
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿਤਾ ਅਸਤੀਫ਼ਾ
Amritsar News: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਆਪਣੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਦਿਨੀਂ ਐਸਜੀਪੀਸੀ ਦੀ ਅੰਤ੍ਰਿਗ ਕਮੇਟੀ ਇਕੱਤਰਤਾ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫਾਰਗ ਕਰਨ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਫੇਸਬੁਕ ’ਤੇ ਪਾਈ ਪੋਸਟ ਵਿਚ ਇਸ ਕਾਰਵਾਈ ਨੂੰ ਨਿੰਦਣਯੋਗ ਤੇ ਮੰਦਭਾਗਾ ਕਰਾਰ ਦਿੱਤਾ ਸੀ।
ਇਸ ਤੋਂ ਬਾਅਦ ਮੈਂ ਨੈਤਿਕ ਤੌਰ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਅੰਤ੍ਰਿਗ ਕਮੇਟੀ ਨੂੰ ਦੇ ਦਿੱਤਾ ਹੈ। ਇਸ ਦੇ ਨਾਲ ਹੀ ਐਡਵੋਕੇਟ ਧਾਮੀ ਨੇ ਇਹ ਵੀ ਐਲਾਨ ਕੀਤਾ ਕਿ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਅਕਾਲੀ ਦਲ ਮੈਂਬਰਸ਼ਿਪ ਦੀ ਭਰਤੀ ਸੰਬੰਧੀ, ਜੋ ਸੱਤ ਮੈਂਬਰੀ ਕਮੇਟੀ ਦਾ ਉਨ੍ਹਾਂ ਨੂੰ ਮੁਖੀ ਬਣਾਇਆ ਗਿਆ ਸੀ। ਉਹ ਉਸ ਤੋਂ ਵੀ ਜਥੇਦਾਰ ਸਾਹਿਬ ਨੂੰ ਅਸਤੀਫ਼ਾ ਭੇਜ ਰਹੇ ਹਨ।
ਧਾਮੀ ਦੇ ਅਸਤੀਫ਼ੇ ’ਤੇ ਬੋਲੇ ਬੀਬੀ ਜਗੀਰ ਕੌਰ
ਕਿਹਾ, ਉਨ੍ਹਾਂ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਤਕੜੇ ਹੋ ਕੇ ਜ਼ਿੰਮੇਵਾਰੀ ਨਿਭਾਉਂਦਿਆਂ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਦੇ ਨਾਲ ਖੜ੍ਹ ਕੇ ਪਿਛਲੀਆਂ ਕੀਤੀਆਂ ਗ਼ਲਤੀਆਂ ਨੂੰ ਸੁਧਾਰਨਾ ਚਾਹੀਦਾ ਸੀ।
ਸਿਆਸੀ ਦਬਾਅ ਤੇ ਗ਼ੁਲਾਮੀ ਦੀ ਵਜ੍ਹਾ ਨਾਲ ਅਸਤੀਫ਼ਾ ਦੇਣਾ ਗ਼ਲਤ ਹੈ। ਇਸ ਨਾਲ ਕੌਮ ਵਿਚ ਦੁਬਿਧਾ ਪੈਦਾ ਹੋਵੇਗੀ। ਪ੍ਰਧਾਨ ਸਾਹਿਬ ਉਹ ਪਦਵੀ ਸੀ ਜਿਸ ਉੱਤੇ ਬੈਠ ਕੇ ਉਹ ਬਹੁਤ ਵੱਡੇ ਫ਼ੈਸਲੇ ਲੈ ਸਕਦੇ ਸਨ। ਸਿਧਾਂਤਕ ਤੌਰ ਉੱਤੇ ਉਹ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਤਕੜੇ ਹੋ ਕੇ ਲਾਗੂ ਕਰਵਾ ਸਕਦੇ ਸਨ। ਜਿਸ ਨਾਲ ਲੋਕਾਂ ਨੂੰ ਵੀ ਪ੍ਰਧਾਨ ਦੀ ਤਾਕਤ ਦਾ ਪਤਾ ਲਗ ਸਕੇ। ਉਹ ਸਿਧਾਂਤ ਰੱਖਦੇ ਨਾ ਕਿ ਗੁਲਾਮ ਬਣਦੇ। ਜਿਨ੍ਹਾਂ ਨੇ ਧਾਮੀ ਨੂੰ ਉਸ ਪਦਵੀ ਉੱਤੇ ਬਿਠਾਇਆ ਸੀ ਉਨ੍ਹਾਂ ਦਾ ਧਾਮੀ ਉੱਤੇ ਦਬਾਅ ਸੀ।
ਧਾਮੀ ਦੇ ਅਸਤੀਫ਼ੇ ’ਤੇ ਬੋਲੇ ਹਰਮੀਤ ਸਿੰਘ ਕਾਲਕਾ
ਕਿਹਾ, ਪ੍ਰਧਾਨ ਨੇ ਇਤਿਹਾਸਕ ਫ਼ੈਸਲਾ ਲਿਆ। ਇੱਕ ਪਰਿਵਾਰ ਦਾ ਦਬਾਅ ਨਹੀਂ ਝੱਲ ਸਕੇ। ਅੱਜ ਉਨ੍ਹਾਂ ਦੀ ਅੰਦਰਲੀ ਜ਼ਮੀਰ ਨੇ ਆਵਾਜ਼ ਮਾਰੀ ਤੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ। ਅੱਜ ਉਨ੍ਹਾਂ ਉੱਤੇ ਉਸ ਪਰਿਵਾਰ ਨੂੰ ਬਚਾਉਣ ਦੇ ਲਗ ਰਹੇ ਦੋਸ਼ ਖ਼ਤਮ ਹੋ ਗਏ ਅਤੇ ਉਸ ਪਰਿਵਾਰ ਨੇ ਧਾਮੀ ਸਾਹਿਬ ਦੀ ਬਲੀ ਲੈ ਲਈ।
ਧਾਮੀ ਦੇ ਅਸਤੀਫ਼ੇ ’ਤੇ ਬੋਲੇ ਬਲਜੀਤ ਸਿੰਘ ਦਾਦੂਵਾਲ
ਕਿਹਾ, ਪ੍ਰਧਾਨਗੀ ਕਾਲ ਦੌਰਾਨ ਗ਼ਲਤ ਕੰਮ ਕਰ ਕੇ ਧਾਮੀ ਸਾਹਿਬ ਨੇ ਆਪਣੀ ਬੇਦਾਗ਼ ਸ਼ਖ਼ਸ਼ੀਅਤ ਨੂੰ ਦਾਗ਼ੀ ਕੀਤਾ। ਪੰਥ ਦਾ ਵੱਡਾ ਨੁਕਸਾਨ ਕਰਨ ਮਗਰੋਂ ਦੇਰੀ ਨਾਲ ਲਿਆ ਫ਼ੈਸਲਾ। ਉਨ੍ਹਾਂ ਨੂੰ ਪਹਿਲਾਂ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਅਸਤੀਫ਼ਾ ਦੇਣ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਰਿਹਾ ਹੋਵੇਗਾ।
ਹੁਣ ਸਭ ਕੁੱਝ ਸਾਹਮਣੇ ਆ ਚੁੱਕਿਆ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਕਸਮ ਖਾਈ ਹੋਈ ਹੈ ਕਿ ਸਿੱਖ ਸੰਸਥਾ, ਤਖ਼ਤਾ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੱਕਾਰ ਰਹਿਣ ਹੀ ਨਹੀਂ ਦੇਣਾ। ਸੁਖਬੀਰ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਦਾ ਫ਼ਾਇਦਾ ਚੁੱਕਿਆ। ਉਹ ਆਪਣੇ ਮਨਸੂਬਿਆ ਵਿਚ ਕਾਮਯਾਬ ਹੋ ਗਿਆ ਉਸ ਨੇ ਸੰਸਥਾਵਾਂ ਤਬਾਹ ਕਰ ਕੇ ਰੱਖ ਦਿੱਤੀਆਂ। ਸੁਖਬੀਰ ਬਾਦਲ ਨੇ ਸਿੱਖ ਵਿੱਚ ਕੋਈ ਅਹੁਦਾ ਜਾਂ ਕੋਈ ਸ਼ਖ਼ਸ਼ੀਅਤ ਛੱਡੀ ਹੀ ਨਹੀਂ ਜਿਸ ਨੂੰ ਸਿੱਖ ਪੰਥ ਦੀ ਨਿਗ੍ਹਾ ਵਿਚ ਧੁੰਦਲਾ ਨਾ ਕੀਤਾ ਹੋਵੇ।
ਜਦੋਂ ਤਕ ਸੁਖਬੀਰ ਬਾਦਲ ਪੰਥ ਦੀਆਂ ਸੰਸਥਾਵਾਂ ਦਾ ਖਹਿੜਾ ਛੱਡ ਕੇ ਘਰ ਨਹੀਂ ਬੈਠਦਾ ਉਦੋਂ ਤਕ ਸਿੱਖ ਪੰਥ ਦਾ ਭਵਿੱਖ ਧੁੰਦਲਾ ਰਹੇਗਾ। ਉਦੋਂ ਤਕ ਪੰਥ ਵਿਚ ਅਜਿਹਾ ਹੀ ਹੁੰਦਾ ਰਹੇਗਾ।
ਧਾਮੀ ਦੇ ਅਸਤੀਫ਼ੇ ’ਤੇ ਬੋਲੇ ਜਗਦੀਸ਼ ਸਿੰਘ ਝੀਂਡਾ
ਕਿਹਾ, ਧਾਮੀ ਸਾਹਿਬ ਦਾ ਫ਼ੈਸਲਾ ਸਿੱਖ ਧਰਮ ਵਿਚ ਸੇਧ ਦੇਣ ਵਾਲਾ ਹੈ। ਪਰ ਧਾਮੀ ਨੂੰ ਇਨ੍ਹਾਂ ਦੀਆਂ ਕਾਰਗੁਜ਼ਾਰੀਆਂ ਦੇਖ ਕੇ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਦੇਰ ਆਏ ਦਰੁੱਸਤ ਆਏ। ਧਾਮੀ ਸਾਹਿਬ ਨੇ ਅਸਤੀਫ਼ਾ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਬਾਦਲ ਪਰਿਵਾਰ ਵਲੋਂ ਜੋ ਕੀਤਾ ਜਾ ਰਿਹਾ ਹੈ ਉਹ ਗ਼ਲਤ ਹੈ।