
ਇਨਸਾਫ ਮੋਰਚੇ ਦੇ 106ਵੇਂ ਦਿਨ ਆਗੂਆਂ ਨੇ ਜਿੱਥੇ ਬਾਦਲ ਪਰਿਵਾਰ ਵਿਰੁਧ ਖੂਬ ਭੜਾਸ ਕੱਢੀ, ਉੱਥੇ ਦਲੀਲਾਂ ਨਾਲ ਭਰਪੂਰ ਕਈ ਸਵਾਲ ਵੀ ਕੀਤੇ...........
ਕੋਟਕਪੂਰਾ : ਇਨਸਾਫ ਮੋਰਚੇ ਦੇ 106ਵੇਂ ਦਿਨ ਆਗੂਆਂ ਨੇ ਜਿੱਥੇ ਬਾਦਲ ਪਰਿਵਾਰ ਵਿਰੁਧ ਖੂਬ ਭੜਾਸ ਕੱਢੀ, ਉੱਥੇ ਦਲੀਲਾਂ ਨਾਲ ਭਰਪੂਰ ਕਈ ਸਵਾਲ ਵੀ ਕੀਤੇ, ਜੋ ਬਾਦਲ ਪਿਉ-ਪੁੱਤ ਨੂੰ ਜਵਾਬਦੇਹ ਬਣਾਉਂਦੇ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ, ਦੋਸ਼ੀਆਂ ਦੀ ਸਰਪ੍ਰਸਤੀ ਕਰਨ, ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਗੋਲੀ ਚਲਾਉਣ ਅਤੇ ਤਸ਼ੱਦਦ ਢਾਹੁਣ ਦਾ ਹੁਕਮ ਦੇਣ ਵਾਲੇ ਹਿਟਲਰਾਂ ਅਤੇ ਜਨਰਲ ਡਾਇਰਾਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਸਪੱਸ਼ਟ ਹੀ ਨਹੀਂ ਕੀਤਾ
ਬਲਕਿ ਸ਼ੀਸ਼ਾ ਸਾਹਮਣੇ ਰੱਖ ਦਿਤਾ ਹੈ ਪਰ ਫਿਰ ਬਾਦਲ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲਈ ਸੜਕਾਂ 'ਤੇ ਲਲਕਾਰੇ ਮਾਰਨ, ਇਹ ਗੱਲਾਂ ਬਰਦਾਸ਼ਤ ਤੋਂ ਬਾਹਰ ਹਨ। ਭਾਈ ਦਾਦੂਵਾਲ ਨੇ ਸਵਾਲ ਕੀਤੇ ਕਿ ਤਖਤਾਂ ਦੇ ਅਖੌਤੀ ਜਥੇਦਾਰਾਂ, ਬਾਦਲ ਪਿਉ-ਪੁੱਤ ਸਮੇਤ ਅਕਾਲੀ ਦਲ ਦੇ ਸੀਨੀਅਰ ਲੀਡਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਅੱਜ ਤੱਕ ਸੌਦਾ ਸਾਧ ਦੀ ਕਰਤੂਤ ਅਤੇ ਉਸ ਦੇ ਡੇਰਾ ਪ੍ਰੇਮੀਆਂ ਦੀਆਂ ਹਰਕਤਾਂ ਦੇ ਵਿਰੋਧ 'ਚ ਇਕ ਸ਼ਬਦ ਵੀ ਬੋਲਣ ਦੀ ਜੁਰੱਅਤ ਕਿਉਂ ਨਾ ਕੀਤੀ? ਬਾਦਲ ਸਰਕਾਰ ਵਲੋਂ ਪੁਲਿਸ ਨੂੰ ਅਣਪਛਾਤੀ ਕਿਉਂ ਦਸਿਆ ਗਿਆ?
