
ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਅਤੇ ਆਰ.ਐਸ.ਐਸ. ਦੀ ਗੁਲਾਮੀ 'ਚੋਂ ਆਜ਼ਾਦ ਕਰਾਉਣ ਲਈ ਟਕਸਾਲੀ ਆਗੂ ਅੱਗੇ ਆਉਣ : ਭੋਮਾ, ਜੰਮੂ
ਅੰਮ੍ਰਿਤਸਰ : ਪੰਥਕ ਹਿਤਾਂ 'ਤੇ ਡਟ ਕੇ ਪਹਿਰਾ ਦੇਣ ਵਾਲੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਸਮੇਤ ਸੈਂਕੜੇ ਸਿੱਖ ਨੌਜਵਾਨਾਂ ਦੇ ਖ਼ੂਨ ਨਾਲ ਸਿੰਜੀ ਪੰਥ ਦੀ ਸਿਰਮੌਰ ਪੰਥਕ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ 74ਵੇਂ ਸਥਾਪਨਾ ਦਿਵਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਵਲੋਂ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਖ਼ਾਲਸਾ ਪੰਥ ਅਤੇ ਫ਼ੈਡਰੇਸ਼ਨ ਦੀ ਚੜ੍ਹਦੀ ਕਲਾ ਲਈ ਫ਼ੈਡਰੇਸ਼ਨ ਪ੍ਰਧਾਨ ਸ. ਮਨਜੀਤ ਸਿੰਘ ਭੋਮਾ ਦੀ ਅਗਵਾਈ ਵਿਚ ਅਰਦਾਸ ਕਰਦਿਆਂ
ਇਹ ਪ੍ਰਣ ਲਿਆ ਕਿ ਫ਼ੈਡਰੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਅਤੇ ਆਨ ਸ਼ਾਨ ਕਾਇਮ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਰਹੇਗੀ। ਇਸ ਮੌਕੇ ਫ਼ੈਡਰੇਸ਼ਨ ਦੇ ਮੁੱਖ ਸਲਾਹਕਾਰ ਸ. ਸਰਬਜੀਤ ਸਿੰਘ ਜੰਮੂ ਨੇ ਸੱਤ ਮਤੇ ਪੇਸ਼ ਕੀਤੇ ਜੋ ਸਰਬ-ਸੰਮਤੀ ਨਾਲ ਪਾਸ ਕੀਤੇ ਗਏ। ਪਹਿਲੇ ਮਤੇ ਰਾਹੀਂ ਫ਼ੈਡਰੇਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੰਜੀਦਾ ਟਕਸਾਲੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਸੈਂਕੜੇ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਸਿੰਜੀ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ, ਆਰ.ਐਸ.ਐਸ. ਅਤੇ ਬਾਦਲ ਪਰਵਾਰ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਖੁਲ੍ਹ ਕੇ ਅੱਗੇ ਆਉਣ
ਤਾਕਿ ਪੰਥਕ ਲੀਹੋਂ ਉਤਰੀ ਸਿੱਖ ਰਾਜਸੀ ਜਮਾਤ ਨੂੰ ਮੁੜ ਪੰਥਕ ਏਜੰਡੇ ਤੇ ਲੋਕਤੰਤਰੀ ਤਰੀਕੇ ਨਾਲ ਖੜਾ ਕਰ ਕੇ ਪੰਥ ਦੁਸ਼ਮਣ ਤਾਕਤਾਂ ਨੂੰ ਭਾਂਜ ਦੇਣ ਲਈ ਤਗੜਾ ਉਪਰਾਲਾ ਕੀਤਾ ਜਾ ਸਕੇ। ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸੌਦਾ ਸਾਧ ਨੂੰ ਮਾਫ਼ੀ ਦੇ ਦੋਸ਼ਾਂ ਵਿਚ ਜੇਕਰ ਉਹ ਦੋਸ਼ੀ ਨਹੀਂ ਹੈ ਤਾਂ ਅਕਾਲ ਤਖ਼ਤ 'ਤੇ ਖੜੇ ਹੋ ਕੇ ਸਿੱਖ ਕੌਮ ਨੂੰ ਸੱਚ ਬਿਆਨ ਕਰਨ। ਜਿਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਉਸ ਵੇਲੇ ਸੱਚ ਬਿਆਨ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ
ਕਰਾਰ ਦਿਤਾ ਸੀ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ, ਸਾਬਕਾ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਅਤੇ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਨੇ ਸੁਖਬੀਰ ਬਾਦਲ ਵਿਰੁਧ ਇਕਬਾਲੀਆ ਬਿਆਨ ਦੇ ਕੇ ਗਿਆਨੀ ਗੁਰਮੁਖ ਸਿੰਘ ਦੇ ਬਿਆਨਾਂ ਨੂੰ ਸਹੀ ਸਾਬਤ ਕੀਤਾ ਹੈ, ਇਸੇ ਤਰ੍ਹਾਂ ਆਪ ਵੀ ਅਪਣਾ ਸੱਚ ਬਿਆਨ ਕਰੋ ਨਹੀਂ ਤਾਂ ਸਿੱਖ ਸੰਗਤਾਂ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।
ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੋਲਣ ਲਈ ਦਿਖਾਈ ਜਾ ਰਹੀ ਗਰਮਜੋਸ਼ੀ ਦਾ ਭਰਵਾਂ ਸਵਾਗਤ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੀ ਇਸ ਪਹਿਲਕਦਮੀ ਦਾ ਸਾਰਥਕ ਅਤੇ ਹਾਂ ਪੱਖੀ ਜਵਾਬ ਦੇਵੇ। ਇਸ ਮੌਕੇ ਪ੍ਰੋ. ਸੂਬਾ ਸਿੰਘ , ਸਤਨਾਮ ਸਿੰਘ ਕੰਡਾ, ਕੁਲਬੀਰ ਸਿੰਘ ਗੰਡੀਵਿੰਡ, ਸ਼ਮਸ਼ੇਰ ਸਿੰਘ ਪੱਧਰੀ, ਅਮਰਜੀਤ ਸਿੰਘ ਲਾਡਾ, ਕੁਲਦੀਪ ਸਿੰਘ ਮਜੀਠਾ, ਰਵਿੰਦਰ ਜੀਤ ਸਿੰਘ ਮਜੀਠਾ, ਵਿਕਰਮ ਗੁਲਜਾਰ ਸਿੰਘ ਖੋਜਕੀਪੁਰ ਆਦਿ ਹਾਜ਼ਰ ਸਨ।