
ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਪੰਥਕ ਫ਼ਰੰਟ ਦੇ ਮੈਂਬਰ ਸ. ਅਮਰੀਕ ਸਿੰਘ ਸਾਹਪੁਰ, ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ.............
ਚੰਡੀਗੜ੍ਹ : ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਪੰਥਕ ਫ਼ਰੰਟ ਦੇ ਮੈਂਬਰ ਸ. ਅਮਰੀਕ ਸਿੰਘ ਸਾਹਪੁਰ, ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਜਸਵੰਤ ਸਿੰਘ ਪੁੜੈਣ, ਸਰਬੰਸ ਸਿੰਘ ਮਾਣਕੀ ਨੇ ਵਿਰੋਧੀ ਧਿਰ ਵਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਦਮਦਮਾ ਸਾਹਿਬ ਤਖ਼ਤ ਤੋਂ ਬਲਵਿੰਦਰ ਸਿੰਘ ਭੂੰਦੜ ਨੂੰ ਤਨਖ਼ਾਹ ਲਾਉਣ ਦੇ ਤੌਰ ਤਰੀਕੇ 'ਤੇ ਇਤਰਾਜ਼ ਕਰਦੇ ਹੋਏ ਘਾਣ ਹੋਈਆਂ ਸਿੱਖ ਪ੍ਰੰਪਰਾਵਾਂ ਲਈ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ 'ਤੇ ਸਵਾਲ ਚੁਕਦੇ ਹੋਏ ਜਬਾਬ ਮੰਗਦੇ ਹੋਏ ਪਾਈਆਂ ਨਵੀਆਂ ਪਿਰਤਾਂ ਲਈ ਕੌਮ ਨੂੰ ਜਵਾਬ ਦੇਣ ਦੀ ਮੰਗ ਕੀਤੀ ਹੈ
ਕਿ ਇਹ ਕਿਹੜੇ ਗੁਰ ਸਿਧਾਂਤ ਦੀ ਪਾਲਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਗੱਲ ਜਦੋਂ ਭੂੰਦੜ ਖ਼ੁਦ ਸਮੁੱਚੇ ਸਿੱਖ ਪੰਥ ਕੋਲੋਂ ਮਾਫ਼ੀ ਮੰਗ ਚੁਕੇ ਸਨ ਮੁੜ ਦੁਬਾਰਾ ਇਹ ਮਾਮਲਾ ਕਿਉਂ ਖੋਲ੍ਹਿਆ ਗਿਆ। ਦੂਜਾ ਹੁਣ ਤਕ ਦੀ ਰਵਾਇਤ ਰਹੀ ਹੈ ਕਿ ਦੋਸ਼ੀ ਖ਼ੁਦ ਜਾਂ ਉਸ ਨੂੰ ਅਕਾਲ ਤਖ਼ਤ ਸਾਹਿਬ 'ਤੇ ਹੀ ਤਲਬ ਕੀਤਾ ਜਾਂਦਾ ਹੈ ਪਰ ਇਥੇ ਅਜਿਹਾ ਕਿਉਂ ਨਹੀਂ ਕੀਤਾ ਗਿਆ ਨਾ ਭੂੰਦੜ ਖ਼ੁਦ ਅਕਾਲ ਤਖ਼ਤ ਵਲ ਗਿਆ ਤੇ ਨਾ ਹੀ ਉਥੋਂ ਤਲਬਾਨਾ ਆਇਆ।
