿਆ ਗਿਆ ਹੈ ਜੋ ਵੱਖ ਵੱਖ ਦੇਸ਼ਾਂ ਵਿੱਚ ਸੰਤਬਰ ਮਹੀਨੇ ਤੱਕ ਗੁਰਮਤਿ ਪ੍ਰਚਾਰ ਕਰਨਗੇ ਉਪਰੰਤ ਪੰਜਾਬ ਵਿੱਚ ਗੁਰਮਤਿ ਚੇਤਨਾ ਸਮਾਗਮ ਕੀਤੇ ਜਾਣਗੇ।
11 ਮੱਘਰ 24 ਨਵੰਬਰ 2025 ਈ. 350 ਸਾਲਾ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਗੜ੍ਹਸ਼ੰਕਰ ਤਹਿਸੀਲ ਵਿੱਚ ਗੁਰਮਤਿ ਚੇਤਨਾ ਸਮਾਗਮ ਹੋਵੇਗਾ ।