ਸਾਰੀ ਸਿੱਖ ਕੌਮ ਰਾਜੇ ਰਿਪੁਦਮਣ ਸਿੰਘ ਦੇ ਹੱਕ ਵਿਚ ਜੈਤੋ ਪਹੁੰਚ ਅਖੰਡ ਪਾਠ ਕਰ ਕੇ ਅੰਗਰੇਜ਼ਾਂ ਨੂੰ ਅਪਣਾ ਵਿਰੋਧ ਜਤਾ ਰਹੀ ਸੀ। ਇਹ ਸੀ ਜੈਤੋ ਦਾ ਮੋਰਚਾ।
100 years Martyrdom Day: 9 ਫ਼ਰਵਰੀ 1924 ਨੂੰ 500 ਸਿੰਘਾਂ ਦਾ ਜੱਥਾ ਅਕਾਲ ਤਖ਼ਤ ਤੋਂ ਅਰਦਾਸ ਕਰ ਕੇ ਪੈਦਲ ਜੈਤੋ (ਨਾਭਾ ਰਿਆਸਤ) ਨੂੰ ਚੱਲ ਪਿਆ। ਹਰੀਕੇ ਪਤਣ ਤੋਂ ਬੇੜੀਆਂ ਦਾ ਪੁੱਲ ਲੰਘਣ ਤੋਂ ਪਹਿਲਾਂ ਚੰਬਾ ਕਲਾਂ ਤੋਂ ਸੱਤ ਸਿੰਘ ਉਸ ਜੱਥੇ ਨਾਲ ਜਾ ਰਲੇ। 21 ਫ਼ਰਵਰੀ 1924 ਨੂੰ ਜੈਤੋ ਪੁੱਜੇ। ਜੈਤੋ ਮੋਰਚਾ ਲੱਗਾ ਹੋਇਆ ਸੀ। ਇਹ ਮੋਰਚਾ ਕੀ ਸੀ? ਜੈਤੋ ਵਿਖੇ ਸ਼ਹੀਦ ਸਿੰਘਾਂ ਦੀ ਬਰਸੀ ਮਨਾਉਣ ਲਈ ਜੋ ਅਖੰਡ ਪਾਠ ਚੱਲ ਰਿਹਾ ਸੀ, ਉਸ ਅਖੰਡ ਪਾਠ ਨੂੰ ਅੰਗਰੇਜ਼ ਹਾਕਮ ਨੇ ਖੰਡਨ ਕਰ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਜੈਤੋ ਕਸਬੇ ਵਿਚ ਖਿਲਾਰ ਦਿਤੇ ਸਨ।
ਪਾਠੀ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ ਸੀ। ਇਹ ਅਖੰਡ ਪਾਠ ਨਨਕਾਣਾ ਸਾਹਿਬ ਵਿਖੇ ਹੋਏ 200 ਸਿੰਘਾਂ ਦੀ ਸ਼ਹਾਦਤ ਬਾਰੇ ਸੀ। ਇਹ ਸਿੰਘ ਦੋ ਸਾਲ ਪਹਿਲਾਂ ਲਛਮਣ ਸਿੰਘ ਧਾਰੋਵਾਲੀ ਜ਼ਿਲ੍ਹਾ ਗੁਰਦਾਸਪੁਰ ਦੀ ਅਗਵਾਈ ਵਿਚ ਨਨਕਾਣਾ ਸਾਹਿਬ ਗੁਰਦਵਾਰਾ ਆਜ਼ਾਦ ਕਰਾਉਣ ਲਈ ਗਏ ਸਨ। ਪਰ ਉਥੇ ਕਾਬਜ਼ ਮਹੰਤ ਨਰਾਇਣ ਦਾਸ ਨੇ ਅਪਣੇ ਗੁੰਡਿਆਂ ਨਾਲ ਅਤੇ ਅੰਗਰੇਜ਼ ਹਾਕਮਾਂ ਦੀ ਮਦਦ ਨਾਲ ਸਾਰਾ ਦੋਸ਼ ਰਾਜੇ ਰਿਪੁਦਮਣ ਸਿੰਘ ਦੇ ਸਿਰ ਮੜ੍ਹ ਦਿਤਾ ਜਿਸ ਕਰ ਕੇ ਅੰਗਰੇਜ਼ਾਂ ਨੇ ਉਸ ਖ਼ਿਲਾਫ਼ ਕਾਰਵਾਈ ਕੀਤੀ ਸੀ। ਸਾਰੀ ਸਿੱਖ ਕੌਮ ਰਾਜੇ ਰਿਪੁਦਮਣ ਸਿੰਘ ਦੇ ਹੱਕ ਵਿਚ ਜੈਤੋ ਪਹੁੰਚ ਅਖੰਡ ਪਾਠ ਕਰ ਕੇ ਅੰਗਰੇਜ਼ਾਂ ਨੂੰ ਅਪਣਾ ਵਿਰੋਧ ਜਤਾ ਰਹੀ ਸੀ। ਇਹ ਸੀ ਜੈਤੋ ਦਾ ਮੋਰਚਾ।
