
ਵਾਤਾਵਰਣ ਪ੍ਰੇਮੀ ਤੇ ਰਾਜਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਪਵਿੱਤਰ ਕਾਲੀ ਵੇਈਂ ਨਦੀ ਦੇ ਕਿਨਾਰਿਆਂ ਨੂੰ ਸ਼ਿੰਗਾਰਨ ਦਾ ਕਾਰਜ ਜੰਗੀ ਪੱਧਰ ' ਤੇ ਜਾਰੀ
ਸੁਲਤਾਨਪੁਰ ਲੋਧੀ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਆਰੰਭ ਕਰਦੇ ਹੋਏ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ਤੇ ਕਲੀ, ਰੰਗ-ਰੋਗਨ ਤੇ ਸਾਫ਼-ਸਫ਼ਾਈ ਦੀ ਕਾਰਸੇਵਾ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਨਾਨਕ ਨਾਮ ਲੇਵਾ ਸੰਗਤਾਂ ਦਾ ਪਵਿੱਤਰ ਕਾਲੀ ਵੇਈਂ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਗੁਰਪੁਰਬ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਹਰ ਵਰ੍ਹੇ ਸੁਲਤਾਨਪੁਰ ਲੋਧੀ ਦੇ ਗੁਰੂਘਰਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ ਪਵਿੱਤਰ ਕਾਲੀ ਵੇਈਂ ਵਿਚ ਸ਼ਰਧਾ ਤੇ ਸਤਿਕਾਰ ਨਾਲ ਆਸਥਾ ਦੀਆਂ ਚੁੱਭੀਆਂ ਲਾ ਕੇ ਅਪਣਾ ਜੀਵਨ ਸਫ਼ਲ ਬਣਾਉਂਦੀਆਂ ਹਨ। ਇਸ ਲਈ ਹਰ ਸਾਲ ਪਵਿੱਤਰ ਕਾਲੀ ਵੇਈਂ ਵਿਚੋਂ ਪੈਦਾ ਹੋਈ ਵਾਧੂ ਬੂਟੀ ਨੂੰ ਬਾਹਰ ਕੱਢਿਆ ਜਾਂਦਾ ਹੈ, ਪਵਿੱਤਰ ਕਾਲੀ ਵੇਈਂ ਵਿੱਚੋਂ ਬੂਟੀ ਬਾਹਰ ਕੱਢਣ ਦੇ ਕਾਰਜ਼ ਨਿਰੰਤਰ ਚਲਦੇ ਰਹਿੰਦੇ ਹਨ।
ਉਹਨਾਂ ਕਿਹਾ ਕਿ ਸੰਗਤਾਂ ਦੀ ਵੇਈਂ ਪ੍ਰਤੀ ਸ਼ਰਧਾ ਅਤੇ ਪ੍ਰੇਮ ਦੇ ਸਨਮਾਨ ਵਜੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਪਵਿੱਤਰ ਵੇਈਂ ਨੂੰ ਸਾਫ਼ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਅਪਣਾ ਯੋਗਦਾਨ ਪਾਉਂਦੇ ਰਹੀਏ। ਜ਼ਿਕਰਯੋਗ ਹੈ ਕਿ ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸ਼ਨ ਦੀ ਬੇਧਿਆਨੀ ਕਾਰਨ ਧਾਰਮਿਕ ਮਹੱਤਵ ਰੱਖਣ ਵਾਲੀ ਇਹ ਕਾਲੀ ਵੇਈਂ ਬਹੁਤ ਹੀ ਬੁਰੀ ਤਰ੍ਹਾਂ ਨਾਲ ਗੰਦੇ ਨਾਲ੍ਹੇ ਦੇ ਰੂਪ ਵਿਚ ਖ਼ਤਮ ਹੋਣ ਦੇ ਕਿਨਾਰੇ ਆ ਚੁੱਕੀ ਸੀ। ਨਜ਼ਾਇਜ਼ ਕਬਜ਼ਿਆਂ ਅਤੇ ਗੰਦੇ ਪਾਣੀਆਂ ਨੂੰ ਆਪਣੇ ਅੰਦਰ ਸਾਂਭੀ ਬੈਠੀ ਕਾਲੀ ਵੇਈਂ ਨੂੰ ਸਾਫ਼ ਸੁਥਰਾ ਕਰਨਾ ਬਹੁਤ ਹੀ ਵੱਡੀ ਚੁਣੌਤੀ ਸੀ।
