
1858 ’ਚ ਬਾਬਰੀ ਮਸਜਿਦ ਦੇ ਢਾਂਚੇ ’ਤੇ ਕਬਜ਼ਾ ਕਰਨ ਵਾਲੇ ਨਿਹੰਗ ਬਾਬਾ ਫਕੀਰ ਸਿੰਘ ਦਾ ਵੰਸ਼ਜ ਹੋਣ ਦਾ ਦਾਅਵਾ ਕੀਤਾ
ਚੰਡੀਗੜ੍ਹ - ਜਥੇਦਾਰ ਬਾਬਾ ਸ. ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਰਜੀਤ ਸਿੰਘ ਰਸੂਲਪੁਰ ਨੇ ਅੱਜ ਅਯੁੱਧਿਆ ਵਿਚ ਰਾਮ ਮੰਦਿਰ ਦੇ ਉਦਘਾਟਨ ਮੌਕੇ ਲੰਗਰ ਲਗਾਉਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਵੰਬਰ 1858 ਵਿਚ ਨਿਹੰਗ ਬਾਬਾ ਫਕੀਰ ਸਿੰਘ ਦੀ ਅਗਵਾਈ ਵਿਚ 25 ਨਿਹੰਗ ਸਿੰਘਾਂ (ਸਿੱਖਾਂ) ਨੇ ਬਾਬਰੀ ਮਸਜਿਦ ਦੇ ਢਾਂਚੇ ’ਤੇ ਕਬਜ਼ਾ ਕਰ ਲਿਆ ਅਤੇ ਇਸ ਵਿਚ ਹਵਨ ਕਰਨ ਦੇ ਨਾਲ-ਨਾਲ ਕੰਧਾਂ ’ਤੇ ‘ਰਾਮ ਰਾਮ’ ਲਿਖ ਕੇ ਅਤੇ ਭਗਵੇਂ ਝੰਡੇ ਲਹਿਰਾਏ।
ਇਸ ਤੋਂ ਬਾਅਦ, ਬਾਬਰੀ ਮਸਜਿਦ ਦੇ ਮੁਅਜ਼ਿਮ (ਮਸਜਿਦ ਅਧਿਕਾਰੀ) ਦੀ ਸ਼ਿਕਾਇਤ ’ਤੇ, ਅਵਧ ਦੇ ਥਾਣੇਦਾਰ ਵਲੋਂ 30 ਨਵੰਬਰ 1858 ਨੂੰ 25 ਨਿਹੰਗ ਸਿੰਘਾਂ (ਸਿੱਖਾਂ) ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਇਹ ਇਕ ਵੱਡੀ ਅਤੇ ਮਹੱਤਵਪੂਰਨ ਇਤਿਹਾਸਕ ਘਟਨਾ ਹੈ ਪਰ ਇਹ ਉਦੋਂ ਹੋਰ ਵੀ ਅਹਿਮ ਹੋ ਜਾਂਦੀ ਹੈ, ਜਦੋਂ ਸੁਪਰੀਮ ਕੋਰਟ ਇਸ ਨੂੰ ਸਬੂਤਾਂ ਵਿਚ ਇਕ ਅਹਿਮ ਸਬੂਤ ਵਜੋਂ ਲੈਂਦੀ ਹੈ, ਜਿਸ ਦੇ ਆਧਾਰ ’ਤੇ ਉਹ 9 ਨਵੰਬਰ 2019 ਨੂੰ ਹਿੰਦੂਆਂ ਦੇ ਹੱਕ ਵਿਚ ਫ਼ੈਸਲਾ ਸੁਣਾਉਂਦੀ ਹੈ।
ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਨਾ ਸਿਰਫ਼ ਉਨ੍ਹਾਂ ਦੇ ਪੁਰਖਿਆਂ ਦੀ ਭਗਵਾਨ ਰਾਮ ਪ੍ਰਤੀ ਸੱਚੀ ਸ਼ਰਧਾ ਅਤੇ ਆਸਥਾ ਸੀ ਬਲਕਿ ਉਨ੍ਹਾਂ ਦੀ ਵੀ ਇਹੋ ਆਸਥਾ ਸੀ ਅਤੇ ਇਸੇ ਲਈ ਉਨ੍ਹਾਂ ਕਿਹਾ ਕਿ ਹੁਣ ਜਦੋਂ 22 ਜਨਵਰੀ 2024 ਨੂੰ ਸ੍ਰੀ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ ਤਾਂ ਉਹ ਪਿੱਛੇ ਕਿਵੇਂ ਰਹਿ ਸਕਦੇ ਹਨ। ਇਸ ਲਈ ਉਨ੍ਹਾਂ ਫ਼ੈਸਲਾ ਕੀਤਾ ਕਿ ਉਹ ਅਪਣੇ ਨਿਹੰਗ ਸਿੰਘਾਂ ਨਾਲ ਅਯੁੱਧਿਆ ਵਿਖੇ ਲੰਗਰ ਲਗਾਉਣਗੇ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਉਦਘਾਟਨ ਮੌਕੇ ਗੁਰੂ ਨਾਨਕ ਦਾ ਲੰਗਰ ਲਗਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਚਾਹੁੰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਕ ਨਿਹੰਗ ਸਿੰਘ ਹੋਣ ਦੇ ਨਾਤੇ ਉਨ੍ਹਾਂ ਨੂੰ ਸਨਾਤਨ ਧਰਮ ਵਿਚ ਉਨੀ ਹੀ ਆਸਥਾ ਹੈ ਜਿੰਨੀ ਉਨ੍ਹਾਂ ਨੂੰ ਸਿੱਖ ਧਰਮ ਵਿਚ ਹੈ। ਅੱਜ ਜਿਹੜੇ ਕੱਟੜਪੰਥੀਆਂ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵਖਰਾ ਸਮਝਿਆ ਹੈ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਮ ਮੰਦਰ ਲਈ ਪਹਿਲੀ ਐਫ.ਆਈ.ਆਰ. ਹਿੰਦੂਆਂ ਵਿਰੁਧ ਨਹੀਂ, ਸਿੱਖਾਂ ਵਿਰੁਧ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹ ਕੇਵਲ ਸਨਾਤਨ ਪਰੰਪਰਾਵਾਂ ਦਾ ਧਾਰਨੀ ਹੈ। ਨਿਹੰਗਾਂ ਅਤੇ ਸਨਾਤਨ ਵਿਚਾਰਧਾਰਾ ਵਿਚ ਤਾਲਮੇਲ ਬਣਾਈ ਰੱਖਣ ਦੌਰਾਨ ਉਨ੍ਹਾਂ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ ਕਿਉਂਕਿ ਇਕ ਪਾਸੇ ਉਹ ਅੰਮ੍ਰਿਤ ਲਿਆ ਹੋਇਆ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੇ ਅਪਣੇ ਗਲੇ ’ਚ ਰੁਦਰਾਕਸ਼ ਦੀ ਮਾਲਾ ਪਾਈ ਹੋਈ ਹੈ। ਜਥੇਦਾਰ ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਦੇਸ਼ ਅਤੇ ਧਰਮ ਦੀ ਲੋੜ ਪਈ ਤਾਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਪਿੱਛੇ ਨਹੀਂ ਹਟਣਗੇ।