
ਅੰਮ੍ਰਿਤਸਰ, ਦਮਦਮੀ ਟਕਸਾਲ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗ਼ਲਤ ਟਿਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਵਿਰੁਧ ਸਖ਼ਤ ਕਾਰਵਾਈ ਕਰਦਿਆਂ ...
ਅੰਮ੍ਰਿਤਸਰ, ਦਮਦਮੀ ਟਕਸਾਲ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗ਼ਲਤ ਟਿਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਤੁਰਤ ਸੀਖਾਂ ਪਿੱਛੇ ਭੇਜਣ ਦੀ ਮੰਗ ਕੀਤੀ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੰਦਿਆਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਕਾਰਜਕਾਰੀ ਕਮੇਟੀ ਅਤੇ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਕਿਹਾ ਕਿ ਗੁਰੂ ਸਾਹਿਬਾਨ ਪ੍ਰਤੀ ਇਤਰਾਜ਼ਯੋਗ ਭਾਸ਼ਾ ਅਸਹਿ ਹੈ। ਨਰਾਇਣ ਦਾਸ ਨਾਮੀ ਅਖੌਤੀ ਸਾਧ ਵਲੋਂ ਉਦਾਸੀਨ ਸੰਪਰਦਾ ਦਾ ਭੇਖ ਧਾਰਨ ਕਰਦਿਆਂ ਭਗਤਾਂ ਦੀ ਬਾਣੀ ਨਾਲ ਗੁਰੂ ਸਾਹਿਬ ਵਲੋਂ ਛੇੜਛੇੜ ਦਾ ਦੋਸ਼ ਲਾਉਂਦੇ ਦੀ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ।
Letter Given To police Commissioner
ਇਹ ਕਲਿਪ ਸੁਣ ਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਅਜਿਹਾ ਕਰ ਕੇ ਉਹ ਸਿੱਖ ਅਤੇ ਭਗਤਾਂ ਦੇ ਸ਼ਰਧਾਲੂ ਭਾਈਚਾਰਿਆਂ 'ਚ ਖ਼ਾਨਾ-ਜੰਗੀ ਕਰਾਉਣਾ ਚਾਹੁੰਦਾ ਹੈ। ਸਾਰਾ ਜਗਤ ਜਾਣਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਸਾਹਿਬਾਨ ਦੀ ਬਾਣੀ ਨਾਲ ਸਮਾਨੰਤਰ ਸਥਾਨ ਦੇ ਕੇ ਭਗਤ ਬਾਣੀ ਨੂੰ ਗੁਰਬਾਣੀ ਦਾ ਦਰਜਾ ਦਿਤਾ ਅਤੇ ਭਾਈਚਾਰਕ ਸਾਂਝ ਮਜਬੂਤ ਕਰਨ ਵਲ ਕਦਮ ਪੁਟਿਆ। ਮੰਗ ਪੱਤਰ ਪੁਲਿਸ ਕਮਿਸ਼ਨਰ ਦੇ ਰੀਡਰ ਸਤਨਾਮ ਸਿੰਘ ਨੇ ਹਾਸਲ ਕੀਤਾ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਰਾਰਤੀ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਦਾ ਭਰੋਸਾ ਦਿਤਾ ਹੈ।