
ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਤਾਂ 18 ਲੱਖ ਪਈ ਸੀ ਤੇ ਹੁਣ ਮੈਂਬਰਸ਼ਿਪ ਵਿਚ 35 ਲੱਖ ਦੀ ਭਰਤੀ ਕਿਵੇਂ ਹੋ ਗਈ?
Giani Harpreet Singh targeted Sukhbir Badal News in punjabi: ਬਠਿੰਡਾ ਪੁੱਜੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁੜ ਕਹਾਣੀ ਦੇ ਜ਼ਰੀਏ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਗੌੜਿਆਂ ਨੇ ਆਪਣੀ ਭਰਤੀ ਸ਼ੁਰੂ ਕੀਤੀ ਹੋਈ ਹੈ।
ਸ੍ਰੀ ਅਕਾਲ ਤਖ਼ਤ ਵਲੋਂ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਇਨ੍ਹਾਂ ਭਗੌੜਿਆਂ ਨੇ ਦਰ-ਕਿਨਾਰ ਕੀਤਾ ਹੋਇਆ ਹੈ। ਬਾਦਲ ਪਰਿਵਾਰ ਹਮੇਸ਼ਾ ਮੇਰੇ 'ਤੇ ਆਰੋਪ ਲਾਉਂਦਾ ਸੀ ਕਿ ਮੇਰੀ ਭਾਜਪਾ ਨਾਲ ਸਾਂਝ ਹੈ। ਬੀਤੇ ਦਿਨ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਸਮਾਗਮ ਵਿੱਚ ਸਾਰੇ ਭਾਜਪਾ ਲੀਡਰ ਹੀ ਸਨ, ਮੈਂ ਤਾਂ ਇਕ, ਦੋ ਜਣੇ ਨੂੰ ਮਿਲਿਆ ਇਹ ਤਾਂ ਵਿਆਹ ਵਿਚ ਕਿੰਨਿਆਂ ਨੂੰ ਮਿਲੇ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਮੈਨੂੰ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਕੁਝ ਲੋਕਾਂ ਨੇ ਮੇਰਾ ਅਪਮਾਨ ਕਰਨ ਦਾ ਯਤਨ ਕੀਤਾ ਪਰ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਕੋਈ ਕਿਸੇ ਦਾ ਅਪਮਾਨ ਨਹੀਂ ਕਰ ਸਕਦਾ। ਮੈਨੂੰ ਅਕਾਲ ਪੁਰਖ ਦੀ ਅਦਾਲਤ 'ਤੇ ਪੂਰਾ ਭਰੋਸਾ ਤੇ ਉਹੀ ਇਨਸਾਫ਼ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਲੋਕ ਸਭਾ ਦੀ ਚੋਣ ਹੋਈ ਉਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਤਾਂ 18 ਲੱਖ ਪਈ ਸੀ ਤੇ ਹੁਣ ਮੈਂਬਰਸ਼ਿਪ ਵਿਚ 35 ਲੱਖ ਦੀ ਭਰਤੀ ਕਿਵੇਂ ਹੋ ਗਈ?