ਨਿਤਨੇਮ ਕਿਵੇਂ ਕਰੀਏ?
Published : Feb 19, 2020, 10:12 am IST
Updated : Feb 20, 2020, 2:53 pm IST
SHARE ARTICLE
File Photo
File Photo

ਸਿੱਖ ਸਮਾਜ ਵਿਚ ਬਹੁਤ ਲੰਮੇ ਸਮੇਂ ਤੋਂ 'ਨਿੱਤਨੇਮ' ਕਰਨ ਦੀ ਪ੍ਰੰਪਰਾ ਚਲਦੀ ਆ ਰਹੀ ਹੈ। ਜਦੋਂ ਖੰਡੇ ਕੀ ਪਾਹੁਲ ਛਕਾਈ ਜਾਂਦੀ ਹੈ, ਉਸ ਸਮੇਂ ਪੰਜ ਪਿਆਰਿਆਂ ਵਲੋਂ .....

ਸਿੱਖ ਸਮਾਜ ਵਿਚ ਬਹੁਤ ਲੰਮੇ ਸਮੇਂ ਤੋਂ 'ਨਿੱਤਨੇਮ' ਕਰਨ ਦੀ ਪ੍ਰੰਪਰਾ ਚਲਦੀ ਆ ਰਹੀ ਹੈ। ਜਦੋਂ ਖੰਡੇ ਕੀ ਪਾਹੁਲ ਛਕਾਈ ਜਾਂਦੀ ਹੈ, ਉਸ ਸਮੇਂ ਪੰਜ ਪਿਆਰਿਆਂ ਵਲੋਂ 'ਹੁਕਮ' ਦਿਤਾ ਜਾਂਦਾ ਹੈ ਕਿ ਅੱਜ ਤੋਂ ਬਾਦ ਤੁਸੀ ਸਾਰਿਆਂ ਨੇ ਜਪੁ, ਜਾਪ ਤੇ ਸਵਈਏ ਸਵੇਰੇ ਇਸ਼ਨਾਨ ਕਰ ਕੇ ਪੜ੍ਹਨੇ ਹਨ। ਸ਼ਾਮ ਨੂੰ ਸੂਰਜ ਡੁੱਬੇ ਸੋਦਰੁ (ਰਹਿਰਾਸ) ਪੜ੍ਹਨੀ।

ਸੌਣ ਲਗਿਆਂ ਸੋਹਿਲੇ ਦਾ ਪਾਠ ਕਰਨਾ। ਸਵੇਰੇ ਤੇ ਸੋਦਰੁ ਦੇ ਪਾਠ ਮਗਰੋਂ ਅਰਦਾਸ ਵੀ ਜ਼ਰੂਰ ਕਰਨੀ। ਉਂਜ ਡੇਰੇਦਾਰ ਸਾਧਾਂ ਨੇ ਸਵੇਰ ਵੇਲੇ ਪੰਜ ਬਾਣੀਆਂ ਤੇ ਸ਼ਾਮ ਨੂੰ ਦੋ ਬਾਣੀਆਂ ਪੜ੍ਹਨ ਦੀ ਪ੍ਰੰਪਰਾ ਚਾਲੂ ਕੀਤੀ ਹੋਈ ਹੈ। ਕਈਆਂ ਨੇ ਸਿਮਰਨ ਵੀ ਨਾਲ ਨੱਥੀ ਕੀਤਾ ਹੋਇਆ ਹੈ। ਇਹ ਵੀ ਉਪਦੇਸ਼ ਕੀਤਾ ਜਾਂਦਾ ਹੈ ਕਿ ਇਕ ਵਾਰੀ ਦਿਨ ਵਿਚ ਗੁਰਦਵਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ। ਪੰਜ ਕਕਾਰਾਂ ਦੀ ਸੰਭਾਲ ਕਰਨੀ। ਬੇ-ਅੰਮ੍ਰਿਤੀਏ ਦਾ ਜੂਠਾ ਨਹੀਂ ਖਾਣਾ।

ਨੜੀ (ਹੁੱਕਾ+ਤਮਾਕੂ) ਮਾਰ ਤੇ ਕੁੜੀ ਮਾਰਨ ਵਾਲੇ ਨਾਲ ਨਹੀਂ ਵਰਤਣਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਛਪੀ ਹੋਈ ਰਹਿਤ ਮਰਿਆਦਾ ਵਿਚ ਸੰਖੇਪ ਜਹੇ ਹੋਰ ਉਪਦੇਸ਼ ਕੀਤੇ ਗਏ ਹਨ। ਉਂਜ ਰਹਿਤ ਮਰਿਆਦਾਵਾਂ ਵੀ ਸਾਰੇ ਡੇਰੇਦਾਰਾਂ ਦੀਆਂ, ਟਕਸਾਲਾਂ ਦੀਆਂ, ਆਪੋ ਅਪਣੀ ਮਰਜ਼ੀ ਦੀਆਂ ਬਣਾਈਆਂ ਹੋਈਆਂ ਹਨ।
ਅੱਗੇ ਧਿਆਨ ਦਿਉ। ਗੁਰਬਾਣੀ ਦੀ ਪ੍ਰਸ਼ੰਸਾ ਵਿਚ ਬੇਅੰਤ ਸੋਭਾ ਵਾਲੇ ਸ਼ਬਦ ਬੋਲੇ ਜਾਂਦੇ ਹਨ।

