
ਦਿੱਲੀ ਕਮੇਟੀ ਦੀ ਪ੍ਰਧਾਨਗੀ ਲਈ ਸਿਰਸਾ ਨੇ ਦਾਅਵਾ ਠੋਕਿਆ.....
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ ਨੂੰ ਹੋਣ ਵਾਲੀ ਕਾਰਜਕਾਰਨੀ ਚੋਣ ਨੇ ਸਿਆਸਤ ਭਖਾ ਦਿਤੀ ਹੈ। ਭਾਵੇਂ ਪ੍ਰਧਾਨਗੀ ਵਾਸਤੇ ਅਸਲੀ ਕਿਰਪਾ ਸੁਖਬੀਰ ਸਿੰਘ ਬਾਦਲ ਦੇ ਲਿਫ਼ਾਫ਼ੇ ਵਿਚ 19 ਤਰੀਕ ਨੂੰ ਆਵੇਗੀ, ਪਰ ਚੋਣ ਲਈ ਪੁਰਾਣੇ ਟਕਸਾਲੀ ਅਕਾਲੀਆਂ ਸਣੇ ਭਾਜਪਾ ਮਾਅਰਕਾ ਅਕਾਲੀ ਵੀ ਮੈਦਾਨ ਵਿਚ ਡੱਟ ਗਏ ਹਨ ਤੇ 'ਅੰਦਰਖਾਤੇ' ਮੈਂਬਰਾਂ ਨੂੰ ਆਪੋ ਅਪਣੇ ਹੱਕ ਵਿਚ ਭੁਗਤਾਉਣ ਲਈ ਪੱਬਾ ਭਾਰ ਹਨ। ਅੱਜ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐਮ ਪੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੀ ਰਿਹਾਇਸ਼ 'ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਤਕਰੀਬਨ 18 ਮੈਂਬਰਾਂ ਦੀ 'ਗੁਪਤ ਮੀਟਿੰਗ' ਹੋਈ
Harmeet Singh Kalka
ਜਿਸ ਵਿਚ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਖ਼ੁਦ ਨੂੰ ਦਿੱਲੀ ਗੁਰਦਵਾਰਾ ਕਮੇਟੀ ਦਾ ਹੋਣ ਵਾਲਾ ਪ੍ਰਧਾਨ ਪੇਸ਼ ਕਰਦਿਆਂ ਮੈਂਬਰਾਂ ਦੀ ਹਮਾਇਤ ਮੰਗੀ ਤੇ ਭਰੋਸਾ ਦਿਤਾ ਕਿ ਮੈਂਬਰਾਂ ਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ ਤੇ ਹਰ ਇਕ ਮਸਲੇ 'ਤੇ ਮੈਂਬਰਾਂ ਨੂੰ ਨਾਲ ਲੈ ਕੇ ਤੁਰਿਆ ਜਾਵੇਗਾ। ਭਰੋਸੇਯੋਗ ਸੂਤਰਾਂ ਨੇ 'ਸਪੋਕਸਮੈਨ' ਨੂੰ ਦਸਿਆ ਕਿ ਅੱਜ ਸ਼ਾਮ 4 ਵਜੇ ਹੋਈ ਮੀਟਿੰਗ ਵਿਚ ਪ੍ਰੋ.ਚੰਦੂਮਾਜਰਾ ਸ਼ਾਮਲ ਨਹੀਂ ਸਨ ਹੋਏ, ਸਗੋਂ ਦਿੱਲੀ ਕਮੇਟੀ ਦੇ ਮੈਂਬਰ ਸ.ਹਰਵਿੰਦਰ ਸਿੰਘ ਕੇਪੀ. ਸ.ਆਤਮਾ ਸਿੰਘ ਲੁਬਾਣਾ, ਸ.ਪਰਮਜੀਤ ਸਿੰਘ ਚੰਢੋਕ, ਸ.ਨਿਸ਼ਾਨ ਸਿੰਘ ਮਾਨ ਤੇ ਹੋਰ ਉਹ ਮੈਂਬਰ ਵੀ ਸ਼ਾਮਲ ਸਨ,
Avtar Singh Hit
ਜੋ ਮਨਜੀਤ ਸਿੰਘ ਜੀ ਕੇ ਦੇ ਪੁਰਾਣੇ ਹਮਾਇਤੀ ਮੰਨੇ ਜਾਂਦੇ ਹਨ। ਸੱਭ ਨੇ ਸਿਰਸਾ ਦੀ ਪ੍ਰਧਾਨਗੀ ਲਈ ਹਮਾਇਤ ਕੀਤੀ। ਦਸਣਯੋਗ ਹੈ ਕਿ ਸ.ਮਨਜੀਤ ਸਿੰਘ ਜੀ ਕੇ ਦੇ ਪੁਰਾਣੇ ਹਮਾਇਤੀ ਤੇ ਕਮੇਟੀ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਸ.ਹਰਮਜੀਤ ਸਿੰਘ ਕਾਲਕਾ, ਪੁਰਾਣੇ ਅਕਾਲੀ ਸ.ਹਰਮਨਜੀਤ ਸਿੰਘ ਸਣੇ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਹਿਤ ਵੀ ਪ੍ਰਧਾਨਗੀ ਦੀ ਦੌੜ ਵਿਚ ਹਨ ਤੇ ਆਪੋ ਅਪਣੀਆਂ ਗੀਟੀਆਂ ਫਿਟ ਕਰਨ ਵਿਚ ਲੱਗੇ ਹੋਏ ਹਨ।