
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਇਕ ਮੀਟਿੰਗ ਚੇਅਰਮੈਨ ਨਿਰਮਲ ਸਿੰਘ ਐਸ ਐਸ ਦੀ ਅਗਵਾਈ ਹੇਠ ਹੋਈ..................
ਸਰਹਿੰਦ : ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਇਕ ਮੀਟਿੰਗ ਚੇਅਰਮੈਨ ਨਿਰਮਲ ਸਿੰਘ ਐਸ ਐਸ ਦੀ ਅਗਵਾਈ ਹੇਠ ਹੋਈ ਜਿਸ ਵਿਚ 21 ਫ਼ਰਵਰੀ 2016 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 5 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਦਾ ਨਾਮ ਬਦਲ ਕੇ ਹੁਣ ਸਰਕਾਰ ਵਲੋਂ ਬਾਬਾ ਮੋਤੀ ਰਾਮ ਮਹਿਰਾ ਪਾਰਕ ਰੱਖ ਦੇਣ ਕਾਰਨ ਜ਼ਬਰਦਸਤ ਰੋਸ ਪਾਇਆ ਗਿਆ ਹੈ ਅਤੇ ਇਸ ਹੋਈ ਤਬਦੀਲੀ ਨੂੰ ਯਾਦਗਾਰ ਨੂੰ ਪਾਰਕ ਦਾ ਨਾਮ ਦੇਣਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਮਹਾਨ ਸ਼ਹਾਦਤ ਨਾਲ ਹੋਇਆ ਖਿਲਵਾੜ ਦਸਿਆ।
ਇਸ ਮੌਕੇ ਚੇਅਰਮੈਨ ਐਸ ਐਸ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਹੀਦੀ ਯਾਦਗਾਰ ਦੇ ਨਾਮ ਨੂੰ ਪਾਰਕ ਵਿਚ ਤਬਦੀਲ ਕਰਨਾ ਬਹੁਤ ਹੀ ਘਿਨਾਉਣੀ ਸਾਜ਼ਸ਼ ਲਗਦੀ ਹੈ ਜਿਸ ਬਾਰੇ ਉਹ ਮੁੱਖ ਮੰਤਰੀ ਅਤੇ ਸਬੰਧਤ ਮੰਤਰੀ ਨੂੰ ਰੋਸ ਪੱਤਰ ਲਿਖ ਕੇ ਇਸ ਦਾ ਨਾਮ ਜੋ ਨੀਂਹ ਪੱਥਰ ਰੱਖਣ ਵੇਲੇ ਸੀ ਉਹੀ ਜਾਵੇ ਨਹੀਂ ਤਾਂ ਮਹਿਰਾ ਬਰਾਦਰੀ ਦਾ ਸਰਕਾਰ ਨੂੰ ਸਾਹਮਣਾ ਕਰਨਾ ਪਵੇਗਾ।
ਇਸ ਕਾਰਜਕਾਰਨੀ ਦੀ ਹੋਈ ਮੀਟਿੰਗ ਵਿਚ ਸ਼ਹੀਦੀ ਜੋੜ ਮੇਲ ਦੇ ਅਗਾਊਂ ਪ੍ਰਬੰਧਾਂ ਬਾਰੇ ਬਿਲਡਿੰਗ, ਲੰਗਰ ਅਤੇ ਹੋਰ ਫੁਟਕਲ ਕੰਮਾਂ ਬਾਰੇ 14 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਠੇਕੇਦਾਰ ਰਣਜੀਤ ਸਿੰਘ ਜਲੰਧਰ ਸਰਪ੍ਰਸਤ, ਡਾ. ਪ੍ਰੇਮ ਸਿੰਘ ਜਨਰਲ ਸਕੱਤਰ, ਕਰਮਜੀਤ ਸਿੰਘ ਤਾਜਪੁਰੀ ਸਕੱਤਰ, ਜੈ ਕ੍ਰਿਸ਼ਨ ਅਤੇ ਸੁਖਦੇਵ ਸਿੰਘ ਮੀਤ ਪ੍ਰਧਾਨ, ਰਾਜ ਕੁਮਾਰ ਪਾਤੜਾਂ ਪ੍ਰਚਾਰ ਸਕੱਤਰ ਆਦਿ ਮੈਂਬਰ ਹਾਜ਼ਰ ਸਨ।