ਭਾਈ ਰੰਧਾਵਾ ਨੇ ਕਿਹਾ ਇਹ ਵਖਰੀ ਗੱਲ ਹੈ ਕਿ ਅੱਜ ਸਮੁੱਚੀ ਕੌਮ ਗਿਆਨੀ ਗੁਰਬਚਨ ਸਿੰਘ ਨੂੰ ਨਕਾਰ ਚੁਕੀ ਹੈ ਪ੍ਰੰਤੂ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਹਰ ਸਿੱਖ ਦੇ ਮਨ ਵਿਚ ਭੈ ਭਾਵਨੀ ਬਣੀ ਹੋਈ ਹੈ। ਸਿੱਧੇ ਰੂਪ ਵਿਚ ਇਹ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਗੰਭੀਰ ਗਹਿਰੀ ਸੋਚ ਅਧੀਨ ਸੱਟ ਮਾਰੀ ਗਈ ਹੈ। ਦੂਜਾ ਕਦੇ ਵੀ ਸਿੱਖ ਇਤਹਾਸ ਵਿਚ ਅੰਮ੍ਰਿਤਪਾਨ ਕਰਨ ਸਮੇਂ ਜਾਂ ਕੋਈ ਭੁੱਲ ਬਖ਼ਸ਼ਾਉਣ ਸਮੇਂ ਤਖ਼ਤ ਸਾਹਿਬਾਨ ਜਾਂ ਪੰਜ ਪਿਆਰਿਆਂ ਸਾਹਮਣੇ ਤਨਖ਼ਾਹੀਆਂ ਮੁਜਰਮ ਦਾਹੜੀ ਬੰਨ ਕੇ ਪੇਸ਼ ਨਹੀਂ ਹੋ ਸਕਦਾ ਪ੍ਰੰਤੂ ਭੂੰਦੜ ਬੰਨ੍ਹੀ ਦਾਹੜੀ ਸਮੇਤ ਪੇਸ਼ ਹੋਏ, ਇਹ ਪੰਚ ਪ੍ਰਧਾਨੀ ਗੁਰ ਮਰਿਆਦਾ ਦਾ ਹਨਨ ਹੋਇਆ ਹੈ।
ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣ ਵਾਲਾ ਕਦੇ ਬੈਠ ਕੇ ਪੇਸ਼ ਨਹੀਂ ਹੁੰਦਾ। ਪੰਜ ਪਿਆਰੇ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿਚ ਖੜੇ ਹੁੰਦੇ ਹਨ ਪਰ ਮੁਜ਼ਰਮ ਨੂੰ ਸਾਹਮਣੇ ਖੜੇ ਹੋਣਾ ਪੈਂਦਾ ਹੈ ਪਰ ਭੂੰਦੜ ਬੈਠੇ ਹੋਏ ਹਨ, ਇਉਂ ਪ੍ਰਤੀਤ ਹੋ ਰਿਹਾ ਜਿਵੇਂ ਕੋਈ ਮੀਟਿੰਗ ਹੋ ਰਹੀ ਹੋਵੇ। ਜਾਰੀ ਹੋਈਆਂ ਫ਼ੋਟੋਆਂ ਵਿਚ ਗੁਰੂ ਸਾਹਿਬ ਦੀ ਹਜ਼ੂਰੀ ਨਜ਼ਰ ਨਹੀਂ ਆ ਰਹੀ। ਪੰਜ ਪਿਆਰੇ ਬਿਨਾਂ ਵਰਦੀ ਤੋਂ ਨਜ਼ਰ ਆ ਰਹੇ ਹਨ। ਇਹ ਅਪਣੇ ਆਪ ਵਿਚ ਵੱਡੇ ਸਵਾਲ ਪੈਦਾ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਲਗਾਈ ਗਈ ਸਜ਼ਾ ਬਾਬਤ ਭੂੰਦੜ ਨੇ ਕਿਹਾ ਉਹ ਸਮਾਂ ਆਉਣ 'ਤੇ ਪੂਰੀ ਕਰਨਗੇ, ਕਦੇ ਵੀ ਸਿੱਖ ਹਿਸਟਰੀ ਵਿਚ ਤਖ਼ਤ ਸਾਹਿਬਾਨ ਜਾਂ ਪੰਜ ਪਿਆਰੇ ਜਿਸ ਨੂੰ ਤਨਖ਼ਾਹ ਲਾਉਣ ਉਹ ਸਮਾਂਬੱਧ ਹੁੰਦੀ ਹੈ ਪਰ ਇਹ ਕਿਤੇ ਨਹੀਂ ਗੁਰੂ ਸਿਧਾਂਤ ਵਿਚੋਂ ਮਿਲਾ ਕਿ ਤਨਖ਼ਾਹ ਪ੍ਰਾਪਤ ਵਿਅਕਤੀ ਤੈਅ ਕਰਦਾ ਕਿ ਉਸ ਨੇ ਸਜ਼ਾ ਕਦੋਂ ਪੂਰੀ ਕਰਨੀ ਹੈ। ਇਹ ਬਹੁਤ ਵੱਡੇ ਸਿਧਾਂਤ ਪ੍ਰੰਪਰਾਵਾਂ ਨਾਲ ਖਿਲਵਾੜ ਹੋਇਆ।