
ਸਿਆਸੀ ਸਮਾਗਮ ਹੋਣ ਕਾਰਨ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਪੰਥਕ ਹਿਤਾਂ ਦੀ ਰਾਖੀ ਕਰਦੇ ਹੋਏ ਇਸ ਉਦਘਾਟਨ ਸਮਾਗਮ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ।
Ram Mandir: ਅੰਮ੍ਰਿਤਸਰ: ਰਾਮ ਮੰਦਰ ਦੇ ਸਥਾਪਨਾ ਸਮਾਗਮ ਵਿਚ ਸ਼ਾਮਲ ਹੋਣ ਲਈ ਪੰਜ ਤਖ਼ਤਾਂ ਦੇ ਜਥੇਦਾਰਾਂ ਅਤੇ ਹੋਰ ਸਿੱਖ ਆਗੂਆਂ ਨੂੰ ਦਿਤੇ ਗਏ ਸੱਦਾ ਪੱਤਰ ਬਾਰੇ ਗੱਲ ਕਰਦਿਆਂ ਹਵਾਰਾ ਕਮੇਟੀ ਨੇ ਆਖਿਆ ਕਿ ਇਹ ਇਕ ਸਿਆਸੀ ਸਮਾਗਮ ਹੈ, ਜੋ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕਰਵਾਇਆ ਜਾ ਰਿਹਾ ਹੈ। ਇਸ ਲਈ ਜਥੇਦਾਰਾਂ ਨੂੰ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ।
ਹਵਾਰਾ ਕਮੇਟੀ ਦੇ ਆਗੂ ਪ੍ਰੋਫ਼ੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਬਲਦੇਵ ਸਿੰਘ ਨਵਾਂ ਪਿੰਡ, ਮਹਾਂਵੀਰ ਸਿੰਘ ਸੁਲਤਾਨਵਿੰਡ ਆਦਿ ਨੇ ਆਖਿਆ ਕਿ ਅਯੁਧਿਆ ਵਿਚ ਬਣੇ ਰਾਮ ਮੰਦਰ ’ਚ 22 ਜਨਵਰੀ ਨੂੰ ਮੂਰਤੀ ਸਥਾਪਨਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਹ ਸਮਾਗਮ ਦੀ ਕਮਾਂਡ ਆਰਐਸਐਸ ਅਤੇ ਭਾਜਪਾ ਦੇ ਹੱਥਾਂ ਵਿਚ ਹੈ, ਜਿਨ੍ਹਾਂ ਦਾ ਮੁੱਖ ਮੰਤਵ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਦਾ ਧਰੁਵੀਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਮਾਗਮ ਹੋਣ ਕਾਰਨ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਪੰਥਕ ਹਿਤਾਂ ਦੀ ਰਾਖੀ ਕਰਦੇ ਹੋਏ ਇਸ ਉਦਘਾਟਨ ਸਮਾਗਮ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ।