
ਪੰਜਾਬ ਦੇ ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤੱਤਵ ਵਿਭਾਗ ਵਲੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਨੇੜੇ.............
ਫ਼ਤਿਹਗੜ੍ਹ ਸਾਹਿਬ : ਪੰਜਾਬ ਦੇ ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤੱਤਵ ਵਿਭਾਗ ਵਲੋਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਨੇੜੇ ਪੌਣੇ ਪੰਜ ਏਕੜ ਰਕਬੇ ਵਿਚ ਉਸਾਰੇ ਜਾ ਰਹੇ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਪਾਰਕ ਦੀ ਉਸਾਰੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਕਰੋੜ ਰੁਪਏ ਜਾਰੀ ਕਰਨ ਦੇ ਨਿਰਦੇਸ਼ ਦਿਤੇ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ 22 ਜੁਲਾਈ 2016 ਨੂੰ ਇਸ ਪਾਰਕ ਦਾ ਸ਼ੁਰੂ ਹੋਇਆ ਸੀ ਪਰ ਪਿਛਲੀ ਸਰਕਾਰ ਵਲੋਂ ਪੂਰੇ ਫ਼ੰਡ ਮੁਹਈਆ ਨਾ ਕਰਵਾਉਣ ਕਰ ਕੇ ਉਸਾਰੀ ਦਾ ਕੰਮ ਅਧੂਰਾ ਹੀ ਪਿਆ ਸੀ।
ਕੁੱਝ ਦਿਨ ਪਹਿਲਾਂ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਹ ਮਸਲਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਧਿਆਨ ਵਿਚ ਲਿਆਂਦਾ ਅਤੇ ਉਨ੍ਹਾਂ ਇਹ ਮਸਲਾ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਇਆ। ਨਾਗਰਾ ਨੇ ਫ਼ਤਿਹਗੜ੍ਹ ਸਾਹਿਬ ਦੀ ਸਮੂਹ ਸੰਗਤ ਵਲੋਂ ਮੁੱਖ ਮੰਤਰੀ ਦਾ ਧਨਵਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਦਾ ਕਾਂਗਰਸ ਦੀ ਸਰਕਾਰ ਸਮੇਂ ਹੀ ਵਿਕਾਸ ਹੋਇਆ ਹੈ। ਜ਼ਿਕਰਯੋਗ ਹੈ ਕਿ ਫ਼ਤਿਹਗੜ੍ਹ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਵੀ ਕਾਂਗਰਸ ਸਰਕਾਰ ਵਲੋਂ ਹੀ ਦਿਤਾ ਗਿਆ
ਜਦਕਿ ਚਾਰ ਯਾਦਗਾਰੀ ਗੇਟਾਂ ਦੀ ਉਸਾਰੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸਮੇਂ ਹੀ ਹੋਈ ਅਤੇ ਹੁਣ ਵੀ ਇਸ ਪਵਿੱਤਰ ਧਰਤੀ ਨਾਲ ਜੁੜੀਆਂ ਵੱਖ-ਵੱਖ ਇਤਿਹਾਸਕ ਯਾਦਗਾਰਾਂ ਦੀ ਮੁੜ ਪੁਰਾਤਨ ਦਿਖ ਬਹਾਲ ਕਰਨ ਦਾ ਬੀੜਾ ਵੀ ਕੈਪਟਨ ਸਰਕਾਰ ਵਲੋਂ ਹੀ ਚੁਕਿਆ ਗਿਆ। ਉਨ੍ਹਾਂ ਦਸਿਆ ਕਿ ਇਸ ਯਾਦਗਾਰੀ ਪਾਰਕ ਦੀ ਉਸਾਰੀ ਦਾ ਕੰਮ ਕੁਝ ਮਹੀਨਿਆਂ ਵਿਚ ਹੀ ਮੁਕੰਮਲ ਹੋ ਜਾਵੇਗਾ।
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਬਲਵਿੰਦਰ ਸਿੰਘ ਨੇ ਦਸਿਆ ਕਿ ਇਸ ਪਾਰਕ ਵਿਚ ਤੀਰਥ ਯਾਤਰੀਆਂ ਦੇ ਬੈਠਣ ਲਈ ਸ਼ੈਲਟਰ ਬਣਾਏ ਗਏ ਹਨ। ਇਸ ਤੋਂ ਇਲਾਵਾ ਯਾਤਰੀਆਂ ਲਈ ਆਧੁਨਿਕ ਸਹੂਲਤਾਂ ਵਾਲੇ ਪਖਾਨਿਆਂ ਦੀ ਉਸਾਰੀ ਕੀਤੀ ਗਈ ਹੈ ਅਤੇ ਪੀਣ ਵਾਲੇ ਸਾਫ਼ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਨ੍ਹਾਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਠੰਡੇ ਬੁਰਜ ਤੋਂ ਪਾਰਕ ਤਕ ਪੌੜੀਆਂ ਬਣਾਈਆਂ ਗਈਆਂ ਹਨ ਅਤੇ ਅੰਗਹੀਣਾ ਤੇ ਬਜ਼ੁਰਗਾਂ ਲਈ ਰੈਂਪ ਵੀ ਬਣਾਏ ਗਏ ਹਨ।