
320 ਪ੍ਰਵਾਰਾਂ ਨੂੰ 7500 ਰੁਪਏ ਪ੍ਰਤੀ ਪ੍ਰਵਾਰ ਰਾਹਤ ਵਜੋਂ ਵੰਡੇ
ਮੁੰਬਈ,: ਸਿੱਖ ਕੌਮ ਪ੍ਰਤੀ ਅਪਣੀ ਖੁੱਲ੍ਹਦਿਲੀ ਅਤੇ ਵਚਨਬਧਤਾ ਦਰਸਾਉਂਦੇ ਹੋਏ ਮੁੰਬਈ ਦੇ ਸਿੱਖ ਆਗੂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰ ਕੇ ਛੋਟੇ ਅਤੇ ਅਤਿ ਛੋਟੇ ਕਿਸਾਨ ਪ੍ਰਵਾਰਾਂ ਦੀ ਮਦਦ ਕਰਨ ਪਹੁੰਚੇ। ਇਹ ਉਪਰਾਲਾ ਹੜ੍ਹਾਂ ਦੇ ਕਹਿਰ ਹੇਠ ਦਲ-ਦਲ ਬਣੀਆਂ ਜ਼ਮੀਨਾਂ ਵਿਚ ਹੋਈ ਫ਼ਸਲ ਦੀ ਬਰਬਾਦੀ ਤੋਂ ਕਿਸਾਨਾਂ ਨੂੰ ਮੁੜ ਸੰਭਲਣ ਦਾ ਮੌਕਾ ਦੇਣ ਲਈ ਕੀਤਾ ਗਿਆ। ਸ੍ਰੀ ਗੁਰੂ ਸਿੰਘ ਸਭਾ ਮੁੰਬਈ ਦਾਦਰ ਨੇ ਮੁੰਬਈ ਅਤੇ ਐਮ. ਐਮ. ਰੀਜਨ ਗੁਰਦੁਆਰਾ ਸਾਹਿਬ, ਮੁੰਬਈ ਦੀ ਸੰਗਤ, ਸੇਵਕ ਜਥੇ ਅਤੇ ਇਸਤਰੀ ਸਤਿਸੰਗ ਸਭਾ ਦੇ ਮਿਲਵਰਤਣ ਨਾਲ ਪੰਜਾਬ ਵਿਚ ਫ਼ਿਰੋਜ਼ਪੁਰ ਜ਼ਿਲੇ੍ਹ ਦੇ ਪਿੰਡ ਧੀਰਾ ਘਾਰਾ, ਟੱਲੀਗਲਾਮ ਅਤੇ ਬਸਤੀ ਰੱਤੋਕੇ ਦੇ ਕੋਈ 320 ਪ੍ਰਵਾਰਾਂ ਨੂੰ 7500 ਰੁਪਏ ਪ੍ਰਤੀ ਪ੍ਰਵਾਰ ਰਾਹਤ ਵਜੋਂ ਵੰਡੇ। ਇਸ ਨਾਲ ਹੀ ਇਕ ਮੰਦਰ ਅਤੇ 4 ਗੁਰਦੁਆਰਿਆਂ ਨੂੰ 11000 ਰੁਪਏ ਪ੍ਰਤੀ ਸੰਸਥਾ ਦਿਤੇ ਗਏ।
ਇਸ ਮੁਹਿੰਮ ਦੇ ਮੋਢੀ ਕੁਲਵੰਤ ਸਿੰਘ ਜੋ ਮੁੰਬਈ ਤੋਂ ਪਿਛਲੇ 3 ਮਹੀਨਿਆਂ ਵਿਚ ਇਨ੍ਹਾਂ ਪਿੰਡਾਂ ਦੇ ਗੇੜੇ ਮਾਰ ਰਹੇ ਹਨ, ਉਨ੍ਹਾਂ ਨੇ ਦਸਿਆ ਕਿ “ਜਿੰਨਾ ਨੁਕਸਾਨ ਹੋਇਆ ਹੈ ਉਸ ਨਾਲ ਹਿਰਦਾ ਵਲੂੰਦਰਿਆ ਗਿਆ ਸੀ। 5 ਫੁੱਟ ਪਾਣੀ ਨਾਲ ਘਰ ਦਬੇ ਹੋਏ ਸਨ। ਫ਼ਸਲ ਬਰਬਾਦ ਹੋ ਚੁੱਕੀ ਸੀ ਅਤੇ ਡੰਗਰ, ਔਜ਼ਾਰ ਤੇ ਸਮਾਨ ਨੂੰ ਭਾਰੀ ਨੁਕਸਾਨ ਹੋਇਆ ਸੀ। ਫ਼ਸਲ ਬਰਬਾਦ ਹੋ ਚੁੱਕੀ ਸੀ ਅਤੇ ਅਗਲੇ ਗੇੜ ਦੀ ਬਿਜਾਈ ਲਈ ਮਦਦ ਦੀ ਸਖ਼ਤ ਜ਼ਰੂਰਤ ਸੀ। ਇਸ ਔਖੀ ਘੜੀ ਵਿਚ ਸਾਡਾ ਅਪਣੇ ਭਰਾਵਾਂ ਨਾਲ ਖੜਨਾ ਸਾਡਾ ਵੱਡਾ ਫ਼ਰਜ਼ ਸੀ।