ਧਾਰਮਿਕ ਮਹੱਤਵ ਰੱਖਣ ਕਾਰਨ ਇਸ ਵੇਈਂ ਨੂੰ ਸਾਫ ਕਰਨ ਦੀਆਂ ਕਈ ਬੈਠਕਾਂ ਹੋਈਆਂ ਪਰ ਕਾਰਜ਼ ਕਰਨ ਨੂੰ ਕੋਈ ਵੀ ਤਿਆਰ ਨਹੀਂ ਸੀ ਪਰ ਅਕਾਲ ਪੁਰਖ ਨੇ ਸੰਗਤਾਂ ਦੇ ਸਹਿਯੋਗ ਨਾਲ ਉਹ ਕਾਰਜ ਕਰਵਾ ਲਿਆ ਜਿਸ ਦੀ ਸ਼ਲਾਘਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁੱਲ ਕਲਾਮ ਤੋਂ ਦੁਨੀਆਂ ਭਰ ਦੀਆਂ ਸ਼ਖਸੀਅਤਾਂ ਕਰ ਚੁੱਕੀਆ ਹਨ। 2000 ਵਿਚ ਕੀਤੀ ਗੁਰਦੁਆਰਾ ਬੇਰ ਸਾਹਿਬ ਵਿਖੇ ਕੀਤੀ ਅਰਦਾਸ ਨਾਲ ਸ਼ੁਰੂ ਹੋਈ ਵੇਈਂ ਦੀ ਕਾਰ-ਸੇਵਾ ਅਤੇ ਸੰਗਤਾਂ ਦੁਆਰਾ ਕੀਤੀ ਗਈ ਅਣਥੱਕ ਕਾਰਸੇਵਾ ਤੋਂ ਬਾਅਦ ਪਵਿੱਤਰ ਕਾਲੀ ਵੇਈਂ ਹੁਣ ਦੁਬਾਰਾ ਆਪਣੀ ਨਿਰਮਲ ਧਾਰਾ ਵਿਚ ਵਗਣ ਲੱਗ ਪਈ ਹੈ।
ਸੰਗਤਾਂ ਦੁਆਰਾ ਕੀਤੀ ਗਈ ਅਣਥੱਕ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਨੇ ਦੇਸ਼ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਮੁੜ ਸੁਰਜੀਤ ਕਰਨ ਦਾ ਸੌਖਾ ਰਾਹ ਦਿਖਾਇਆ ਦਿੱਤਾ ਹੈ। ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਗੁਰਦੁਆਰਾ ਬੇਰ ਸਾਹਿਬ ਤੱਕ ਵੇਈਂ ਦੇ ਦੋਵੇਂ ਪਾਸੇ ਸੁੰਦਰ ਘਾਟ ਉਸਾਰੇ ਜਾ ਚੁੱਕੇ ਹਨ।
ਇਸ ਮੌਕੇ ਨਿਰਮਲ ਕੁਟੀਆ ਵਿਚ ਹੋਈ ਮੀਟਿੰਗ ਵਿਚ ਸੰਬੋਧਨ ਹੁੰਦਿਆ ਸੰਤ ਸੀਚੇਵਾਲ ਨੇ ੴ ਚੈਰੀਟੇਬਲ ਟਰੱਸਟ ਵੱਲੋਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਦੱਸਿਦਆਂ ਕਿਹਾ ਕਿ ਇਸ ਵਾਰ 4 ਨਗਰ ਕੀਰਤਨ ਕੱਢੇ ਜਾ ਰਹੇ ਹਨ।
ਜਿਹਨਾਂ ਵਿਚ ਪਹਿਲਾ ਨਗਰ ਕੀਰਤਨ 30 ਸਤੰਬਰ 2022 ਨੂੰ ਆਹਲੀ ਤੋਂ ਸੁਲਤਾਨਪੁਰ ਲੋਧੀ ਆਵੇਗਾ, ਦੂਜਾ ਨਗਰ ਕੀਰਤਨ 04 ਨਵੰਬਰ 2022 ਨੂੰ ਸੀਚੇਵਾਲ ਤੋਂ ਸੁਲਾਤਨਪੁਰ ਲੋਧੀ ਅਤੇ ਤੀਜਾ ਨਗਰ ਕੀਰਤਨ ਗੁਰਪੁਰਬ ਵਾਲੇ ਦਿਨ 08 ਨਵੰਬਰ 2022 ਨੂੰ ਸੁਲਤਾਨਪੁਰ ਲੋਧੀ ਵਿਚ ਕੱਢਿਆ ਜਾਵੇਗਾ ਅਤੇ 20 ਨਵੰਬਰ 2022 ਨੂੰ ਵੇਈਂ ਦੇ ਮੁੱਢ ਸਰੋਤ ਤੋਂ ਗਲੋਵਾਲ ਵਿਖੇ ਨਗਰ ਕੀਰਤਨ ਕੱਢਿਆ ਜਾਵੇਗਾ। ਉਹਨਾਂ ਦੱਸਿਆ ਕਿ ਮਿਤੀ 07 ਨਵੰਬਰ ਨੂੰ ਕੀਰਤਨ ਤੇ ਕਵੀ ਦਰਬਾਰ ਕਰਵਾਇਆ ਜਾਵੇਗਾ ਤੇ 13 ਨਵੰਬਰ 2022 ਨੂੰ ਵਾਤਾਵਰਣ ਨੂੰ ਲੈ ਕੇ ਇਕ ਸਮਾਗਮ ਕਰਵਾਇਆ ਜਾਵੇਗਾ ਜਿਸ ਵਿਚ ਐੱਨ.ਜੀ.ਟੀ ਦੇ ਚੈਅਰਮੈਨ ਸ੍ਰੀ ਆਦਰਸ਼ ਗੋਇਲ ਤੇ ਕਈ ਮਹਾਨ ਵਿਦਵਾਨ ਸ਼ਾਮਿਲ ਹੋਣਗੇ।