
ਸੈਸ਼ਨ ਜੱਜ ਦੀ ਅਦਾਲਤ ਵਿਚ ਦੋਸ਼ ਆਇਦ ਹੋਣ ਦੇ ਮੁੱਦੇ 'ਤੇ ਹੋਣੀ ਸੀ ਬਹਿਸ!
ਕੋਟਕਪੂਰਾ (ਗੁਰਿੰਦਰ ਸਿੰਘ) : ਭਾਵੇਂ ਬੇਅਦਬੀ ਕਾਂਡ ਤੋਂ ਬਾਅਦ ਬਹਿਬਲ ਕਲਾਂ ਅਤੇ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸ ਅਤਿਆਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਮੁਤਾਬਕ ਹੈਰਾਨੀਜਨਕ ਖੁਲਾਸੇ ਤੇ ਪ੍ਰਗਟਾਵੇ ਹੋਏ ਹਨ
Justice Ranjit Singh
ਪਰ ਉਕਤ ਮਾਮਲਾ ਹੁਣ ਅਦਾਲਤ ਦੇ ਵਿਚਾਰ ਅਧੀਨ ਹੈ। ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਸਬੰਧੀ ਸ਼ੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ 'ਚ ਦੋਸ਼ ਆਇਦ ਦੇ ਮੁੱਦੇ 'ਤੇ ਬਹਿਸ ਹੋਣੀ ਸੀ ਪਰ ਕੋਰੋਨਾ ਵਾਇਰਸ ਦੀ ਕਰੋਪੀ ਕਾਰਨ ਅਦਾਲਤਾਂ 'ਚ ਆਨਲਾਈਨ ਜਾਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਕੰਮ ਹੋਣ ਕਰ ਕੇ ਉਕਤ ਕੇਸ ਦੀ ਸੁਣਵਾਈ ਨਹੀਂ ਹੋ ਸਕੀ। ਸ਼ੈਸ਼ਨ ਜੱਜ ਸੁਮਿਤ ਮਲਹੋਤਰਾ ਦੀ ਅਦਾਲਤ ਨੇ ਉਕਤ ਦੋਹਾਂ ਮਾਮਲਿਆਂ ਦੀ ਸੁਣਵਾਈ 6 ਨਵੰਬਰ ਤਕ ਮੁਲਤਵੀ ਕਰ ਦਿਤੀ ਹੈ।
Paramraj Singh Umranangal
ਜ਼ਿਕਰਯੋਗ ਹੈ ਕਿ ਉਕਤ ਮਾਮਲਿਆਂ 'ਚ ਐਸਆਈਟੀ ਨੇ ਗਵਾਹਾਂ ਦੇ ਆਧਾਰ 'ਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਸਮੇਤ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਬਲਜੀਤ ਸਿੰਘ ਸਿੱਧੂ ਤਤਕਾਲੀਨ ਡੀਐਸਪੀ ਕੋਟਕਪੂਰਾ, ਗੁਰਦੀਪ ਸਿੰਘ ਪੰਧੇਰ ਸਾਬਕਾ ਐਸਐਚਓ ਥਾਣਾ ਸਿਟੀ ਕੋਟਕਪੂਰਾ, ਪਰਮਜੀਤ ਸਿੰਘ ਪੰਨੂੰ ਡੀਐਸਪੀ, ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਇੰਸ. ਪ੍ਰਦੀਪ ਸਿੰਘ ਵਿਰੁਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ,
Behbal Kalan firing
ਭਾਵੇਂ ਇੰਸ. ਪ੍ਰਦੀਪ ਸਿੰਘ ਨੂੰ ਸਿੱਟ ਨੇ ਮੁਲਜ਼ਮ ਵਜੋਂ ਉਕਤ ਮਾਮਲੇ 'ਚ ਸ਼ਾਮਲ ਕਰਵਾਇਆ ਪਰ ਬਾਅਦ 'ਚ 'ਵਾਅਦਾ ਮੁਆਫ਼ ਗਵਾਹ' ਬਣ ਕੇ ਇੰਸ. ਪ੍ਰਦੀਪ ਸਿੰਘ ਨੇ ਵੀ ਬਹਿਬਲ ਕਲਾਂ ਗੋਲੀਕਾਂਡ ਵਾਲੀ ਘਟਨਾ ਸਬੰਧੀ ਅਹਿਮ ਖੁਲਾਸੇ ਕੀਤੇ। ਹੁਣ ਸ਼ੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ 'ਚ ਉਕਤ ਮਾਮਲਿਆਂ ਦੀ ਸੁਣਵਾਈ 6 ਨਵੰਬਰ ਨੂੰ ਹੋਵੇਗੀ।