ਉਨ੍ਹਾਂ ਨੇ ਅੱਗੇ ਦਸਿਆ ਕਿ ਉਨ੍ਹਾਂ ਨੇ ਪਹਿਲੀ ਫੇਰੀ ਮਹਿਸੂਸ ਕੀਤਾ ਕਿ ਖੜੇ ਪਾਣੀ ਨਾਲ ਫੈਲੀ ਬੀਮਾਰੀ ਕਾਰਨ ਪੀੜਤਾਂ ਦਾ ਇਲਾਜ ਕੀਤਾ ਜਾਵੇ। ਉਸ ਵੇਲੇ ਕੋਈ 2 ਲੱਖ ਰੁਪਏ ਦੀਆਂ ਦਵਾਈਆਂ ਵੰਡੀਆਂ ਗਈਆਂ ਸਨ। ਸਿੰਘ ਸਭਾ ਮੁੰਬਈ, ਦਾਦਰ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ 5 ਲੱਖ ਰੁਪਏ ਖ਼ਾਲਸਾ ਏਡ ਨੂੰ ਵੀ ਦਿਤੇ ਸਨ। ਇਸ ਤਰ੍ਹਾਂ ਇਹ ਭਰਪੂਰ ਸ਼ਲਾਘਾਯੋਗ ਕਾਰਵਾਈ ਹੈ। ਸਿੰਘ ਸਭਾ ਮੁੰਬਈ ਨੇ ਪੰਜਾਬ ਵਿਚ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਨੂੰ 35 ਲੱਖ ਰੁੁਪਏ ਦੀ ਮਦਦ ਮੁਹਈਆ ਕਰਵਾਈ ਹੈ।
ਸੰਸਥਾ ਅਕਾਲ ਪੁਰਖ ਕੀ ਫ਼ੌਜ ਦੇ ਮੁਖੀ ਐਡਵੋਕੇਟ ਜਸਵਿੰਦਰ ਸਿੰਘ ਜਿਨ੍ਹਾਂ ਨੇ ਇਸ ਸਾਰੇ ਉਦਮ ਲਈ ਤਾਲਮੇਲ ਕਰਵਾਇਆ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ“ਇਹ ਕੋਈ ਸਿਰਫ਼ ਰਕਮ ਦੇਣ ਦੀ ਗੱਲ ਨਹੀਂ ਇਹ ਹਰ ਇਕ ਪ੍ਰਭਾਵਤ ਪ੍ਰਵਾਰ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ। ਅਸੀਂ ਤਿੰਨਾਂ ਪਿੰਡਾਂ ਵਿਚ ਸਬੰਧਤ ਪ੍ਰਵਾਰਾਂ ਦੀਆਂ ਸੂਚੀਆ ਬਣਾਈਆ ਉਨ੍ਹਾਂ ਦੀ ਦੁਬਾਰਾ ਪੜਤਾਲ ਕੀਤੀ ਤਾਂ ਜੋ ਕੋਈ ਵੀ ਰਹਿ ਨਾ ਜਾਏ।” ਉਨ੍ਹਾਂ ਅੱਗੇ ਕਿਹਾ ਕਿ ਹੋਰ ਸੰਸਥਾਵਾਂ ਨੂੰ ਵੀ ਇਸੇ ਤਰ੍ਹਾਂ ਇਕ ਦੁਕਾ ਸੇਵਾ ਕਰਨ ਦੀ ਬਜਾਏ ਸਮੁੱਚੇ ਪਿੰਡਾਂ ਨੂੰ ਮੁਤਬੰਨਾ ਬਣਾ ਕੇ ਪਿੰਡ ਵਾਸੀਆਂ ਦੀ ਖ਼ੁਸ਼ਹਾਲੀ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਇਸ ਕਾਰਜ ਦਾ ਮੁੱਖ ਮੰਤਵ ਕਿਸਾਨਾਂ ਨੂੰ ਅਪਣੇ ਪੈਰਾਂ ’ਤੇ ਖੜੇ ਹੋਣ ਲਈ ਸਮਰੱਥਾ ਦਿਤੀ ਜਾਵੇ। ਇਸ ਗੱਲ ਦਾ ਪ੍ਰਗਟਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਮੋਢੀ ਗਿਆਨੀ ਕੇਵਲ ਸਿੰਘ ਨੇ ਕਹੀ, ਜੋ ਕਿ ਰਕਮ ਵੰਡ ਵੇਲੇ ਉਥੇ ਮੌਜੂਦ ਸਨ, ਜਿਨ੍ਹਾਂ ਨੇ ਪੀੜਤ ਪ੍ਰਵਾਰਾਂ ਦੇ ਮੁੜ ਵਸੇਬੇ ਲਈ ਅਰਦਾਸ ਕੀਤੀ ਸੀ। ਸਿੰਘ ਸਭਾ ਮੁੰਬਈ ਦੇ ਮੋਢੀ ਆਗੂ ਸੁਖਵਿੰਦਰ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਗਿੱਲ ਅਤੇ ਸੁਖਵਿੰਦਰ ਸਿੰਘ ਚਾਵਲਾ ਨੇ ਪ੍ਰਵਾਰਾਂ ਨੂੰ ਚੈੱਕ ਤਕਸੀਮ ਕਰਨ ਦੇ ਕੰਮ ਵਿਚ ਪੂਰੀ ਤਨਦੇਹੀ ਅਤੇ ਬਿਨਾਂ ਵਿਤਕਰੇ ਤੋਂ ਸੇਵਾ ਨਿਭਾਈ।
ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਿੰਘ ਸਭਾ ਮੁੰਬਈ, ਦਾਦਰ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਜੋ ਪਿਛਲੇ 3 ਦਿਨਾਂ ਤੋਂ ਇਨ੍ਹਾਂ ਪਿੰਡਾਂ ਵਿਚ ਸੇਵਾ ਨਿਭਾ ਰਹੇ ਸਨ, ਨੇ ਪੂਰੀ ਨਿਰਮਤਾ ਨਾਲ ਦਸਿਆ ਕਿ “ਜਦ ਕੋਈ ਵੱਡੀ ਮੁਸੀਬਤ ਆ ਜਾਂਦੀ ਹੈ ਤਾਂ ਸਾਡਾ ਫ਼ਰਜ਼ ਹੈ ਕਿ ਅਸੀਂ ਅੱਗੇ ਆਈਏ। ਨਾ ਸਿਰਫ਼ ਜਾਤੀ ਤੌਰ ’ਤੇ ਬਲਕਿ ਜਮਾਤੀ ਤੌਰ ’ਤੇ ਵੀ। ਪੰਜਾਬ ਦੇ ਲੋਕਾਂ ਦੀ ਮਦਦ ਕਰਨਾ ਸਾਡਾ ਬੁਨਿਆਦੀ ਫਰਜ਼ ਹੈ।”