''ਇਹ ਰੱਬੀ ਬਾਣੀ ਹੈ, ਧੁਰ ਕੀ ਬਾਣੀ ਹੈ, ਜਨਮਾਂ ਜਨਮਾਂ ਦੇ ਵਿਕਾਰ ਕੱਟ ਦਿੰਦੀ ਹੈ, ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦੀ ਹੈ।'' ਪਰ ਦੂਜਾ ਪੱਖ ਵੇਖੋ! ਇਸ ਰੱਬੀ ਬਾਣੀ ਦੇ ਬਰਾਬਰ ਜਾਪ, ਸਵਈਏ ਤੇ ਚੌਪਈ ਬਿਰਾਜਮਾਨ ਕੀਤੀ ਹੋਈ ਹੈ ਜਦੋਂ ਕਿ ਇਹ ਤਿੰਨੇ ਰਚਨਾਵਾਂ ਦਸਵੇਂ ਪਾਤਿਸ਼ਾਹ ਦੀ ਲਿਖਤ ਨਹੀਂ ਹਨ ਕਿਉਂਕਿ ਇਹ ਬਚਿੱਤਰ ਨਾਟਕ ਵਿਚੋਂ ਲੈ ਕੇ ਨਿਤਨੇਮ ਵਿਚ ਸ਼ਾਮਲ ਕਰ ਦਿਤੀਆਂ ਹਨ।

ਬਚਿੱਤਰ ਨਾਟਕ ਬ੍ਰਾਹਮਣੀ ਪੁਰਾਣਕ ਪੁਸਤਕਾਂ ਦਾ ਅਨੁਵਾਦ ਮਾਤਰ ਹੀ ਹੈ। ਸਾਰੇ ਬਚਿੱਤਰ ਨਾਟਕ ਵਿਚ 'ਨਾਨਕ' ਕਵੀ ਛਾਪ ਕਿਤੇ ਵੀ ਨਹੀਂ ਹੈ। ਅਗਰ ਦਸਵੇਂ ਗੁਰਾਂ ਨੇ ਕੋਈ ਬਾਣੀ ਲਿਖੀ ਹੁੰਦੀ ਤਾਂ ਦਸਵੇਂ ਨਾਨਕ ਜੀ ਨੇ, ਕਵੀ ਛਾਪ ਨਾਨਕ ਜ਼ਰੂਰ ਵਰਤਣਾ ਸੀ। ਚੰਡੀ ਜਾਂ ਚੰਡਕਾ ਦੇਵੀ ਅੱਗੇ ਸਿੱਖ ਤਾਂ ਅਰਦਾਸ ਕਰਨ ਦੇ ਆਦੀ ਹੋਏ ਹੀ ਹਨ,

ਸਗੋਂ ਅਪਣੀ ਬੇਅਕਲੀ ਕਾਰਨ ਦਸ ਗੁਰੂਆਂ ਨੂੰ ਵੀ ਦੇਵੀ ਭਗਵਤੀ (ਭਗੌਤੀ+ਦੇਵੀ ਭਗਵਤੀ) ਅੱਗੇ ਹੱਥ ਜੋੜ ਕੇ ਖੜੇ ਕਰ ਦਿਤਾ ਹੈ। ਆਦਿ ਤੋਂ ਅੰਤ ਤਕ ਗੁਰਬਾਣੀ ਇਕ ਨਿਰੰਕਾਰ ਨੂੰ ਮੰਨਣ ਲਈ ਹੁਕਮ ਦੇ ਰਹੀ ਹੈ। ਜਦੋਂ ਇਕ ਅਕਾਲ ਪੁਰਖ ਵਾਲਾ ਅਸੂਲ ਵਿਸਰ ਗਿਆ, ਫਿਰ ਅਣਗਿਣਤ ਥਾਵਾਂ ਤੇ ਸਿੱਖ ਮੱਥੇ ਟੇਕਣ ਚੱਲ ਪਿਆ।

ਹੁਣ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਨਿੱਤਨੇਮ ਦੇ ਅਰਥ ਕੀ ਹਨ? ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਫਿਰ ਸਿੱਖ ਲਈ ਨਿੱਤਨੇਮ ਕੀ ਹੈ? 'ਨਿਤ' ਦਾ ਅਰਥ ਹੈ ਹਰ ਰੋਜ਼, ਲਗਾਤਾਰ ਕਾਰਜ ਕਰਨਾ। ਬਿਨਾਂ ਨਾਗਾ ਪਾਏ ਬਿਨਾਂ ਰੁਕਾਵਟ ਤੋਂ ਅਪਣੇ ਜ਼ਰੂਰੀ ਕਾਰਜ ਕਰਦੇ ਜਾਣਾ। 'ਨਿਤ' ਸ਼ਬਦ ਗੁਰਬਾਣੀ ਵਿਚ ਬਹੁਤ ਵਾਰੀ ਵਰਤਿਆ ਮਿਲ ਜਾਂਦਾ ਹੈ। ਮਿਸਾਲ ਲਈ ਵੇਖੋ:

ਨਿੱਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ£ (518)
ਨਿੱਤ ਦਿਨ ਦਿਨਸੁ ਰਾਤਿ, ਲਾਲਚੁ ਕਰੇ ਭਰਮੈ ਭਰਮਾਇਆ£
ਵੇਗਾਰਿ ਫਿਰੈ ਵੇਗਾਰੀਆ, ਸਿਰਿ ਪਾਰੁ ਉਠਾਇਆ£

ਨਿੱਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ£ਰਹਾਉ£ (166)
ਹਰਿ ਗੁਨ ਗਾਵਤ ਪਰ ਉਪਕਾਰ ਨਿਤ
ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ£  (824)

ਗੁਰਬਾਣੀ ਵਿਚ ਹਰ ਰੋਜ਼ ਇਕ ਕੰਮ ਕਰਨ ਦਾ ਹੁਕਮ ਨਹੀਂ ਹੈ। ਸਗੋਂ ਜੀਵਨ ਦੇ ਹਰ ਪਹਿਲੂ ਤੇ ਭਰਪੂਰ ਅਗਵਾਈ ਬਖ਼ਸ਼ੀ ਗਈ ਹੈ। ਜੇਕਰ ਇਕੋ ਕੰਮ ਵਾਰ-ਵਾਰ ਕਰਦੇ ਰਹਾਂਗੇ ਤਾਂ ਜ਼ਿੰਦਗੀ ਦੇ ਕਈ ਮੁਹਾਜ਼ਾਂ ਤੇ ਹਾਰ ਜਾਵਾਂਗੇ। ਸਫ਼ਲਤਾ ਹਾਸਲ ਕਰਨ ਲਈ ਨਿਤ ਦਿਨ ਨਵੇਂ ਕੰਮ ਸਿਖਣੇ ਪੈਣਗੇ, ਕਰਨੇ ਪੈਣਗੇ। ਸਿੱਖ ਸੇਵਕ 'ਨਿਤਨੇਮ' ਤੇ ਖੜੋ ਗਏ, ਅਟਕ ਗਏ।

ਅੱਗੇ ਲਉ 'ਨੇਮ' ਸ਼ਬਦ ਨੂੰ। ਇਸ ਦਾ ਅਰਥ ਹੈ ਕਸਮ ਚੁੱਕਣੀ, ਸਹੁੰ ਖਾ ਕੇ ਯਕੀਨ ਦੁਆਉਣਾ ਕਿ ਮੈਂ ਬਚਨ ਨਹੀਂ ਤੋੜਾਂਗਾ। ਗੁਰਦੁਆਰੇ ਜਾ ਕੇ ਬੁਰਾਈ ਤਿਆਗਣ ਦਾ ਨੇਮ ਚੁਕਣਾ। ਪੰਚਾਇਤ ਵਿਚ ਇਲਜ਼ਾਮ ਮੁਕਤ ਹੋਣ ਲਈ ਨੇਮ ਚੁਕਣਾ। ਧੀ ਪੁੱਤਰ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਣੀ, ਨੇਮ ਕਰਨਾ। ਨੇਮ ਦਾ ਅਰਥ ਹੋਇਆ ਪੂਰਨ ਵਾਅਦਾ, ਵਿਸ਼ਵਾਸ ਦੁਆਉਣਾ। ਨੇਮ ਲਈ ਗੁਰਬਾਣੀ ਵਿਚ ਇਹੋ ਅਰਥ ਆਏ ਹਨ :

ਨਉਮੀ ਨੇਮ ਸਚੁ ਜੇ ਕਰੈ£
ਕਾਮੁ ਕ੍ਰੋਧੁ ਤ੍ਰਿਸ਼ਨਾ ਉਚਰੈ£ (1245)

ਨਿੱਤ+ਨੇਮ ਦਾ ਅਰਥ ਹੈ ਕਿ ਸਿੱਖ ਸੇਵਕ ਨੇ ਅਪਣੇ ਗੁਰੂ ਅੱਗੇ ਹਰ ਰੋਜ਼ ਕਸਮ ਖਾ ਕੇ ਯਕੀਨ ਦਿਵਾਉਣਾ ਹੈ ਕਿ ਮੈਂ ਵਿਕਾਰ ਰਹਿਤ ਜੀਵਨ ਬਤੀਤ ਕਰਾਂਗਾ। ਜਿਨ੍ਹਾਂ ਬੁਰਾਈਆਂ ਵਲੋਂ ਗੁਰੂ ਜੀ ਨੇ ਰੋਕਿਆ ਹੈ, ਉਨ੍ਹਾਂ ਤੋਂ ਸਦਾ ਬੱਚ ਕੇ ਰਹਾਂਗਾ। ਜੋ ਚੰਗੇ ਕਾਰਜ ਕਰਨ ਲਈ ਗੁਰਬਾਣੀ ਹੁਕਮ ਦੇਵੇ, ਉਹ ਜ਼ਰੂਰ ਕਰਾਂਗਾ। ਜ਼ਿੰਦਗੀ ਨੂੰ ਸੁਧਾਰਨ ਵਾਸਤੇ ਹਰ ਰੋਜ਼ ਖ਼ੁਦ ਦੀ ਪਰਖ ਪੜਚੋਲ ਕਰਦੇ ਰਹਿਣਾ ਜ਼ਰੂਰੀ ਹੈ।

