
ਯਾਦਾਂ ਕਾਇਮ ਰੱਖਣ ਲਈ ਅਸਥੀਆਂ ਜਲ ਪ੍ਰਵਾਹ ਕਰਨ ਦੀ ਥਾਂ ਖੇਤ 'ਚ ਦੱਬ ਕੇ ਟਾਹਲੀ (ਸ਼ੀਸ਼ਮ) ਦਾ ਬੂਟਾ ਲਾਇਆ ਸੱਭ ਤੋਂ ਵੱਡਾ ਹਿੱਸੇਦਾਰ ਦੇਸ਼
ਚੰਡੀਗੜ੍ਹ, 18 ਮਈ (ਸਪੋਕਸਮੈਨ ਸਮਚਾਰ ਸੇਵਾ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਪਿਤਾ ਗੁਰਦਾਸ ਸਿੰਘ ਬਾਦਲ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਥਾਂ ਪਿੰਡ ਬਾਦਲ 'ਚ ਅਪਣੀ ਰਿਹਾਇਸ਼ 'ਤੇ ਖੇਤ 'ਚ ਦਬ ਕੇ ਉਪਰ ਟਾਹਲੀ (ਸ਼ੀਸ਼ਮ) ਦਾ ਬੂਟਾ ਲਾ ਕੇ ਖ਼ਾਸ ਸੰਦੇਸ਼ ਦੇਣ ਦਾ ਯਤਨ ਕੀਤਾ ਹੈ। ਇਸ ਤੋਂ ਡੇਢ ਕੁ ਮਹੀਨਾ ਪਹਿਲਾਂ ਉਨ੍ਹਾਂ ਨੇ ਅਪਣੀ ਮਾਤਾ ਹਰਮੰਦਰ ਕੌਰ ਦੀਆਂ ਅਸਥੀਆਂ ਵੀ ਇਸੇ ਥਾਂ ਮਿੱਟੀ 'ਚ ਦਬ ਕੇ ਉਪਰ ਟਾਹਲੀ ਦਾ ਬੂਟਾ ਲਾਇਆ ਸੀ। ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ 'ਦਾਸ ਜੀ' ਦੀ ਸ਼ਾਨਦਾਰ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਾਣਾ ਸਰੋਤ ਬਣੇਗੀ। ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਥਾਂ ਖੇਤ 'ਚ ਮਿੱਟੀ 'ਚ ਦਬ ਕੇ ਉਪਰ ਟਾਹਲੀ ਦੇ ਪੌਦੇ ਲਾਉਣ ਦਾ ਉਨ੍ਹਾਂ ਦਾ ਮਕਸਦ ਇਕ ਯਾਦਗਾਰ ਸਥਾਪਿਤ ਕਰਨਾ ਹੈ। ਅਪਣੇ ਵੱਡੇ ਭਰਾ ਪਾਸ਼ (ਪ੍ਰਕਾਸ਼ ਸਿੰਘ ਬਾਦਲ) ਲਈ ਅਖ਼ੀਰ ਤਕ ਪਰਛਾਵਾਂ ਬਣ ਕੇ ਰਹੇ 'ਦਾਸ ਜੀ' ਆਉਣ ਵਾਲੀਆਂ ਪੀੜ੍ਹੀਆਂ ਲਈ ਠੰਢੀ ਛਾਂ ਬਣ ਕੇ ਵਿਚਰਨਗੇ।
ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਟਾਹਲੀ ਦਾ ਰੁੱਖ ਉਨ੍ਹਾਂ ਦੇ ਪਿਤਾ ਦੀਆਂ ਯਾਦਾਂ ਦੁਆਉਂਦਾ ਰਹੇਗਾ। ਉਨ੍ਹਾਂ ਦੇ ਪਿਤਾ 'ਦਾਸ ਜੀ' ਵਜੋਂ ਜਾਣੇ ਜਾਂਦੇ ਸਨ ਅਤੇ ਉਹ ਉਸ ਸਮੇਂ ਸਿਆਸਤ 'ਚ ਦਾਖ਼ਲ ਹੋਏ ਸਨ ਜਦੋਂ ਸਿਆਸਤ ਧੰਦਾ ਨਹੀਂ ਸੀ ਅਤੇ ਇਕ ਸੇਵਾ ਸੀ। ਕੁਰਬਾਨੀਆਂ ਅਤੇ ਜੱਦੋਜਹਿਦਾਂ ਨਾਲ ਸਿਆਸਤ 'ਚ ਦਾਖ਼ਲਾ ਮਿਲਦਾ ਸੀ। ਐਮਰਜੈਂਸੀ ਦੇ ਸਮੇਂ ਵੀ ਆਏ ਅਤੇ ਉਸ ਤੋਂ ਬਾਅਦ ਵੀ ਸੱਤਾ ਦੇ ਗਲਿਆਰਿਆਂ 'ਚ ਚੰਡੀਗੜ੍ਹ ਅਤੇ ਦਿੱਲੀ 'ਚ 'ਦਾਸ ਜੀ' ਦਾ ਨਾਂ ਸੀ। ਅਕਾਲੀ ਦਲ ਨੂੰ ਵੀ ਸੰਕਟ ਦੀ ਔਖੀ ਘੜੀ ਮੌਕੇ ਸਹਾਰਾ ਦਿਤਾ। ਅਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਲਈ ਤਾਂ 'ਦਾਸ ਜੀ' ਉਨ੍ਹਾਂ ਦੀਆਂ ਅੱਖਾਂ ਅਤੇ ਕੰਨ ਵਜੋਂ ਕੰਮ ਕਰਦੇ ਸਨ। ਫ਼ਿਰੋਜ਼ਪੁਰ ਡਿਵੀਜ਼ਨ 'ਚ ਤਾਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਵੱਡੀ ਭੂਮਿਕਾ ਸੀ। ਉਨ੍ਹਾਂ ਦੀ ਰਾਏ ਅਤੇ ਸਲਾਹ ਬਹੁਤ ਲਾਭਕਾਰੀ ਹੁੰਦੀ ਸੀ। ਮਾਲਵਾ ਬੈਲਟ ਦੀ ਰਾਜਨੀਤਕ ਲੀਡਰਸ਼ਿਪ ਤਾਂ ਉਨ੍ਹਾਂ ਰਾਹੀਂ ਅਪਣਾ ਭਵਿੱਖ ਵੇਖਦੀ ਸੀ।
ਆਖ਼ਰੀ ਸਮੇਂ ਤਕ ਉਨ੍ਹਾਂ ਨੇ ਹਰ ਇਕ ਨਾਲ ਮਿਲਣਾ-ਜੁਲਣਾ ਅਤੇ ਗੱਲਬਾਤ ਕਰਨ ਦਾ ਸਿਲਸਿਲਾ ਨਹੀਂ ਛੱਡਿਆ ਭਾਵੇਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਉਨ੍ਹਾਂ ਜ਼ਿਆਦਾ ਅਪਣੇ ਪਿੰਡ ਬਾਦਲ ਰਹਿਣ ਨੂੰ ਹੀ ਤਰਜੀਹ ਦਿਤੀ। ਮਨਪ੍ਰੀਤ ਦਾ ਕਹਿਣਾ ਹੈ ਕਿ ਗੁਰਦਾਸ ਸਿੰਘ ਬਾਦਲ ਇਕ ਸਿਆਸਤਦਾਨ ਹੀ ਨਹੀਂ ਸਨ ਬਲਕਿ ਇਕ ਅਖ਼ਬਾਰ ਦੇ ਕਾਲਮਨਵੀਸ ਵੀ ਸਨ।