
ਦੇਸ਼ ਉਤੇ ਜਦੋਂ ਜਦੋਂ ਵੀ ਭੀੜ ਪਈ ਹੈ ਸਿੱਖਾਂ ਨੇ ਅਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਦੀ ਰਾਖੀ ਕੀਤੀ ਹੈ ਅਤੇ ਇਸ ਵਾਰ ਵੀ ਪੁਲਵਾਮਾ...........
ਨੰਗਲ, ਸ੍ਰੀ ਅਨੰਦਪੁਰ ਸਾਹਿਬ : ਦੇਸ਼ ਉਤੇ ਜਦੋਂ ਜਦੋਂ ਵੀ ਭੀੜ ਪਈ ਹੈ ਸਿੱਖਾਂ ਨੇ ਅਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਦੀ ਰਾਖੀ ਕੀਤੀ ਹੈ ਅਤੇ ਇਸ ਵਾਰ ਵੀ ਪੁਲਵਾਮਾ ਵਿਚ ਹੋਈਆਂ 40 ਕੁਰਬਾਨੀਆਂ ਵਿਚ ਸਿੱਖਾਂ ਨੇ ਅਪਣਾ ਦਸਵੰਧ ਪਾ ਕੇ ਅਪਣੀ ਕੁਰਬਾਨੀਆਂ ਦੀ ਸ਼ਾਨ ਨੂੰ ਬਰਕਰਾਰ ਰਖਿਆ ਹੈ । ਸੀ.ਆਰ.ਪੀ. ਐਫ਼ ਵਿਚ ਤਾਇਨਾਤ ਇਨ੍ਹਾਂ ਚਾਰ ਨੌਜਵਾਨ ਸਿੰਘਾਂ ਦੀ ਇਸ ਕੁਰਬਾਨੀ ਨੂੰ ਕੌਮ ਸਦਾ ਹੀ ਯਾਦ ਰੱਖੇਗੀ। ਇਹ ਸ਼ਬਦ ਅੱਜ ਸਪੋਕਸਮੈਨ ਨਾਲ ਵਿਸੇਸ਼ ਗੱਲਬਾਤ ਦੌਰਾਨ ਪੁਲਵਾਮਾ ਵਿਚ ਸ਼ਹੀਦ ਹੋਏ ਸੀ.ਆਰ.ਪੀ. ਐਫ਼ ਦੇ ਪੰਜਾਬ ਦੇ ਚਾਰ ਜਵਾਨਾਂ ਦੀ ਸ਼ਹਾਦਤ ਦੀ ਗੱਲ ਕਰਦਿਆ ਤਖ਼ਤ ਸ੍ਰ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ
ਨੇ ਕਹੇ। ਉਨ੍ਹਾਂ ਕਿਹਾ ਕਿ ਹਿੰਦੋਸਤਾਨ 'ਤੇ ਜਦੋਂ ਵੀ ਭੀੜ ਬਣੀ ਹੈ ਸਿੱਖਾਂ ਨੇ ਅਪਣੀਆਂ ਕੁਰਬਾਨੀਆਂ ਦੇ ਕੇ ਬਚਾਇਆ ਹੈ ਅਤੇ ਸ਼ਾਇਦ ਹੀ ਕੋਈ ਐਸੀ ਸ਼ਹਾਦਤ ਹੋਵੇ ਜਿਸ ਵਿਚ ਸਿੱਖਾਂ ਦਾ ਯੋਗਦਾਨ ਨਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਅਜ਼ਾਦੀ ਦੀ ਲੜਾਈ ਵਿਚ 90 ਫ਼ੀ ਸਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ ਅਤੇ ਉਨ੍ਹਾਂ ਵਿਚ ਵੀ ਬਹੁਤਾਤ ਸਿੱਖ ਕੌਮ ਦੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪੁਲਵਾਮਾ ਵਿਚ ਹੋਏ ਬੰਬ ਧਮਾਕੇ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ
ਪਿੰਡ ਰੌਲੀ ਦਾ ਕੁਲਵਿੰਦਰ ਸਿੰਘ, ਮੋਗਾ ਕੋਟ ਈਸੇ ਖ਼ਾਨ ਦੇ ਜੈਮਲ ਸਿੰਘ, ਤਰਨਤਾਰਨ ਦੇ ਪਿੰਡ ਗਾਂਧੀਵਿੰਡ ਦੇ ਸੁਖਜਿੰਦਰ ਸਿੰਘ ਅਤੇ ਗੁਰਦਾਸਪੁਰ ਦੇ ਮਨਿੰਦਰ ਸਿੰਘ ਨੇ ਅਪਣੀਆਂ ਕੁਰਬਾਨੀਆਂ ਦੇ ਕੇ ਸਿੱਖ ਕੌਮ ਦੇ ਮਾਣਮੱਤੇ ਸ਼ਹੀਦੀਆਂ ਵਾਲੇ ਇਤਿਹਾਸ ਨੂੰ ਹੋਰ ਵੱਡਾ ਕੀਤਾ ਹੈ ਜਿਸ ਦਾ ਕੌਮ ਨੂੰ ਇਨ੍ਹਾਂ ਸ਼ਹੀਦਾਂ 'ਤੇ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਨੂੰ ਅਰਦਾਸ ਕਰਦੇ ਹਨ ਕਿ ਸ਼ਹੀਦ ਹੋਏ ਪ੍ਰਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।