
ਕੇਂਦਰ ਸਰਕਾਰ ਨੇ ਅਪਣੇ 135 ਕਰੋੜ ਦੇ ਦਿਤੇ ਹਨ, ਏਨੇ ਹੀ ਪੰਜਾਬ ਸਰਕਾਰ ਪਾ ਦੇਵੇ
ਸੁਲਤਾਨਪੁਰ ਲੋਧੀ (ਰੀਨਾ ਸ਼ਰਮਾ): ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਨਤਮਸਤਕ ਹੋਏ ਜਿਥੇ ਉਨ੍ਹਾਂ ਨੂੰ ਸਿਰੋਪਾਉ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ ਜੋ ਵਾਹਿਗੁਰੂ ਨੇ ਸਾਨੂੰ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮ ਵੇਖਣ ਦੀ ਬਖਸਿਸ਼ ਕੀਤੀ ਹੈ।
Sultanpur Lodhi
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਲਈ 135 ਕਰੋੜ ਦੇਣ ਦਾ ਐਲਾਨ ਕੀਤਾ ਹੈ ਤੇ ਬਹੁਤ ਹੀ ਜਲਦੀ ਇਸ ਸਬੰਧੀ ਕਾਰਜ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਲਈ 270 ਕਰੋੜ ਦੀ ਪ੍ਰਪੋਜਲ ਭੇਜੀ ਸੀ ਜਿਸ ਵਿਚ ਪੰਜਾਬ ਸਰਕਾਰ ਵਲੋਂ ਅੱਧੇ ਪੈਸੇ ਪਾਉਣ ਦਾ ਜ਼ਿਕਰ ਵੀ ਕੀਤਾ ਗਿਆ ਸੀ, ਹੁਣ ਕੇਂਦਰ ਸਰਕਾਰ ਨੇ ਅਪਣੇ ਵਲੋਂ 135 ਕਰੋੜ ਦੇ ਦਿਤੇ ਹਨ ਬਾਕੀ 135 ਕਰੋੜ ਪੰਜਾਬ ਸਰਕਾਰ ਪਾ ਦੇਵੇ।
Harsimrat Badal
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਪਾਵਨ ਨਗਰੀ ਦੇ ਵਿਕਾਸ ਲਈ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਹਨ ਜਿਨ੍ਹਾਂ ਵਿਚ ਸਮਾਰਟ ਸਿਟੀ, ਰੇਲਵੇ ਸਟੇਸ਼ਨ ਦਾ ਨਵੀਨੀਕਰਨ, ਨਵੀਆਂ ਗੱਡੀਆ ਚਾਲੂ ਕਰਨਾ ਆਦਿ ਵਿਸ਼ੇਸ਼ ਹਨ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ਨੂੰ ਖ਼ੂਬਸੂਰਤ ਤੇ ਸਫ਼ੈਦ ਬਣਾਉਣ ਲਈ ਰੰਗ ਰੋਗਨ ਦਾ ਕੰਮ ਅਕਾਲੀ ਦਲ ਦੇ ਝੁਜਾਰੂ ਆਗੂਆਂ ਤੇ ਵਰਕਰਾਂ ਵਲੋਂ ਦਿਨ ਰਾਤ ਚੱਲ ਰਿਹਾ ਹੈ ਜਿਸ ਨਾਲ ਹੁਣ ਸ਼ਹਿਰ ਦੀ ਖ਼ੂਬਸੂਰਤੀ ਚਾਰੇ ਪਾਸੇ ਨਜ਼ਰ ਆਉਣ ਲੱਗ ਪਈ ਹੈ।