
ਕਿਹਾ - ਮੋਦੀ ਵਲੋਂ 1984 ਕਤਲੇਆਮ 'ਤੇ ਦਿਤੀਆਂ ਜਾ ਰਹੀਆਂ ਟਿਪਣੀਆਂ ਦੀ ਅਸਲ ਭਾਵਨਾ ਸਿਰਫ਼ ਵੋਟਾਂ ਬਟੋਰਨਾ ਹੈ ਨਾ ਕਿ ਪੀੜਤ ਕੌਮ ਨੂੰ ਇਨਸਾਫ਼ ਦਿਵਾਉਣਾ
ਅੰਮ੍ਰਿਤਸਰ : ਦਲ ਖ਼ਾਲਸਾ ਨੇ ਭਾਜਪਾ ਅਤੇ ਕਾਂਗਰਸ ਨੂੰ ਨਵੰਬਰ 1984 ਸਿੱਖ ਕਤਲੇਆਮ ਉਪਰ ਗੰਧਲੀ ਰਾਜਨੀਤੀ ਕਰਨ ਲਈ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਹਾਂ ਹੀ ਰਾਜਨੀਤਕ ਪਾਰਟੀਆਂ ਦੇ ਦਾਮਨ ਉਪਰ ਨਿਰਦੋਸ਼ ਲੋਕਾਂ ਨੂੰ ਕਤਲ ਕਰਨ ਦੇ ਦਾਗ਼ ਮੌਜੂਦ ਹਨ। ਦਲ ਖ਼ਾਲਸਾ ਨੇ ਅਪਣੇ ਲੋਕ ਸਭਾ ਚੋਣਾਂ ਦੇ ਬਾਈਕਾਟ ਦੇ ਫ਼ੈਸਲੇ ਨੂੰ ਦੁਹਰਾਉਂਦਿਆਂ ਹੋਇਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ, ਬਾਦਲ ਅਤੇ ਗਾਂਧੀ ਦੀਆਂ ਛਲਾਵੇ ਭਰੀਆਂ ਗੱਲਾਂ ਤੋਂ ਸੁਚੇਤ ਰਹਿਣ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਵਲੋਂ 1984 ਕਤਲੇਆਮ 'ਤੇ ਦਿਤੀਆਂ ਜਾ ਰਹੀਆਂ ਟਿਪਣੀਆਂ ਦੀ ਅਸਲ ਭਾਵਨਾ ਸਿਰਫ਼ ਵੋਟਾਂ ਬਟੋਰਨਾ ਹੈ ਨਾ ਕਿ ਪੀੜਤ ਕੌਮ ਨੂੰ ਇਨਸਾਫ਼ ਦਿਵਾਉਣਾ।
Sukhbir Badal - Parkash Singh Badal
ਉਨ੍ਹਾਂ ਨਰਿੰਦਰ ਮੋਦੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਅਪਣੇ ਰਾਜਕਾਲ ਮੌਕੇ 2002 ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਰਾਹੁਲ ਗਾਂਧੀ ਵਲੋਂ ਬੀਤੇ ਦਿਨ ਪੰਜਾਬ ਅੰਦਰ ਰੈਲੀ ਨੂੰ ਸੰਬੋਧਨ ਕਰਦਿਆਂ 84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਰਨ ਨੂੰ ਮਹਿਜ਼ ਇਕ ਰਾਜਨੀਤਕ ਸਟੰਟ ਦਸਦਿਆਂ ਕਿਹਾ ਕਿ ਪਿਛਲੇ 35 ਸਾਲਾਂ ਤੋਂ ਕਾਂਗਰਸ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦਿਆਂ ਉਨ੍ਹਾਂ ਨੂੰ ਉਚ ਅਹੁਦਿਆਂ ਨਾਲ ਨਿਵਾਜਦੀ ਆ ਰਹੀ ਹੈ। ਕਾਂਗਰਸੀ ਆਗੂ ਸੈਮ ਪਿਤਰੋਦਾ ਵਲੋਂ ਦਿਤੀ ਗਈ ਟਿਪਣੀ “ਹੂਆ ਤੋ ਹੂਆ” ਨੂੰ ਸ਼ਰਮਨਾਕ ਦਸਿਆ।
Narender Modi
ਉਨ੍ਹਾਂ ਕਿਹਾ ਕਿ ਜਿਥੇ 1984 ਵਿਚ ਦਿੱਲੀ ਅਤੇ ਹੋਰਨਾਂ ਥਾਵਾਂ 'ਤੇ ਹੋਏ ਸਿੱਖ ਕਤਲੇਆਮ ਲਈ ਮੌਕੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਹੇਠ ਕਾਂਰਸੀਆਂ ਨੇ ਮੋਹਰੀ ਭੂਮਿਕਾ ਨਿਭਾਈ ਸੀ ਉਥੇ ਹੀ ਭਾਜਪਾ ਅਤੇ ਆਰ.ਐਸ.ਐਸ. ਦੇ ਕੁੱਝ ਜਾਨੂੰਨੀ ਅਤੇ ਫ਼ਿਰਕਾਪ੍ਰਸਤ ਅਨਸਰ ਵੀ ਇਸ ਨਰਸਿਹਾਰ ਵਿਚ ਭਾਈਵਾਲ ਰਹੇ ਸਨ।
Dal Khalsa
ਭਾਜਪਾ ਨੇਤਾਵਾਂ ਦੀਆਂ ਮਾੜੀ ਮਨਸ਼ਾ ਉਤੇ ਸਵਾਲੀਆ ਚਿੰਨ੍ਹ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਹੀ ਪੰਜਾਬ ਸਮੱਸਿਆ ਦਾ ਰਾਜਨੀਤਕ ਹੱਲ ਤਲਾਸ਼ਣ ਦੀ ਥਾਂ ਫ਼ੌਜ ਨੂੰ ਪੰਜਾਬ ਭੇਜਣ ਦੀ ਵਕਾਲਤ ਕੀਤੀ ਸੀ ਅਤੇ ਇੰਦਰਾ ਗਾਂਧੀ ਵਾਲੀ ਸਰਕਾਰ ਨੂੰ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਨ ਲਈ ਉਕਸਾਇਆ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਮੋਦੀ ਦੀ ਪ੍ਰਸਿੱਧੀ ਦੇ ਮੋਢਿਆਂ 'ਤੇ ਚੜ੍ਹਕੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ ਕਰ ਰਹੇ ਹਨ।