
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ 4 ਫ਼ਰਵਰੀ 1986 ਵਿਚ ਵਾਪਰੇ ਨਕੋਦਰ ਗੋਲੀ ਕਾਂਡ ਵਿਚ ਸ਼ਹੀਦ ਹੋਏ........
ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ 4 ਫ਼ਰਵਰੀ 1986 ਵਿਚ ਵਾਪਰੇ ਨਕੋਦਰ ਗੋਲੀ ਕਾਂਡ ਵਿਚ ਸ਼ਹੀਦ ਹੋਏ ਚਾਰ ਨੌਜਵਾਨਾਂ ਦੀ ਜਾਂਚ ਸਬੰਧੀ ਜਾਰੀ ਹੋਈ ਜਸਟਿਸ ਗੁਰਨਾਮ ਸਿੰਘ ਦੀ ਰੀਪੋਰਟ 'ਤੇ ਤੁਰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਵੇਂ 32 ਸਾਲਾਂ ਬਾਅਦ ਜਸਟਿਸ ਗੁਰਨਾਮ ਸਿੰਘ ਦੀ ਰੀਪੋਰਟ ਜਨਤਕ ਹੋਈ ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਇਸ ਮਾਮਲੇ ਵਿਚ ਜ਼ਿੰਮੇਵਾਰ ਤੇ ਕਸੂਰਵਾਰਾਂ ਅਧਿਕਾਰੀਆਂ ਵਿਰੁਧ ਤੁਰਤ ਸਖ਼ਤ ਕਾਰਵਾਈ ਕਰੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਉਨ੍ਹਾਂ ਦੇ ਬਤੌਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਾਰਜਕਾਲ ਦੌਰਾਨ 4 ਫ਼ਰਵਰੀ ਨੂੰ 2017 ਨੂੰ ਇਨ੍ਹਾਂ ਨੌਜਵਾਨਾਂ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ ਜਿਸ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਮਾਰਚ 2017 ਵਿਚ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅਮ੍ਰਿੰਤਸਰ ਸਾਹਿਬ ਵਿਚ 'ਨਕੋਦਰ ਗੋਲੀ ਕਾਂਡ' ਵਿਚ ਸ਼ਹੀਦ ਹੋਏ ਇਨ੍ਹਾਂ ਚਾਰੋਂ ਨੌਜਵਾਨਾਂ ਰਵਿੰਦਰ ਸਿੰਘ, ਝਲਮਣ ਸਿੰਘ, ਬਲਬੀਰ ਸਿੰਘ, ਅਤੇ ਹਰਮਿੰਦਰ ਸਿੰਘ ਦੀਆਂ ਤਸਵੀਰਾਂ ਵੀ ਲਗਾਈਆਂ ਸਨ, ਤਾਂ ਜੋ ਇਹ ਯਾਦਗਾਰ ਕਾਇਮ ਰਹੇ ਜਿਸ ਵਿਚ ਵੀ ਸਾਰੇ ਰਿਸ਼ਤੇਦਾਰ ਸ਼ਾਮਲ ਹੋਏ ਸਨ।