
ਕਾਲਜਾਂ ਤੇ ਯੂਨੀਵਰਸਟੀਆਂ 'ਚ ਵੀ ਯੂਨਿਟ ਸਥਾਪਤ ਕੀਤੇ ਜਾਣਗੇ
ਅੰਮ੍ਰਿਤਸਰ : ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਦੇ ਸੂਬਾਈ ਜਥੇਬੰਦਕ ਢਾਂਚੇ ਦਾ ਜਲਦ ਐਲਾਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਗੁਆਂਢੀ ਰਾਜਾਂ ਦੇ ਅਹੁਦੇਦਾਰ ਅਤੇ ਮੈਂਬਰ ਐਲਾਨੇ ਜਾਣਗੇ। ਇਹ ਵਿਚਾਰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਫ਼ੈਡਰੇਸ਼ਨ ਮਹਿਤਾ ਦੇ ਵਿਸ਼ਾਲ ਜਨਰਲ ਇਜਲਾਸ 'ਚ ਹੁਮ-ਹੁੰਮਾ ਕੇ ਪਹੁੰਚਣ ਵਾਲੇ ਸਮੂਹ ਸਾਥੀਆਂ ਦਾ ਤਹਿ ਦਿਲੋਂ ਸ਼ੁਕਰ ਗੁਜਾਰ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਇਸ ਮਹਾਨ ਜਥੇਬੰਦੀ ਦਾ ਪ੍ਰਧਾਨ ਥਾਪ ਕੇ ਜੋ ਜ਼ਿੰਮੇਵਾਰੀ ਬਖ਼ਸ਼ੀ ਗਈ ਹੈ, ਉਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਤੇ ਦ੍ਰਿੜ੍ਹਤਾ ਨਾਲ ਨਿਭਾਉਂਦਾ ਹੋਇਆ ਜਿਥੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਵੱਧ ਤੋਂ ਵੱਧ ਕਾਰਜ ਕਰਾਂਗਾ, ਉਥੇ ਫ਼ੈਡਰੇਸ਼ਨ ਮਹਿਤਾ ਨੂੰ ਵੀ ਹੋਰ ਵਧੇਰੇ ਮਜ਼ਬੂਤ ਕਰਨ 'ਚ ਕੋਈ ਕਸਰ ਨਹੀਂ ਛੱਡਾਂਗਾ। ਫ਼ੈਡਰੇਸ਼ਨ ਮਹਿਤਾ ਵਲੋਂ ਕਾਲਜਾਂ ਤੇ ਯੂਨੀਵਰਸਟੀਆਂ 'ਚ ਛੇਤੀ ਹੀ ਯੂਨਿਟ ਸਥਾਪਤ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਦੇ ਸਭ ਮਸਲੇ ਗੰਭੀਰਤਾ ਨਾਲ ਹੱਲ ਕਰਵਾਏ ਜਾ ਸਕਣ। ਸ.ਢੋਟ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਾਸਤੇ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ ਤਾਂ ਜੋ ਸਿੱਖ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਪਤਿਤਪੁਣੇ ਤੋਂ ਬਚਾਇਆ ਜਾ ਸਕੇ।
ਇਸ ਸਮੇਂ ਲਖਬੀਰ ਸਿੰਘ ਸੇਖੋਂ, ਭਾਈ ਗਗਨਦੀਪ ਸਿੰਘ, ਮਨਮੋਹਨ ਸਿੰਘ ਲਾਟੀ, ਕੁਲਵਿੰਦਰ ਸਿੰਘ ਢੋਟ, ਮਨਜੀਤ ਸਿੰਘ ਬਾਠ, ਬਲਵਿੰਦਰ ਸਿੰਘ ਰਾਜੋਕੇ, ਜਗਜੀਤ ਸਿੰਘ ਖਾਲਸਾ, ਜਗਪ੍ਰੀਤ ਸਿੰਘ ਮਣੀ, ਗੁਰਦੀਪ ਸਿੰਘ ਸੁਰਸਿੰਘ, ਮਨਜੀਤ ਸਿੰਘ ਜੋੜਾਫਾਟਕ ਆਦਿ ਸਮੇਤ ਵੱਡੀ ਗਿਣਤੀ 'ਚ ਅਹੁਦੇਦਾਰਾਂ ਨੇ ਅਮਰਬੀਰ ਸਿੰਘ ਢੋਟ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਫ਼ੈਡਰੇਸ਼ਨ ਮਹਿਤਾ ਦੀ ਹੋਰ ਵਧੇਰੇ ਸਰਗਰਮੀ ਅਤੇ ਮਜ਼ਬੂਤੀ ਵਾਸਤੇ ਢੋਟ ਨੂੰ ਪ੍ਰ੍ਰਧਾਨ ਬਣਾਉਣਾ ਸਮੇਂ ਦੀ ਮੁੱਖ ਮੰਗ ਸੀ।