
ਕੋਟਕਪੂਰਾ, 24 ਨਵੰਬਰ (ਗੁਰਿੰਦਰ ਸਿੰਘ): ਜਥੇਦਾਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਬਣੇ ਪੰਥਕ ਫ਼ਰੰਟ ਨੇ ਬਾਦਲ ਪਰਵਾਰ ਤੋਂ ਅਕਾਲ ਤਖ਼ਤ ਅਤੇ ਸ਼੍ਰ੍ਰੋਮਣੀ ਕਮੇਟੀ ਨੂੰ ਨਿਜਾਤ ਦਿਵਾਉਣ ਦਾ ਮੁੱਢ ਬੰਨ੍ਹ ਦਿਤਾ ਹੈ। ਇਨ੍ਹਾਂ ਸ਼ਬਦਾਂ ਰਾਹੀਂ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ ਇਕ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਦਾਰ ਭੌਰ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਸ਼ਲਾਘਾ ਕੀਤੀ ਹੈ। ਉਤਰੀ ਅਮਰੀਕਾ ਦੀ ਉਕਤ ਜਥੇਬੰਦੀ ਦੇ ਮੁਖੀ ਭਾਈ ਜਸਵੰਤ ਸਿੰਘ ਹੋਠੀ ਅਤੇ ਕਨਵੀਨਰ ਡਾ. ਪ੍ਰਿਤਪਾਲ ਸਿੰਘ ਨੇ ਪੰਜਾਬ ਦੇ ਸਿਆਸੀ ਅਤੇ ਧਾਰਮਕ ਹਾਲਾਤ ਦੇ ਕੁੱਝ ਚੋਣਵੇਂ ਨੁਕਤਿਆਂ ਦੇ ਹਵਾਲੇ ਦਿੰਦਿਆਂ ਦੁਖ ਪ੍ਰਗਟਾਇਆ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਸਰਬੋਤਮ ਪਦਵੀ ਨੂੰ ਵੋਟਾਂ ਲਈ ਇਕ ਇਖਲਾਕਹੀਣ 'ਬਾਬੇ ਦੇ ਪੈਰੀਂ' ਪਾਉਣ ਦਾ ਬੱਜਰ ਪਾਪ ਕਮਾਉਣ ਵਾਲੇ ਬਾਦਲਾਂ ਤੋਂ ਹਿਸਾਬ ਲੈਣ ਦਾ ਹੁਣ ਸਮਾਂ ਆ ਗਿਆ ਹੈ। ਜਥੇਦਾਰ ਭੌਰ ਦੇ ਬੇਦਾਗ ਪਿਛੋਕੜ ਦਾ ਜ਼ਿਕਰ ਕਰਦਿਆਂ ਦੋਹਾਂ ਆਗੂਆਂ ਨੇ
ਆਸ ਪ੍ਰਗਟਾਈ ਕਿ ਜਿਵੇਂ ਬੀਤੇ ਸਮੇਂ 'ਚ ਉਹ ਕਿਸੇ ਆਗੂ ਦਾ ਚਮਚਾ ਬਣਨ ਦੀ ਥਾਂ ਜ਼ਮੀਰ ਦੀ ਆਵਾਜ਼ ਸੁਣ ਕੇ ਪੰਥਕ ਫ਼ਰਜ਼ ਨਿਭਾਉਂਦੇ ਰਹੇ ਹਨ, ਇਸੇ ਤਰਾਂ ਹੁਣ ਉਹ 29 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਣ ਵਾਲੀ ਚੋਣ ਮੌਕੇ ਵੀ ਪੰਥਕ ਪਹਿਰੇਦਾਰੀ ਵਾਲਾ ਰੋਲ ਨਿਭਾਉਣਗੇ। ਇਸ ਨੇ ਨਾਲ ਹੀ ਏਜੀਪੀਸੀ ਵਲੋਂ ਮੌਜੂਦਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਲਿਕ ਭਾਗੋ ਜਿਹੇ ਨਿੱਜ-ਪ੍ਰਭੁਤਾ ਲਈ ਪੰਥਕ ਫ਼ਲਸਫ਼ੇ ਦਾ ਘਾਣ ਕਰਨ ਵਾਲੇ ਸਿਆਸਤਦਾਨਾਂ ਦੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਪੰਥਕ ਫ਼ਰੰਟ ਦਾ ਸਾਥ ਦੇਣ। ਵਿਸ਼ਵ ਪੱਧਰ 'ਤੇ ਵਾਪਰਦੀਆਂ ਤਬਦੀਲੀਆਂ ਦੇ ਮੱਦੇਨਜ਼ਰ ਪੰਥ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੀ ਕੌਮੀ ਸੰਸਥਾ ਨੂੰ ਵੀ ਸਮੇਂ ਦੇ ਹਾਣ ਦਾ ਬਣਾਉਣ ਲਈ, ਇਸ ਨੂੰ ਪਰਵਾਰ ਪ੍ਰਸਤੀ ਦੀ ਪੰਜਾਲੀ 'ਚੋਂ ਮੁਕਤ ਕਰਾਈਏ। ਆਉਂਦੀ 29 ਨਵੰਬਰ ਨੂੰ ਪੰਥਕ ਫ਼ਰੰਟ ਦੇ ਹੱਕ 'ਚ ਭੁਗਤਣ ਨੂੰ ਕੌਮੀ ਫ਼ਰਜ਼ ਦਸਦਿਆਂ ਜਥੇਬੰਦੀ ਨੇ ਆਸ ਪ੍ਰਗਟਾਈ ਕਿ ਸਾਰੇ ਮੈਂਬਰ ਇਤਿਹਾਸ ਦੇ ਇਸ ਨਾਜੁਕ ਮੌੜ 'ਤੇ ਪੰਥਕ ਜਜ਼ਬਿਆਂ ਨੂੰ ਪਹਿਲ ਦੇਣਗੇ।