ਜੋ 500 ਸਿੰਘਾਂ ਦਾ ਜੱਥਾ ਅਖੰਡ ਪਾਠ ਕਰਾਉਣ ਲਈ 21 ਫ਼ਰਵਰੀ 1924 ਨੂੰ ਜੈਤੋ ਪੁੱਜਾ ਸੀ, ਉਸ ਵਿਚ ਚੰਬਾ ਕਲਾਂ ਦੇ ਸਤ ਸਿੰਘ ਸਨ। ਉਨ੍ਹਾਂ ਉਪਰ ਅੰਗਰੇਜ਼ ਹਾਕਮ ਜਾਨ ਸਟਨ ਨੇ ਗੋਲੀਆਂ ਦੀ ਵਾਛੜ ਕੀਤੀ ਜਿਵੇਂ ਪੰਜ ਸਾਲ ਪਹਿਲਾਂ ਜਨਰਲ ਡਾਇਰ ਨੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ਼ ਵਿਚ ਕੀਤੀ ਸੀ ਤੇ ਸੈਂਕੜੇ ਭਾਰਤੀ ਸ਼ਹੀਦ ਕੀਤੇ ਸਨ, ਉਸੇ ਤਰ੍ਹਾਂ ਹੀ ਜੈਤੋ ਵਿਖੇ 500 ਸਿੰਘਾਂ ’ਤੇ ਗੋਲੀਆਂ ਚਲਾਈਆਂ ਗਈਆਂ।
ਉਨ੍ਹਾਂ 500 ਵਿਚੋਂ 103 ਸਿੰਘ ਜੋ ਸ਼ਹੀਦ ਹੋਏ, ਉਨ੍ਹਾਂ ਵਿਚ ਹੀ ਚੰਬਾ ਕਲਾਂ ਦੇ ਦੋ ਸਿੰਘ ਬਾਬਾ ਸ਼ੀਹਾਂ ਸਿੰਘ ਅਤੇ ਬਾਬਾ ਪਰਸਿੰਨ ਸਿੰਘ ਵੀ ਸ਼ਹੀਦ ਹੋਏ। ਸਿਤਮ ਜ਼ਰੀਫੀ ਵੇਖੋ ਇਤਿਹਾਸ ਸੁਣ ਕੇ ਕਾਲਜਾ ਬਾਹਰ ਨੂੰ ਆਉਂਦਾ ਹੈ ਕਿ ਸ਼ਹੀਦ ਹੋਣ ਵਾਲਿਆਂ ਵਿਚ ਅਪਣੇ ਕੁਛੜ ਚੁੱਕੇ ਇਕ ਸਾਲ ਦੇ ਬੱਚੇ ਸਮੇਤ ਇਕ ਬੀਬੀ ਬਲਬੀਰ ਕੌਰ ਵੀ ਸੀ। ਉਸ ਦੇ ਦੂਜੇ ਹੱਥ ਵਿਚ ਨਿਸ਼ਾਨ ਸਾਹਿਬ ਸੀ।
ਬੀਬੀ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਨਾ ਹੋਵੇ, ਇਸ ਲਈ ਅਪਣਾ ਕੁਛੜ ਚੁਕਿਆ ਇਕ ਸਾਲ ਦਾ ਬੱਚਾ ਭੁੰਜੇ ਰੱਖ ਦਿਤਾ ਤੇ ਨਿਸ਼ਾਨ ਸਾਹਿਬ ਦੋਵਾਂ ਹੱਥਾਂ ਨਾਲ ਉੱਚਾ ਚੁਕ ਜ਼ੋਰਦਾਰ ਜੈਕਾਰੇ ਛੱਡੇ। ਉਹ ਬੱਚਾ ਬਾਬਾ ਸ਼ੀਹਾਂ ਸਿੰਘ ਨੇ ਚੁੱਕ ਆਪ ਗੋਦ ਵਿਚ ਲੈ ਲਿਆ। ਗੋਲੀਆਂ ਦੀ ਵਾਛੜ ਵਿਚ ਬੀਬੀ ਬਲਬੀਰ ਕੌਰ, ਉਸ ਦਾ ਬੱਚਾ, ਬਾਬਾ ਸ਼ੀਹਾਂ ਸਿੰਘ, ਬਾਬਾ ਪਰਸਿੰਨ ਸਿੰਘ ਅਪਣੇ 103 ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰ ਗਏ।
ਇਥੇ ਇਹ ਦਸਿਆ ਜਾਂਦਾ ਹੈ ਕਿ ਬਾਬਾ ਸ਼ੀਹਾਂ ਸਿੰਘ 18 ਸਾਲ ਤੇ ਬਾਬਾ ਪਰਸਿੰਨ ਸਿੰਘ 20 ਸਾਲ ਦੇ ਨੌਜੁਆਨ ਦੋਵੇਂ ਸਕੇ ਭਰਾ ਕੁਆਰੇ ਹੀ ਸਨ। ਇਹ ਚੰਬਾ ਕਲਾ ਜ਼ਿਲ੍ਹਾ ਤਰਨਤਾਰਨ ਦੇ ਸਨ। ਉਨ੍ਹਾਂ 103 ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਤਾਂ ਅੰਗਰੇਜ਼ ਹਾਕਮ ਜਾਨ ਸਟਨ ਦੇ ਹੁਕਮ ਤੇ ਚੁੱਕ ਲਈਆਂ ਗਈਆਂ ਪਰ 22 ਦੇਹਾਂ ਲੋਕਾਂ ਦੇ ਰੋਹ ਨੇ ਅੰਗਰੇਜ਼ਾਂ ਤੋਂ ਖੋਹ ਲਈਆਂ ਅਤੇ ਜਿਥੇ ਉਨ੍ਹਾਂ ਦਾ ਦਾਹ-ਸਸਕਾਰ ਕੀਤਾ ਗਿਆ ਉਥੇ ਗੁਰਦਵਾਰਾ ਅੰਗੀਠਾ ਸਾਹਿਬ ਹੈ। ਉਪਰੋਕਤ ਸ਼ਹੀਦੀ ਦੀ ਘਟਨਾ ਦਾਹ ਸਸਕਾਰ ਦੀ ਘਟਨਾ, ਜੋ ਸੱਤ ਸਿੰਘ ਚੰਬਾ ਕਲਾ ਤੋਂ ਗਏ ਸਨ ਅਤੇ ਉਨ੍ਹਾਂ ਵਿਚੋਂ ਪੰਜ ਪਿੰਡ ਜੀਊਂਦੇ ਪਹੁੰਚ ਗਏ ਸਨ ਉਨ੍ਹਾਂ ਪਿੰਡ ਪਹੁੰਚ ਦੱਸੀ ਸੀ।
ਉਸ ਦਿਨ ਯਾਨੀ 21 ਫ਼ਰਵਰੀ 1924 ਤੋਂ ਅੱਜ ਤਕ ਜੈਤੋ ਵਿਖੇ ਇਹ ਦਿਨ ਸ਼ਹੀਦੀ ਦਿਨ ਵਜੋਂ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਾਹਿਗੁਰੂ ਮਿਹਰ ਕਰੇ ਆਉਂਦੀ 21 ਫ਼ਰਵਰੀ 2024 ਨੂੰ ਇਸ ਸਾਕੇ ਨੂੰ 100 ਸਾਲ ਹੋ ਜਾਣਗੇ ਅਤੇ ਪਿੰਡ ਚੰਬਾ ਕਲਾ ਵਿਖੇ ਗੁਰਦਵਾਰਾ ਬਾਬਾ ਹਰਨਾਮ ਸਿੰਘ ਦੇ ਦਰ ’ਤੇ ਇਹ ਦਿਨ ਮਨਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀ ਸਮੂਹ ਪਿੰਡ ਨਿਵਾਸੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜਿਥੇ ਪੰਜਾਬ ਸਰਕਾਰ ਜੈਤੋ ਵਿਖੇ ਇਹ ਦਿਨ 21 ਫ਼ਰਵਰੀ 2024 ਨੂੰ ਸ਼ਤਾਬਦੀ ਸਮਾਗਮ ਵਜੋਂ ਮਨਾਵੇਗੀ। ਪਿੰਡ ਚੰਬਾ ਕਲਾਂ ਵਿਖੇ ਮਨਾਉਣ ਹਿੱਤ ਪਿੰਡ ਦਾ ਡੱਟ ਕੇ ਸਾਥ ਦਿਉ।