ਹੁਣ ਇਕ-ਇਕ ਕਰ ਕੇ ਉਨ੍ਹਾਂ ਗੁਰੂ ਹੁਕਮਾਂ ਨੂੰ ਅੱਖਾਂ ਅੱਗੇ ਰਖੀਏ ਜਿਨ੍ਹਾਂ, ਬਾਰੇ ਗੁਰਬਾਣੀ ਸਪੱਸ਼ਟ ਹੁਕਮ ਦੇ ਰਹੀ ਹੈ :-
ਗਿਆਨੁ ਧਿਆਨੁ ਸਭੁ ਗੁਰ ਤੇ ਹੋਈ£
ਸਾਚੀ ਰਹਤ ਸਾਚਾ ਮਨਿ ਸੋਈ£
ਮਨਮੁਖ ਕਥਨੀ ਹੈ, ਪਰੁ ਰਹਤ ਨ ਹੋਈ£
ਨਾਵਹੁ ਭੂਲੇ ਥਾਉ ਨ ਕੋਈ£ (831)

ਹੇ ਭਾਈ! ਜੀਵਨ ਸਫ਼ਰ ਵਿਚ ਕਾਮਯਾਬ ਹੋਣ ਲਈ ਗੁਰੂ ਦੇ ਗਿਆਨ (ਗੁਰਬਾਣੀ) ਨੂੰ ਹਿਰਦੇ ਵਿਚ ਧਾਰਨ ਕਰੀਏ। ਅਸਲੀ ਰਹਤ ਹੈ ਗੁਰੂ ਦੇ ਹੁਕਮ ਅਨੁਸਾਰ ਸਾਰੇ ਕਾਰਜ ਕਰਨੇ। ਅਪਣੀ ਘਟੀਆ ਅਕਲ ਮੁਤਾਬਕ ਚੱਲਣ ਵਾਲੇ ਗੱਲਾਂ ਬਹੁਤ ਕਰਦੇ ਹਨ ਪਰ ਚੰਗੇ ਕੰਮ ਨਹੀਂ ਕਰਦੇ। ਉਹ ਲੋਕ ਗਰੂ ਦੀ ਬਾਣੀ (ਨਾਮ) ਨੂੰ ਅਪਣੇ ਜੀਵਨ ਵਿਚ ਲਾਗੂ ਨਹੀਂ ਕਰਦੇ।

ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆਂ ਸੁਖ ਭੁੰਚੁ£
ਧਿਆਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ£ (522)

ਹੇ ਭਾਈ! ਜੀਵਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਮਿਹਨਤੀ ਬਣ ਜਾਵੀਂ। ਆਲਸ ਨੂੰ ਨੇੜੇ ਨਾ ਆਉਣ ਦੇਵੀਂ। ਇੰਜ ਵੱਧ ਕਮਾਈ ਕਰ ਲਵੇਂਗਾ ਤਾਂ ਪ੍ਰਵਾਰ ਦੀਆਂ ਸੱਭ ਲੋੜਾਂ ਪੂਰੀਆਂ ਹੋਣਗੀਆਂ। ਸਾਰੇ ਜੀਅ ਸੁੱਖ ਮਾਣਨਗੇ। ਨਿਰੰਕਾਰ ਨੂੰ ਸਦਾ ਯਾਦ ਰੱਖੀਂ। ਇੰਜ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਵੇਂਗਾ।
ਜਾਤੀ ਦੈ ਕਿਆ ਹਥਿ ਸਚੁ ਪਰਖੀਐ£
ਮਹੁਰਾ ਹੋਵੈ ਹਥਿ ਮਰੀਐ ਚਖੀਐ£
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ£
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ£ (142)

ਹੇ ਭਾਈ! ਕਿਸੇ ਮਨੁੱਖ ਦੀ ਜਾਤ ਛੋਟੀ ਵੱਡੀ ਨਾ ਵੇਖੋ। ਇਹ ਵੇਖੋ ਕਿ ਬੰਦਾ ਕੰਮ ਕਿਹੋ ਜਹੇ ਕਰਦਾ ਹੈ, ਚੰਗੇ ਜਾਂ ਮਾੜੇ? ਜਾਤ ਵਾਲਾ ਹੰਕਾਰ ਤਾਂ ਜ਼ਹਿਰ ਵਾਂਗ ਹੈ। ਇਸ ਜਾਤੀਵਾਦ ਨੇ ਸਮਾਜ ਨੂੰ ਬਰਬਾਦ ਕਰ ਦਿਤਾ ਹੈ। ਸਦਾ ਤੋਂ ਹੀ ਸੱਚੇ ਰੱਬ ਦੇ ਹੁਕਮ ਵਿਚ ਜੀਵ ਜਨਮ ਲੈ ਰਹੇ ਹਨ। ਸਾਰਿਆਂ ਨੂੰ ਪੈਦਾ ਕਰਨ ਵਾਲਾ ਕਰਤਾਰ ਹੈ। ਜੋ ਇਨਸਾਨ ਕਰਤਾ ਪੁਰਖ ਦੇ ਸੱਚੇ ਨਿਯਮ ਨੂੰ ਮੰਨ ਲੈਣਗੇ, ਅਸਲੀ ਸਰਦਾਰ ਉਹੀ ਬਣਨਗੇ। ਰੱਬ ਦੀਆਂ ਨਜ਼ਰਾਂ ਵਿਚ ਪ੍ਰਵਾਨ ਮੰਨੇ ਜਾਣਗੇ।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ£

ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ£ (473)
ਹੇ ਭਾਈ! ਔਰਤ ਤੋਂ ਬਿਨਾਂ ਜੀਵਨ ਅਧੂਰਾ ਹੈ। ਜੇ ਪਤਨੀ ਮਰ ਜਾਵੇ ਤਾਂ ਦੂਜੀ ਵਾਰੀ ਵਿਆਹ ਕਰਵਾ ਲੈਂਦੇ ਹਨ। ਮਨੁੱਖੀ ਜੀਵਨ ਨੂੰ ਬਝਵੇਂ ਨਿਯਮ ਵਿਚ ਚਲਾਉਣ ਵਾਸਤੇ ਔਰਤ ਦਾ ਵੱਡਾ ਯੋਗਦਾਨ ਹੈ। ਇਸ ਲਈ ਔਰਤ ਨੂੰ ਘਟੀਆ ਨਹੀਂ ਆਖਣਾ ਚਾਹੀਦਾ। ਹਰ ਮਨੁੱਖ ਨੇ ਔਰਤ ਦੇ ਗਰਭ ਤੋਂ ਹੀ ਜਨਮ ਲਿਆ ਹੈ। ਪੀਰ ਫ਼ਕੀਰ ਤੇ ਰਾਜੇ, ਸਭ ਮਾਂ ਦੇ ਪੇਟ ਤੋਂ ਹੀ ਜਨਮਦੇ ਹਨ। ਮਰਦ ਵਾਂਗ ਔਰਤ ਭੀ ਬਰਾਬਰ ਦੀਆਂ ਇਨਸਾਨ ਹੈ। ਉਹ ਮਨੁੱਖ ਮੂਰਖ ਹਨ ਜੋ ਔਰਤ ਨੂੰ ਘਟੀਆ ਕਹਿੰਦੇ ਹਨ।

ਜਤਨ ਕਰੈ ਬਿੰਦੁ ਕਿਵੇਂ ਨ ਰਹਾਈ£ ਮਨੂਆ ਡੋਲੈ ਨਰਕੇ ਪਾਈ£
ਜਮਪੁਰਿ ਬਾਧੋ ਲਹੈ ਸਜਾਈ£ ਬਿਨੁ ਨਾਵੈ ਜੀਉ ਜਲਿ ਬਲਿ ਜਾਈ£ (906)

ਹੇ ਭਾਈ! ਜੋ ਪਾਖੰਡੀ ਸਾਧ ਸੰਤ ਆਦਿ ਜਤੀ ਹੋਣ ਦਾ ਢੌਂਗ ਕਰਦੇ ਹਨ, ਵਿਆਹ ਨਹੀਂ ਕਰਾਉਂਦੇ, ਉਹ ਸਾਰੀ ਤਾਕਤ ਲਗਾ ਕੇ ਵੀ ਵੀਰਜ ਦੇ ਵੇਗ ਨੂੰ ਖ਼ਤਮ ਨਹੀਂ ਕਰ ਸਕਦੇ। ਜੇਕਰ ਵਿਆਹ ਨਹੀਂ ਕਰਵਾਉਂਦੇ ਤਾਂ ਦਿਮਾਗ਼ ਵਿਚ ਔਰਤਾਂ ਨੂੰ ਮਿਲਣ ਦੇ ਫੁਰਨੇ ਚਲਦੇ ਰਹਿੰਦੇ ਹਨ। ਅਜਿਹੇ ਲੋਕ ਮਾਨੋਂ ਜਮਾਂ ਦੇ ਵਸ ਪਏ ਹੋਏ ਹਨ। ਨਰਕ ਵਰਗੀ ਜ਼ਿੰਦਗੀ ਬਤੀਤ ਕਰਦੇ ਹਨ। ਪ੍ਰਵਾਰਕ ਜ਼ਿੰਦਗੀ ਜੀਉ। ਗੁਰੂ ਦੇ ਹੁਕਮ (ਗੁਰਬਾਣੀ) ਅਨੁਸਾਰ ਸੁਖੀ ਜੀਵਨ ਬਤੀਤ ਕਰੋ।

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ£
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ£
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ ਪੜਿਆ ਮੁਕਤਿ ਨ ਹੋਈ£
ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ£ (747)

ਹੇ ਭਾਈ! ਅਗਿਆਨਤਾ ਵਸ ਜੋ ਕੰਮ ਤੁਸੀ ਧਰਮ ਸਮਝ ਕੇ ਕਰ ਰਹੇ ਹੋ, ਇਹ ਧਰਮ ਨਹੀਂ ਹਨ। ਇਹ ਸੱਭ ਪਾਖੰਡ ਹੈ, ਨਾ-ਸਮਝੀ ਹੈ। ਇਹ ਪੁਜਾਰੀ ਲੋਕ ਤੁਹਾਨੂੰ ਜਮਦੂਤ ਬਣ ਕੇ ਲੁੱਟ ਰਹੇ ਹਨ। ਬੰਧਨਾਂ ਤੋਂ ਮੁਕਤ ਕਰਨ ਵਾਲਾ ਅਕਾਲ ਪੁਰਖ ਦਾ ਨਾਮ ਹੈ। ਗੁਰਬਾਣੀ ਰਾਹੀਂ ਰੱਬ ਦੇ ਗੁਣਾਂ ਨੂੰ ਹਿਰਦੇ ਵਿਚ ਵਸਾਉਗੇ ਤਾਂ ਬੰਧਨਾਂ ਤੋਂ ਮੁਕਤ ਹੋ ਜਾਉਗੇ। ਦੁਨੀਆਂ ਦੇ ਧਾਰਮਕ ਗ੍ਰੰਥਾਂ ਵਿਚ ਬੜੇ ਪਾਖੰਡ ਲਿਖੇ ਮਿਲਦੇ ਹਨ ਉਨ੍ਹਾਂ ਤੋਂ ਬੱਚ ਜਾਉ। ਵੇਦ, ਕੁਰਾਨ ਤੌਰ ਉਤੇ ਜੰਬੂਰ ਅੰਜੀਲ, ਸਿਮ੍ਰਿਤੀਆਂ ਤੇ ਸ਼ਾਸਤਰ ਇਹ ਸੱਭ ਤਿਆਗਣਯੋਗ ਹਨ। ਇਕ ਨਿਰੰਕਾਰ ਨੂੰ ਯਾਦ ਰਖਣਾ। ਜੀਵਨ ਨੂੰ ਵਿਕਾਰਾਂ ਤੋਂ ਮੁਕਤ ਕਰ ਲੈਣਾ।

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ£
ਹੋਨਾ ਹੈ ਸੋ ਹੋਈ ਹੈ, ਮਨਹਿ ਨ ਕੀਜੈ ਆਸ£ (337)

ਹੇ ਭਾਈ! ਸੁਰਗ ਪ੍ਰਾਪਤ ਕਰਨ ਦੀ ਲਾਲਸਾ ਮਨ ਵਿਚੋਂ ਤਿਆਗ ਦੇ। ਨਰਕਾਂ ਦੇ ਤਸੀਹਿਆਂ ਦਾ ਡਰ ਦਿਮਾਗ਼ ਵਿਚੋਂ ਕੱਢ ਦੇ। ਪ੍ਰਮਾਤਮਾ ਦੀ ਰਜ਼ਾ ਵਿਚ ਜੋ ਹੋ ਰਿਹਾ ਹੈ, ਸੋ ਪ੍ਰਵਾਨ ਕਰ। ਨਿਰੰਕਾਰ ਜੋ ਕਰੇਗਾ, ਚੰਗਾ ਹੀ ਕਰੇਗਾ। ਡਰ ਤੇ ਲਾਲਸਾ ਤਿਆਗ ਦੇ।

ਮਾਣਸੁ ਭਰਿਆ ਆਣਿਆ, ਮਾਣਸੁ ਭਰਿਆ ਆਇ£
ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ£
ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ£
ਜਿਤੁ ਪੀਤੈ ਖਸਮੁ ਵਿਸਰੈ, ਦਰਗਹ ਮਿਲੈ ਸਜਾਇ£
ਝੂਠਾ ਮਦੁ ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ£ (554)

ਹੇ ਭਾਈ! ਮਨੁੱਖ ਅੰਦਰ ਅਣਗਿਣਤ ਵਿਕਾਰ ਹਨ। ਉਨ੍ਹਾਂ ਵਿਕਾਰਾਂ ਨੂੰ ਖ਼ਤਮ ਕਰਨ ਦੀ ਥਾਂ ਸ਼ਰਾਬ ਦੇ ਨਸ਼ੇ ਨਾਲ ਹੋਰ ਬੁਰਾਈਆਂ ਸਹੇੜ ਲੈਂਦਾ ਹੈ। ਇਸ ਸ਼ਰਾਬ ਨਾਲ ਮਨੁੱਖ ਦੀ ਮੱਤ ਮਾਰੀ ਜਾਂਦੀ ਹੈ। ਦਿਮਾਗ਼ ਵਿਚ ਪਾਗਲਪਨ ਭਾਰੂ ਹੋ ਜਾਂਦਾ ਹੈ। ਨਸ਼ੇ ਵਿਚ ਗ਼ਰਕ ਹੋਏ ਮਨੁੱਖ ਨੂੰ ਅਪਣੇ ਪਰਾਏ ਦੀ ਪਛਾਣ ਵੀ ਨਹੀਂ ਰਹਿੰਦੀ। ਅਜਿਹੇ ਨਸ਼ੇੜੀ ਬੰਦੇ ਨੂੰ ਰੱਬ ਪਸੰਦ ਨਹੀਂ ਕਰਦਾ। ਉਸ ਨੂੰ ਹਰ ਥਾਂ ਬੇਇਜ਼ਤੀ ਮਿਲਦੀ ਹੈ। ਇਹ ਭੈੜੀ ਸ਼ਰਾਬ ਪੀਣ ਨਾਲ ਪਰਮੇਸ਼ਰ ਭੁੱਲ ਜਾਂਦਾ ਹੈ। ਭਲੇ ਪੁਰਖਾਂ ਦੀ ਸੰਗਤ ਵਿਚ ਨਸ਼ੇੜੀ ਬੰਦੇ ਨੂੰ ਲਾਹਨਤਾਂ ਪੈਂਦੀਆਂ ਹਨ। ਇਸ ਲਈ ਮਨੁੱਖ ਨੂੰ ਕਦੀ ਵੀ ਸ਼ਰਾਬ ਆਦਿ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਭਾਵੇਂ ਕਿੰਨੀ ਵੀ ਮਜਬੂਰੀ ਹੋਵੇ, ਨਸ਼ੇ ਦੀ ਵਰਤੋਂ ਨਹੀਂ ਕਰਨੀ।

ਜੀਵਤ ਪਿਤਰ ਨ ਮਾਨੇ ਕੋਊ ਮੂਏ ਸਿਰਧ ਕਰਾਹੀ£
ਪਿਤਰ ਭੀ ਬਪੁਰੇ ਕਹੁ ਕਿਉ ਪਾਵਿਹ ਕਉਆ ਕੂਕਰ ਖਾਹੀ£
ਮੋਕਉ ਕੁਸਲੁ ਬਤਾਵਾਹੁ ਕੋਈ£
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ, ਕੁਸਲੁ ਭੀ ਕੈਸੇ ਹੋਈ£ਰਹਾਉ£
ਮਾਟੀ ਕੇ ਕਰਿ ਦੇਵੀ ਦੇਵਾ, ਤਿਸੁ ਆਗੈ ਜੀਉ ਦੇਹੀ£

ਐਸੇ ਪਿਤਰ ਤੁਮਾਰੇ ਕਹੀਅਹਿ, ਆਪਨ ਕਹਿਆ ਨ ਲੇਹੀ£
ਸਰ ਜੀਉ ਕਾਟਹਿ, ਨਿਰਜੀਉ ਪੂਜਹਿ, ਅੰਤ ਕਾਲ ਕਉ ਭਾਰੀ£
ਰਾਮ ਨਾਮ ਕੀ ਗਤਿ ਨਹੀਂ ਜਾਨੀ, ਭੈ ਡੂਬੇ ਸੰਸਾਰੀ£
ਦੇਵੀ ਦੇਵਾ ਮੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ£
ਕਹਤ ਕਬੀਰ ਅਕੁਲੁ ਨਹੀਂ ਚੇਤਿਆ, ਬਿਖਿਆ ਸਿਉ ਲਪਟਾਨਾ£ (332)

ਹੇ ਭਾਈ! ਮੈਨੂੰ ਅਜਿਹੇ ਇਨਸਾਨ ਵਿਖਾਉ ਜੋ ਇਨ੍ਹਾਂ ਫੋਕਟ ਕਰਮ ਕਾਂਡਾਂ ਨਾਲ ਸੁਖੀ ਹੋ ਗਏ ਹੋਣ? ਮੂੰਹ ਜ਼ੁਬਾਨੀ ਸਾਰੇ ਆਖੀ ਜਾਂਦੇ ਹਨ ਕਿ ਸ਼ਰਾਧ ਆਦਿ ਕਰਾਉਣ ਨਾਲ ਸੁੱਖ ਮਿਲੇਗਾ ਪਰ ਅਜਿਹਾ ਸੁੱਖ ਕਿਤੇ ਨਹੀਂ ਮਿਲਦਾ। ਸਾਰਾ ਸੰਸਾਰ ਮਰ ਰਿਹਾ ਹੈ, ਦੁਖਾਂ ਵਿਚ ਗ੍ਰਸਤ ਹੈ। ਫਿਰ ਸੁਖ ਹੈ ਕਿਥੇ? (ਰਹਾਉ)
ਅਪਣੇ ਮਾਤਾ-ਪਿਤਾ ਦੀ ਜਿਊਂਦੇ ਜੀ ਸੇਵਾ ਕਰਨੀ ਚਾਹੀਦੀ ਸੀ। ਪਰ ਅਜਿਹਾ ਨਹੀਂ ਕੀਤਾ, ਮਰ ਗਏ ਤੋਂ ਉਨ੍ਹਾਂ ਦੇ ਨਮਿਤ ਖਾਣਾ ਖੁਆਉਂਦੇ ਹਨ, ਦਾਨ ਪੁੰਨ ਕਰਦੇ ਹਨ। ਇਉਂ ਕਰਨ ਨਾਲ ਬਜ਼ੁਰਗਾਂ ਤਕ ਕੁੱਝ ਨਹੀਂ ਅਪੜਨਾ। ਤੁਹਾਡਾ ਪਾਇਆ ਖਾਣਾ ਬ੍ਰਾਹਮਣ ਖਾਵੇਗਾ। ਅਗੋਂ ਕਾਂ ਤੇ ਕੁੱਤੇ ਖਾਣਗੇ।

ਲੋਕਾਂ ਦੀ ਅਕਲ ਵੇਖੋ! ਮਿੱਟੀ ਦੇ ਜਾਂ ਪੱਥਰ ਦੇ ਦੇਵੀਆਂ ਦੇਵਤੇ ਬਣਾ ਲੈਂਦੇ ਹਨ। ਇਨ੍ਹਾਂ ਮਿੱਟੀ ਦੇ ਦੇਵਤਿਆਂ ਅੱਗੇ ਕੁੱਕੜ, ਬਕਰੇ ਆਦਿ ਦੀ ਬਲੀ ਦਿੰਦੇ ਹਨ। ਨਿਰਜਿੰਦ ਵਾਸਤੇ ਜਾਨਦਾਰ ਜੀਵ ਨੂੰ ਕਤਲ ਕਰਦੇ ਹਨ। ਇਹ ਕਿਹੋ ਜਹੇ ਪਿੱਤਰ ਹਨ, ਜੋ ਅਪਣੀ ਲੋੜ ਮੁਤਾਬਕ ਖਾਣਾ ਨਹੀਂ ਮੰਗ ਸਕਦੇ? ਜਾਨਦਾਰ ਪਸ਼ੂ ਆਦਿ ਨੂੰ ਕਟਦੇ ਹਨ, ਨਿਰਜਿੰਦ ਮੂਰਤੀ ਦੀ ਪੂਜਾ ਕਰਦੇ ਹਨ। ਇਉਂ ਤਾਂ ਇਨ੍ਹਾਂ ਲੋਕਾਂ ਦੇ ਸਿਰ ਉਤੇ ਪਾਪਾਂ ਦਾ ਭਾਰ ਲਦਿਆ ਜਾ ਰਿਹਾ ਹੈ। ਮੂਰਖ ਲੋਕ ਰੱਬ ਨੂੰ ਯਾਦ ਨਹੀਂ ਕਰਦੇ। ਪੁਜਾਰੀਆਂ ਦੇ ਆਖੇ ਲੱਗ ਕੇ, ਡਰ ਵਿਚ ਸੱਭ ਕੁੱਝ ਕਰਦੇ ਰਹਿੰਦੇ ਹਨ।

ਦੇਵੀਆਂ ਦੇਵਤਿਆਂ ਦੀ ਪੂਜਾ ਵੀ ਕਰਦੇ ਹਨ ਪਰ ਮਨ ਡਰਿਆ ਹੋਇਆ ਹੈ ਕਿਉਂਕਿ ਰੱਬ ਦੇ ਇਨਸਾਫ਼ ਬਾਰੇ ਜਾਣਦੇ ਹੀ ਨਹੀਂ। ਕਬੀਰ ਆਖਦਾ ਹੈ ਕਿ ਕੁਲ ਰਹਿਤ ਨਿਰੰਕਾਰ ਨੂੰ ਹਿਰਦੇ ਵਿਚ ਵਸਾਉ। ਪਰਮੇਸ਼ਰ ਨੂੰ ਤਿਆਗ ਕੇ ਹੋਰ-ਹੋਰ ਦੇਵਤਿਆਂ ਦੀ ਪੂਜਾ ਕਰਨੀ ਮੂਰਖਤਾ ਹੈ। ਅਜਿਹੀ ਪੂਜਾ ਸੇਵਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗੀ।

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ£
ਇਕੁ ਭਾਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ£
ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ£
ਸਾਧ ਭਲੇ ਅਣਨਾਤਿਆ, ਚੋਰ ਸਿ ਚੋਰਾਂ ਚੋਰ£ (789)

ਹੇ ਭਾਈ! ਲੋਕੀਂ ਕਾਫ਼ਲੇ ਬਣਾ ਕੇ ਤੀਰਥਾਂ ਤੇ ਇਸ਼ਨਾਨ ਕਰਨ ਲਈ ਜਾਂਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਤੀਰਥ ਇਸ਼ਨਾਨ ਨਾਲ ਪਵਿੱਤਰ ਹੋ ਜਾਵਾਂਗੇ। ਜੇਕਰ ਮਨ ਅੰਦਰੋਂ ਬੁਰਾਈਆਂ ਖ਼ਤਮ ਨਾ ਹੋਈਆਂ, ਚੋਰੀ ਚਕਾਰੀ ਵਿਕਾਰ ਨਾ ਤਿਆਗੇ, ਫਿਰ ਇਹ ਤੀਰਥ ਇਸ਼ਨਾਨ ਵਿਅਰਥ ਹਨ। ਮਨ ਵਿਚ ਝੂਠਾ ਵਿਸ਼ਵਾਸ ਬਣਾ ਲਿਆ ਪਾਪ ਉਤਰ ਗਏ ਹਨ। ਅੱਗੋਂ ਹੋਰ ਪਾਪ ਕਰਦੇ ਰਹਿਣਾ ਹੈ।

ਜਿਵੇਂ ਕੌੜ ਤੁੰਮੇਂ ਦਾ ਫੱਲ ਲੈ ਕੇ ਬਾਹਰੋਂ ਜਿੰਨਾ ਮਰਜ਼ੀ ਧੋਂਦੇ ਰਹੀਏ ਪਰ ਉਸ ਦੇ ਅੰਦਰ ਦੀ ਕੁੜੱਤਣ ਖ਼ਤਮ ਨਹੀਂ ਹੋਣੀ। ਵਿਕਾਰਾਂ ਤੋਂ ਮੁਕਤ ਭਲੇ ਇਨਸਾਨਾਂ ਨੂੰ ਤੀਰਥਾਂ ਦੇ ਇਸ਼ਨਾਨ ਦੀ ਲੋੜ ਨਹੀਂ ਪੈਂਦੀ। ਚੋਰਾਂ ਨੇ ਤੀਰਥਾਂ ਤੇ ਨਹਾ ਕੇ ਵੀ ਚੋਰ ਹੀ ਰਹਿਣਾ ਹੈ। ਨੇਕ ਇਨਸਾਨ ਬਣਨਾ ਚਾਹੀਦਾ ਹੈ, ਇਹੀ ਸੱਚਾ ਤੀਰਥ ਇਸ਼ਨਾਨ ਹੈ।

(ਬਾਕੀ ਅਗਲੇ ਹਫ਼ਤੇ)
ਸੰਪਰਕ : 981551-51699

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement