
ਸਰੂਪ ਸਿੰਘ ਅਲੱਗ ਦੁਆਰਾ ਪ੍ਰਕਾਸ਼ਤ ਪੁਸਤਕ 'ਸਿੱਖਾਂ ਦੀ ਵਚਿਤਰ ਗਾਥਾ' ਜਾਰੀ ਕੀਤੀ
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਰਾਜਨੀਤਕ ਪਾਰਟੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਰਾਜਨੀਤੀ ਲਈ ਧਰਮ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ। ਪੱਤਰਕਾਰਾਂ ਨਾਲ ਗੱਲ ਕਰਦਿਆਂ 'ਜਥੇਦਾਰ' ਨੇ ਕਿਹਾ ਕਿ ਧਰਮ 'ਤੇ ਆਧਾਰਤ ਰਾਜਨੀਤੀ ਕਰਨਾ ਹੋਰ ਗੱਲ ਹੈ ਤੇ ਇਹ ਸਮੇਂ ਦੀ ਜ਼ਰੂਰਤ ਵੀ ਹੈ ਪਰ ਰਾਜਨੀਤੀ ਕਰਨ ਲਈ ਧਰਮ ਦੀ ਦੁਰਵਰਤੋਂ ਕਰਨਾ ਬੇਹਦ ਅਫ਼ਸੋਸਨਾਕ ਹੈ ਤੇ ਇਸ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।
Pic-1
ਉਨ੍ਹਾਂ ਪੰਜਾਬ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਨੂੰ ਕਰੜੇ ਸ਼ਬਦਾਂ ਵਿਚ ਕਿਹਾ ਕਿ ਕੋਈ ਵੀ ਰਾਜਨੀਤਕ ਦਲ ਅਪਣੀ ਰਾਜਨੀਤੀ ਨੂੰ ਚਮਕਾਉਣ ਲਈ ਧਰਮ ਦੀ ਦੁਰਵਰਤੋਂ ਨਾ ਕਰੇ। ਦਿੱਲੀ ਦੇ ਇਕ ਗੁਰਦਵਾਰੇ ਵਿਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਿਨਾਕਸ਼ੀ ਲੇਖੀ ਨੂੰ ਗਾਤਰਾ ਕ੍ਰਿਪਾਨ ਭੇਂਟ ਕੀਤੇ ਜਾਣ ਦੇ ਮਾਮਲੇ 'ਤੇ ਬੋਲਦਿਆਂ 'ਜਥੇਦਾਰ' ਨੇ ਕਿਹਾ ਕਿ ਇਹ ਬੇਹਦ ਅਫ਼ਸੋਸਨਾਕ ਗੱਲ ਹੈ, ਇਸ ਮਾਮਲੇ ਦੀ ਵੀਡੀਉ ਉਨ੍ਹਾਂ ਕੋਲ ਹਾਲੇ ਨਹੀਂ ਪੁਜੀ, ਜਦ ਵੀ ਵੀਡੀਉ ਆਈ ਤਾਂ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਤਲਬ ਕਰ ਕੇ ਸਪਸ਼ਟੀਕਰਨ ਲਿਆ ਜਾਵੇਗਾ।
Arvind Kejriwal
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਮਨਜਿੰਦਰ ਸਿੰਘ ਸਿੱਧੂ ਵਲੋਂ ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ 'ਜਥੇਦਾਰ' ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਕੋਲ ਪੁੱਜੀ ਹੈ, ਇਸ ਬਾਰੇ ਵਿਚਾਰ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 'ਜਥੇਦਾਰ' ਨੇ ਸਰੂਪ ਸਿੰਘ ਅਲੱਗ ਦੁਆਰਾ ਪ੍ਰਕਾਸ਼ਤ ਪੁਸਤਕ 'ਸਿੱਖਾਂ ਦੀ ਵਚਿਤਰ ਗਾਥਾ' ਜਾਰੀ ਕੀਤੀ।