ਅਬੋਹਰ ਦੀ ਪੋਲ ਖੋਲ੍ਹ ਰੈਲੀ 'ਚ ਸੌਦਾ ਸਾਧ ਦੇ ਲਾਕਟਾਂ ਵਾਲੇ ਡੇਰਾ ਪ੍ਰੇਮੀਆਂ ਦਾ ਇੱਕਠ ਕਿਉਂ ਕੀਤਾ ਗਿਆ? ਸਿੱਖਾਂ ਉਪਰ ਝੂਠੇ ਪਰਚੇ ਦਰਜ ਕਰਾਉਣ ਵਾਲੇ ਡੇਰਾ ਪ੍ਰੇਮੀਆਂ ਦੀ ਬਾਦਲ ਸਰਕਾਰ ਨੇ ਸਰਪ੍ਰਸਤੀ ਕਿਉਂ ਕੀਤੀ? ਪੰਜਾਬ 'ਚ ਡੇਰਾਵਾਦ ਦੀ ਬਹੁਤਾਤ ਕਰਕੇ ਸਿੱਖ ਸਿਧਾਂਤਾਂ ਤੇ ਵਿਚਾਰਧਾਰਾ ਨੂੰ ਬਾਦਲਾਂ ਨੇ ਖਤਰਾ ਕਿਉਂ ਪਾਇਆ? ਭਾਈ ਦਾਦੂਵਾਲ ਨੇ ਦਾਅਵਾ ਕੀਤਾ ਕਿ ਹੁਣ ਬਾਦਲਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ, ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਮਨਾ 'ਚ ਬਾਦਲਾਂ ਖਿਲਾਫ ਬਹੁਤ ਗੁੱਸਾ, ਰੋਹ ਅਤੇ ਰੋਸ ਹੈ।
ਉਨ੍ਹਾਂ ਆਖਿਆ ਕਿ ਹੁਣ ਫੈਸਲਾ ਸੰਗਤ ਦੇ ਹੱਥ ਹੈ ਕਿ ਉਨ੍ਹਾਂ ਨੇ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਮੇਤ ਹੋਰ ਧਾਰਮਿਕ ਸੰਸਥਾਵਾਂ ਤੋਂ ਕਬਜ਼ਾ ਕਿਵੇਂ ਛੁਡਾਉਣਾ ਹੈ? ਉਨ੍ਹਾਂ ਦਸਿਆ ਕਿ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਅਕਾਲੀ ਦਲ ਨਾਲ ਵਫਾਦਾਰੀ ਨਿਭਾਉਂਦੇ ਆ ਰਹੇ ਟਕਸਾਲੀ ਅਕਾਲੀ ਆਗੂ ਮੱਖਣ ਸਿੰਘ ਨੰਗਲ ਨੇ ਬਾਦਲਾ ਦੀਆਂ ਕਰਤੂਤਾਂ ਦੀ ਉਹ ਪੋਲ ਖੋਲ੍ਹੀ, ਜਿਸ ਨੂੰ ਸੁਣ ਕੇ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ।
ਮੋਰਚਾ ਖਤਮ ਕਰਨ ਸਬੰਧੀ ਲੱਗੀਆਂ ਖਬਰਾਂ ਦਾ ਖੰਡਨ ਕਰਦਿਆਂ ਉਨ੍ਹਾਂ ਆਖਿਆ ਕਿ ਮੰਗਾਂ ਦੀ ਪੂਰਤੀ ਤੱਕ ਇਹ ਮੋਰਚਾ ਬਰਕਰਾਰ ਰਹੇਗਾ ਤੇ ਇਸ ਨੂੰ ਅੱਧ ਵਿਚਾਲੇ ਨਹੀਂ ਛੱਡਿਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ, ਨਿਹੰਗ ਰਾਜਾ ਰਾਜ ਸਿੰਘ ਮਾਨਸਾ, ਬਾਬਾ ਸ਼ੇਰ ਸਿੰਘ ਬੁੱਢਾ ਦਲ, ਪਰਮਜੀਤ ਸਿੰਘ ਸਹੋਲੀ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਰਣਜੀਤ ਸਿੰਘ ਵਾਂਦਰ, ਅਮਰੀਕ ਸਿੰਘ ਈਸੜੂ ਆਦਿ ਨੇ ਵੀ ਸੰਬੋਧਨ ਕੀਤਾ।