
ਸ਼ਿਲਾਂਗ 'ਚ ਵਸਦੇ ਪੰਜਾਬੀਆਂ ਦਾ ਉਜਾੜਾ ਰੋਕਣ ਲਈ ਸਰਕਾਰ ਨੂੰ ਸੰਜੀਦਾ ਭੂਮਿਕਾ ਨਿਭਾਉਣ ਦੀ ਕੀਤੀ ਅਪੀਲ
ਅੰਮ੍ਰਿਤਸਰ : ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਖੇ ਇਕ ਕਲੋਨੀ ਵਿਚ ਵਸਦੇ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ 'ਤੇ ਸ਼ਿਲਾਂਗ ਗਏ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਲੋਂ ਮੇਘਾਲਿਆ ਦੇ ਸੈਕਟਰੀਏਟ ਵਿਖੇ ਮੇਘਾਲਿਆ ਦੇ ਗ੍ਰਹਿ ਮੰਤਰੀ ਜੇਮਸ ਸੰਗਮਾ ਨਾਲ ਮੁਲਾਕਾਤ ਕੀਤੀ ਗਈ।
Shillong Sikhs
ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਮੈਂਬਰਾਂ ਸ. ਹਰਪਾਲ ਸਿੰਘ ਜੱਲ੍ਹਾ, ਸ. ਭਗਵੰਤ ਸਿੰਘ ਸਿਆਲਕਾ ਤੇ ਸ. ਪਰਮਜੀਤ ਸਿੰਘ ਸਰੋਆ ਤੋਂ ਇਲਾਵਾ ਸਥਾਨਕ ਸਿੱਖ ਆਗੂ ਸ. ਗੁਰਜੀਤ ਸਿੰਘ, ਸ. ਸੰਗਮ ਸਿੰਘ, ਸ. ਰੋਹਿਤ ਸਿੰਘ ਆਦਿ ਮੌਜੂਦ ਸਨ। ਮੁਲਾਕਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦੇ ਮੇਘਾਲਿਆ ਦੇ ਗ੍ਰਹਿ ਮੰਤਰੀ ਨੂੰ ਸਥਾਨਕ ਪੰਜਾਬੀਆਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਲਈ ਕਿਹਾ। ਉਨ੍ਹਾਂ ਆਖਿਆ ਕਿ ਸ਼ਿਲਾਂਗ ਵਿਖੇ 200 ਸਾਲਾਂ ਤੋਂ ਵਸ ਰਹੇ ਪੰਜਾਬੀਆਂ ਨੂੰ ਉਜਾੜਾ ਕਿਸੇ ਵੀ ਜਾਇਜ਼ ਨਹੀਂ ਹੈ।
Shillong-2
ਇਹ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਵਫ਼ਦ ਮੈਂਬਰਾਂ ਨੇ ਗ੍ਰਹਿ ਮੰਤਰੀ ਨੂੰ ਸ਼ਿਲਾਂਗ ਦੇ ਪੰਜਾਬੀਆਂ ਅਤੇ ਸਿੱਖਾਂ ਨੂੰ ਮਿਲੇ ਧਮਕੀ ਪੱਤਰ ਬਾਰੇ ਵੀ ਉੱਚ ਪਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਉਥੇ ਵਸਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ। ਮੇਘਾਲਿਆ ਦੇ ਮੁੱਖ ਮੰਤਰੀ ਦੀ ਦਿੱਲੀ ਫੇਰੀ ਕਾਰਨ ਗ੍ਰਹਿ ਮੰਤਰੀ ਨੂੰ ਮਿਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ।
Shillong
ਸ. ਪਰਮਜੀਤ ਸਿੰਘ ਸਰੋਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਭਰੋਸਾ ਦਿਤਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਫ਼ਦ ਮੈਂਬਰਾਂ ਨੇ ਸ਼ਿਲਾਂਗ ਵਿਖੇ ਪੰਜਾਬੀ ਕਲੋਨੀ ਦੇ ਨਿਵਾਸੀਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਲੋੜੀਂਦੀ ਮਦਦ ਦਾ ਭਰੋਸਾ ਦਿਤਾ। ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਸਥਾਨਕ ਗੁਰਦੁਆਰਾ ਸਾਹਿਬਾਨ ਵਿਖੇ ਵੀ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ।