
ਗੁਰਦਵਾਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਾਲਾਨਾ ਗੁਰਮਤਿ ਸਮਾਗਮ 22 ਤੋਂ 25 ਮਾਰਚ ਤਕ ਕਰਵਾਇਆ ਜਾ ਰਿਹਾ ਹੈ।
ਐਸ.ਏ.ਐਸ. ਨਗਰ, 13 ਮਾਰਚ (ਸੁਖਦੀਪ ਸਿੰਘ ਸੋਈਂ) : ਗੁਰਦਵਾਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਾਲਾਨਾ ਗੁਰਮਤਿ ਸਮਾਗਮ 22 ਤੋਂ 25 ਮਾਰਚ ਤਕ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਗੁਰਦਵਾਰਾ ਗੁਰਸ਼ਬਦ ਪ੍ਰਕਾਸ਼, ਅਕਾਲ ਆਸ਼ਰਮ ਸੋਹਾਣਾ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਨੇ ਦਸਿਆ ਕਿ 22 ਮਾਰਚ ਨੂੰ ਸ਼ਾਮ 6 ਤੋਂ ਰਾਤ 11 ਵਜੇ ਤਕ ਹੋਣ ਵਾਲੇ ਇਸ ਸਮਾਗਮ 'ਚ ਸਿੰਘ ਮਨੋਹਰ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ 23 ਮਾਰਚ ਨੂੰ ਵੱਖ-ਵੱਖ ਰਾਗੀ ਜਥੇ ਕੀਰਤਨ ਕਰਨਗੇ ਅਤੇ ਕਈ ਢਾਡੀ ਜੱਥੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਤਰ੍ਹਾਂ 24 ਮਾਰਚ ਨੂੰ ਪੰਥ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੀਆਂ। ਉਨ੍ਹਾਂ ਦਸਿਆ ਕਿ 25 ਮਾਰਚ ਨੂੰ ਸਵੇਰੇ 6 ਤੋਂ 8:30 ਵਜੇ ਤਕ ਆਸਾ ਕੀ ਵਾਰ ਦਾ ਕੀਰਤਨ ਭਾਈ ਸ਼ੌਕੀਣ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਰਨਗੇ ਅਤੇ ਪੂਰਾ ਦਿਨ ਗੁਰਬਾਣੀ ਦਾ ਪ੍ਰਵਾਹ ਚਲਦਾ ਰਹੇਗਾ।
ਉਨ੍ਹਾਂ ਦਸਿਆ ਕਿ 23 ਤੇ 24 ਮਾਰਚ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਵਲੋਂ ਸੋਹਾਣਾ ਹਸਪਤਾਲ ਵਿਖੇ ਮੈਗਾ ਫ਼੍ਰੀ ਸਰਜਰੀ ਕੈਂਪ ਵੀ ਲਗਾਇਆ ਜਾਵੇਗਾ ਅਤੇ ਇਸ ਦੌਰਾਨ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ, ਹੱਡੀਆਂ-ਜੋੜਾਂ, ਜਨਰਲ ਸਰਜਰੀ, ਦਿਲ ਦੇ ਰੋਗਾਂ, ਕੰਨ, ਨੱਕ, ਗਲੇ ਦੇ ਅਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। 25 ਮਾਰਚ ਨੂੰ ਸਵੇਰੇ 10 ਵਜੇ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ।